ਅੰਮ੍ਰਿਤਸਰ : ਮਜੀਠੀਆ ਨੂੰ ਨਿਸ਼ਾਨਾ ਬਣਾਉਣ ਵਾਲੇ ਹਾਲ ਹੀ ਵਿੱਚ ਲਗਾਏ ਗਏ ਗੁੰਮਸ਼ੁਦਾ ਪੋਸਟਰਾਂ ਦੇ ਜਵਾਬ ਵਿੱਚ, ਅਣਪਛਾਤੇ ਸਮਰਥਕਾਂ ਨੇ ਹੁਣ ਮਜੀਠਾ ਵਿੱਚ ਵੱਡੇ ਬੋਰਡ ਲਗਾਏ ਹਨ ਜਿਨ੍ਹਾਂ ਉੱਤੇ “ਟਾਈਗਰ ਅਭੀ ਜ਼ਿੰਦਾ ਹੈ” ਦਾ ਸੰਦੇਸ਼ ਲਿਖਿਆ ਹੈ। ਨਵੇਂ ਲਗਾਏ ਗਏ ਇਨ੍ਹਾਂ ਹੋਰਡਿੰਗਾਂ ਵਿੱਚ ਮਜੀਠੀਆ ਦੀ ਇੱਕ ਫੋਟੋ ਦੇ ਨਾਲ ਪੰਜਾਬੀ ਨਾਅਰਾ, “ਇਹਨਾਂ ਰੰਗੇ-ਬਿੱਲਿਆਂ ਨੂੰ ਕਹਿ ਦਿਓ, ਟਾਈਗਰ ਅਭੀ ਜ਼ਿੰਦਾ ਹੈ,” ਲਿਖਿਆ ਗਿਆ ਹੈ, ਜੋ ਸਪੱਸ਼ਟ ਤੌਰ ‘ਤੇ ਉਨ੍ਹਾਂ ਦੇ ਸਿਆਸੀ ਵਿਰੋਧੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਇਨ੍ਹਾਂ ਪੋਸਟਰਾਂ ਪਿੱਛੇ ਕਿਨ੍ਹਾਂ ਦਾ ਹੱਥ ਹੈ, ਇਸ ਬਾਰੇ ਅਜੇ ਵੀ ਪਤਾ ਨਹੀਂ ਲੱਗ ਸਕਿਆ ਹੈ।
ਇਹ ਘਟਨਾਕ੍ਰਮ ਮਜੀਠੀਆ ਅਤੇ ਹੋਰਾਂ ਵਿਰੁੱਧ ਕੇਸ ਦਰਜ ਹੋਣ ਤੋਂ ਬਾਅਦ ਮਜੀਠਾ ਵਿੱਚ ਵੱਡੇ “ਗੁੰਮਸ਼ੁਦਾ ਵਿਅਕਤੀ” ਦੇ ਹੋਰਡਿੰਗ ਲੱਗਣ ਤੋਂ ਬਾਅਦ ਸਾਹਮਣੇ ਆਇਆ ਹੈ। ਉਨ੍ਹਾਂ ਪੋਸਟਰਾਂ ਵਿੱਚ ਜਨਤਾ ਨੂੰ ਅਪੀਲ ਕੀਤੀ ਗਈ ਸੀ ਕਿ ਜੇ ਉਨ੍ਹਾਂ ਕੋਲ ਮਜੀਠੀਆ ਦੇ ਟਿਕਾਣਿਆਂ ਬਾਰੇ ਕੋਈ ਜਾਣਕਾਰੀ ਹੈ ਤਾਂ ਉਹ ਨਜ਼ਦੀਕੀ ਪੁਲੀਸ ਸਟੇਸ਼ਨ ਨੂੰ ਸੂਚਿਤ ਕਰਨ। ਨਾ ਤਾਂ ਮੁਹਿੰਮ ਦੇ ਪ੍ਰਬੰਧਕਾਂ ਅਤੇ ਨਾ ਹੀ ਅਧਿਕਾਰੀਆਂ ਨੇ ਅਧਿਕਾਰਤ ਤੌਰ ‘ਤੇ ਪੋਸਟਰਾਂ ਦੀ ਜ਼ਿੰਮੇਵਾਰੀ ਲਈ ਹੈ। ਇਹ ਵਿਵਾਦ 31 ਮਈ ਦੀ ਇੱਕ ਘਟਨਾ ਤੋਂ ਸ਼ੁਰੂ ਹੋਇਆ, ਜਦੋਂ ਮਜੀਠੀਆ ਨੇ ਕਥਿਤ ਤੌਰ ‘ਤੇ ਮਜੀਠਾ ਪੁਲੀਸ ਸਟੇਸ਼ਨ ਵਿੱਚ ਦਾਖਲ ਹੋ ਕੇ ਜੋਬਨਜੀਤ ਸਿੰਘ ਨੂੰ ਰਿਹਾਅ ਕਰਵਾਉਣ ਦੀ ਕੋਸ਼ਿਸ਼ ਕੀਤੀ, ਜਿਸ ਨੂੰ ਨਗਰ ਨਿਗਮ ਚੋਣਾਂ ਦੀਆਂ ਵੋਟਾਂ ਦੀ ਗਿਣਤੀ ਵਾਲੇ ਦਿਨ ਪੋਲਿੰਗ ਬੂਥ ‘ਤੇ ਕਥਿਤ ਗੜਬੜੀ ਦੇ ਸਬੰਧ ਵਿੱਚ ਹਿਰਾਸਤ ਵਿੱਚ ਲਿਆ ਗਿਆ ਸੀ।
ਪੁਲੀਸ ਨੇ ਬਾਅਦ ਵਿੱਚ ਇਸ ਮਾਮਲੇ ਵਿੱਚ ਮਜੀਠੀਆ ਅਤੇ 60 ਤੋਂ ਵੱਧ ਹੋਰਾਂ ਵਿਰੁੱਧ ਐੱਫਆਈਆਰ ਦਰਜ ਕੀਤੀ ਸੀ।
ਪੰਜਾਬ ਪੁਲੀਸ ਨੇ ਮਜੀਠੀਆ ਨੂੰ ਲੱਭਣ ਲਈ ਕਈ ਟੀਮਾਂ ਦਾ ਗਠਨ ਕੀਤਾ ਹੈ, ਹਾਲਾਂਕਿ, ਕੇਸ ਦਰਜ ਹੋਣ ਦੇ ਚਾਰ ਦਿਨ ਬਾਅਦ ਵੀ ਪੁਲੀਸ ਟੀਮਾਂ ਉਸ ਨੂੰ ਲੱਭਣ ਵਿੱਚ ਨਾਕਾਮ ਰਹੀਆਂ ਹਨ। ਵਿਰੋਧੀ ਧਿਰ ਨੇ ਇਸ ਕਾਰਵਾਈ ਨੂੰ ਸਿਆਸਤ ਤੋਂ ਪ੍ਰੇਰਿਤ ਕਰਾਰ ਦਿੱਤਾ ਹੈ, ਜਦਕਿ ਸੱਤਾਧਾਰੀ ਆਮ ਆਦਮੀ ਪਾਰਟੀ ਨੇ ਅਕਾਲੀ ਆਗੂ ‘ਤੇ ਕਾਨੂੰਨ ਤੋਂ ਭੱਜਣ ਦਾ ਦੋਸ਼ ਲਗਾਇਆ ਹੈ। “ਟਾਈਗਰ ਅਭੀ ਜ਼ਿੰਦਾ ਹੈ” ਪੋਸਟਰਾਂ ਦੇ ਲੱਗਣ ਨਾਲ ਨਾਲ ਇਸ ਵਿਵਾਦ ਨੂੰ ਇੱਕ ਨਵਾਂ ਸਿਆਸੀ ਮੋੜ ਮਿਲਿਆ ਹੈ, ਜਿੱਥੇ ਸਮਰਥਕ ਮਜੀਠੀਆ ਦੀ ਜਨਤਕ ਤੌਰ ‘ਤੇ ਵਾਪਸੀ ਨੂੰ ਲੈ ਕੇ ਭਰੋਸਾ ਪ੍ਰਗਟਾ ਰਹੇ ਹਨ, ਭਾਵੇਂ ਕਿ ਉਨ੍ਹਾਂ ਨੂੰ ਲੱਭਣ ਲਈ ਪੁਲਿਸ ਦੀਆਂ ਕੋਸ਼ਿਸ਼ਾਂ ਜਾਰੀ ਹਨ।
