Putin On Modi: ਮੋਦੀ ’ਤੇ ਦਬਾਅ ਪਾਉਣਾ ਬੇਕਾਰ, ਦੁਨੀਆ ਨੂੰ ਇਸ ਗੱਲ ਦਾ ਅਹਿਸਾਸ ਹੋ ਚੁੱਕਾ ਹੈ: ਪੁਤਿਨ

Putin On Modi: ਮੋਦੀ ’ਤੇ ਦਬਾਅ ਪਾਉਣਾ ਬੇਕਾਰ, ਦੁਨੀਆ ਨੂੰ ਇਸ ਗੱਲ ਦਾ ਅਹਿਸਾਸ ਹੋ ਚੁੱਕਾ ਹੈ: ਪੁਤਿਨ

ਨਵੀਂ ਦਿੱਲੀ : ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠਲੀ ਭਾਰਤ ਦੀ ਸੁਤੰਤਰ ਵਿਦੇਸ਼ ਨੀਤੀ ਦਾ ਜ਼ੋਰਦਾਰ ਸਮਰਥਨ ਕੀਤਾ ਹੈ। ਉਨ੍ਹਾਂ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਹੈ ਕਿ ਮਾਸਕੋ (ਰੂਸ) ਨਾਲ ਸਬੰਧਾਂ ਨੂੰ ਲੈ ਕੇ ਭਾਰਤ ’ਤੇ ਦਬਾਅ ਪਾਉਣ ਦੀਆਂ ਕੋਸ਼ਿਸ਼ਾਂ ‘ਬੇਕਾਰ’ ਹਨ ਅਤੇ ਅਜਿਹਾ ਕਰਨਾ ਆਖਰਕਾਰ ਕੌਮਾਂਤਰੀ ਸਬੰਧਾਂ ਲਈ ਨੁਕਸਾਨਦੇਹ ਸਾਬਤ ਹੁੰਦਾ ਹੈ। ਸੇਂਟ ਪੀਟਰਸਬਰਗ ਦੇ ਕੋਂਸਟੈਂਟਿਨ ਪੈਲੇਸ ਵਿੱਚ ਵਿਸ਼ਵ ਦੀਆਂ ਪ੍ਰਮੁੱਖ ਸਮਾਚਾਰ ਏਜੰਸੀਆਂ ਦੇ ਮੁਖੀਆਂ ਨਾਲ ਗੱਲਬਾਤ ਦੌਰਾਨ ਜਦੋਂ ਪੁਤਿਨ ਨੂੰ ਪੁੱਛਿਆ ਗਿਆ ਕਿ ਕੀ ਅਮਰੀਕਾ ਨਾਲ ਭਾਰਤ ਦੀ ਵਧਦੀ ਨੇੜਤਾ ਕਾਰਨ ਭਾਰਤ-ਰੂਸ ਸਬੰਧਾਂ ਵਿੱਚ ਕੋਈ ਤਣਾਅ ਆ ਰਿਹਾ ਹੈ, ਤਾਂ ਉਨ੍ਹਾਂ ਅਜਿਹੀਆਂ ਅਟਕਲਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ। ਉਨ੍ਹਾਂ ਭਾਰਤ ਨੂੰ ਇੱਕ ਭਰੋਸੇਮੰਦ ਭਾਈਵਾਲ ਦੱਸਦਿਆਂ ਦੋਵਾਂ ਦੇਸ਼ਾਂ ਦੀ ਰਣਨੀਤਕ ਸਾਂਝੇਦਾਰੀ ’ਤੇ ਪੂਰਾ ਭਰੋਸਾ ਪ੍ਰਗਟਾਇਆ। ਪੁਤਿਨ ਨੇ ਕਿਹਾ, “ਇਹ ਵੱਖਰੀ ਗੱਲ ਹੈ ਕਿ ਅਮਰੀਕਾ ਕੁਝ ਖਾਸ ਮੁੱਦਿਆਂ, ਖਾਸ ਕਰਕੇ ਰੂਸ ਨਾਲ ਸਹਿਯੋਗ ਦੇ ਮਾਮਲੇ ’ਤੇ ਭਾਰਤ ’ਤੇ ਦਬਾਅ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਪਰ ਮੇਰਾ ਮੰਨਣਾ ਹੈ ਕਿ ਹਰ ਕੋਈ ਹੁਣ ਤੱਕ ਇਹ ਚੰਗੀ ਤਰ੍ਹਾਂ ਸਮਝ ਚੁੱਕਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਜੋ ਕਿ 1.5 ਅਰਬ (150 ਕਰੋੜ) ਦੀ ਆਬਾਦੀ ਵਾਲੇ ਦੇਸ਼ ਦੀ ਅਗਵਾਈ ਕਰ ਰਹੇ ਹਨ, ’ਤੇ ਦਬਾਅ ਪਾਉਣਾ ਬਿਲਕੁਲ ਬੇਕਾਰ ਹੈ।” ਉਨ੍ਹਾਂ ਅੱਗੇ ਕਿਹਾ ਕਿ ਇਹ ਦਬਾਅ ਭਾਵੇਂ ਕਿਸੇ ਵੀ ਪਾਸੇ ਤੋਂ ਆਵੇ, ਇਹ ਨਾ ਸਿਰਫ਼ ਕੌਮਾਂਤਰੀ ਸਬੰਧਾਂ ਬਲਕਿ ਦੁਵੱਲੇ ਸਬੰਧਾਂ ਨੂੰ ਵੀ ਨੁਕਸਾਨ ਪਹੁੰਚਾਉਂਦਾ ਹੈ।

ਰੂਸੀ ਰਾਸ਼ਟਰਪਤੀ ਦਾ ਇਹ ਬਿਆਨ ਸਤੰਬਰ ਵਿੱਚ ਭਾਰਤ ਵਿੱਚ ਹੋਣ ਵਾਲੇ ਬ੍ਰਿਕਸ ਸੰਮੇਲਨ ਲਈ ਉਨ੍ਹਾਂ ਦੀ ਪ੍ਰਸਤਾਵਿਤ ਭਾਰਤ ਯਾਤਰਾ ਤੋਂ ਪਹਿਲਾਂ ਆਇਆ ਹੈ। ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਪੱਛਮੀ ਦੇਸ਼ ਰੂਸ ਨਾਲ ਭਾਰਤ ਦੇ ਆਰਥਿਕ ਅਤੇ ਊਰਜਾ ਸਬੰਧਾਂ ’ਤੇ ਲਗਾਤਾਰ ਤਿੱਖੀ ਨਜ਼ਰ ਰੱਖ ਰਹੇ ਹਨ। ਭਾਰਤ-ਰੂਸ ਸਬੰਧਾਂ ਨੂੰ “ਵਿਸ਼ੇਸ਼ ਅਤੇ ਵਿਸ਼ੇਸ਼ ਅਧਿਕਾਰ ਪ੍ਰਾਪਤ ਰਣਨੀਤਕ ਸਾਂਝੇਦਾਰੀ” ਦੱਸਦਿਆਂ ਪੁਤਿਨ ਨੇ ਕਿਹਾ ਕਿ ਇਹ ਰਿਸ਼ਤਾ ਦਹਾਕਿਆਂ ਦੌਰਾਨ ਬਣਿਆ ਹੈ ਅਤੇ ਬਦਲਦੀਆਂ ਭੂ-ਸਿਆਸੀ ਸਥਿਤੀਆਂ ਦੇ ਬਾਵਜੂਦ ਹਮੇਸ਼ਾ ਮਜ਼ਬੂਤ ਰਿਹਾ ਹੈ। ਉਨ੍ਹਾਂ ਮੌਜੂਦਾ ਵਿਸ਼ਵ ਸਥਿਤੀ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਇਸ ਦਾ ਦੋਵਾਂ ਦੇਸ਼ਾਂ ਦੇ ਸਬੰਧਾਂ ’ਤੇ ਕੋਈ ਨਕਾਰਾਤਮਕ ਪ੍ਰਭਾਵ ਨਹੀਂ ਪਿਆ ਹੈ।

ਰੂਸੀ ਆਗੂ ਨੇ ਭਾਰਤ ਦੀ ਆਰਥਿਕ ਤਰੱਕੀ ਦਾ ਸਿਹਰਾ ਪ੍ਰਧਾਨ ਮੰਤਰੀ ਮੋਦੀ ਦੀਆਂ ਨੀਤੀਆਂ ਸਿਰ ਬੰਨ੍ਹਦਿਆਂ ਕਿਹਾ ਕਿ ਭਾਰਤ ਇਸ ਵੇਲੇ ਵਿਸ਼ਵ ਦੀਆਂ ਪ੍ਰਮੁੱਖ ਅਰਥਵਿਵਸਥਾਵਾਂ ਵਿੱਚੋਂ ਸਭ ਤੋਂ ਵੱਧ ਵਿਕਾਸ ਦਰ ਦਰਜ ਕਰ ਰਿਹਾ ਹੈ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਆਉਣ ਵਾਲੇ ਸਾਲਾਂ ਵਿੱਚ ਦੋਵਾਂ ਦੇਸ਼ਾਂ ਦਰਮਿਆਨ ਦੁਵੱਲਾ ਵਪਾਰ ਮੌਜੂਦਾ 60 ਅਰਬ ਡਾਲਰ ਤੋਂ ਵਧ ਕੇ 100 ਅਰਬ ਡਾਲਰ ਤੱਕ ਪਹੁੰਚ ਜਾਵੇਗਾ।

ਉਨ੍ਹਾਂ ਦੱਸਿਆ ਕਿ ਦੋਵਾਂ ਦੇਸ਼ਾਂ ਦਾ ਸਹਿਯੋਗ ਸਿਰਫ਼ ਊਰਜਾ ਖੇਤਰ ਤੱਕ ਸੀਮਤ ਨਹੀਂ ਹੈ, ਬਲਕਿ ਪ੍ਰਮਾਣੂ ਊਰਜਾ, ਹਾਈਡਰੋਕਾਰਬਨ, ਫਾਰਮਾਸਿਊਟੀਕਲ (ਦਵਾਈਆਂ) ਅਤੇ ਨਿਵੇਸ਼ ਤੱਕ ਫੈਲਿਆ ਹੋਇਆ ਹੈ। ਰੂਸ ਦੀ ਮਦਦ ਨਾਲ ਚੱਲ ਰਹੇ ਕੁਡਨਕੁਲਮ ਪਰਮਾਣੂ ਊਰਜਾ ਪਲਾਂਟ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਸਿਵਲ ਪਰਮਾਣੂ ਖੇਤਰ ਵਿੱਚ ਸਹਿਯੋਗ ਹੋਰ ਡੂੰਘਾ ਹੋਵੇਗਾ ਅਤੇ ਭਵਿੱਖ ਵਿੱਚ ਹੋਰ ਪ੍ਰੋਜੈਕਟਾਂ ਦੀਆਂ ਸੰਭਾਵਨਾਵਾਂ ਹਨ। ਪੁਤਿਨ ਨੇ ਇਹ ਵੀ ਕਿਹਾ ਕਿ ਭਾਰਤ ਇੱਕ ਵੱਡੀ ਵਿਸ਼ਵ ਸ਼ਕਤੀ ਅਤੇ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਹੋਣ ਨਾਤੇ, ਆਪਣੇ ਰਾਸ਼ਟਰੀ ਹਿੱਤਾਂ ਅਨੁਸਾਰ ਤਮਾਮ ਦੇਸ਼ਾਂ ਨਾਲ ਸਬੰਧ ਵਧਾ ਰਿਹਾ ਹੈ, ਜਿਸ ਨੂੰ ਮੁਕਾਬਲੇਬਾਜ਼ੀ ਦੇ ਨਜ਼ਰੀਏ ਤੋਂ ਨਹੀਂ ਦੇਖਿਆ ਜਾਣਾ ਚਾਹੀਦਾ। ਨਵੀਂ ਦਿੱਲੀ ਵਿੱਚ ਪੁਤਿਨ ਦੇ ਇਸ ਬਿਆਨ ਨੂੰ ਵਧਦੇ ਭੂ-ਸਿਆਸੀ ਤਣਾਅ ਦਰਮਿਆਨ ਭਾਰਤ ਦੀ ਰਣਨੀਤਕ ਖੁਦਮੁਖਤਿਆਰੀ ਦੀ ਇੱਕ ਵੱਡੀ ਹਮਾਇਤ ਵਜੋਂ ਦੇਖਿਆ ਜਾ ਰਿਹਾ ਹੈ।

Share: