New World screwworm case: ਨਿਊ ਵਰਲਡ ਸਕਰੂਵਰਮ ਦੇ ਖ਼ਤਰੇ ’ਤੇ ਕੈਨੇਡਾ ਦਾ ਸਖ਼ਤ ਰੁਖ਼

New World screwworm case: ਨਿਊ ਵਰਲਡ ਸਕਰੂਵਰਮ ਦੇ ਖ਼ਤਰੇ ’ਤੇ ਕੈਨੇਡਾ ਦਾ ਸਖ਼ਤ ਰੁਖ਼

ਵਿਨੀਪੈੱਗ : ਸੰਯੁਕਤ ਰਾਜ ਅਮਰੀਕਾ ਵੱਲੋਂ ਦਹਾਕਿਆਂ ਬਾਅਦ ਪਸ਼ੂਆਂ ਵਿੱਚ ਨਵੀਂ ਵਰਲਡ ਸਕਰੂਵਰਮ ਦਾ ਪਹਿਲਾ ਕੇਸ ਪੁਸ਼ਟੀ ਕਰਨ ਤੋਂ ਬਾਅਦ, ਕੈਨੇਡੀਅਨ ਫੂਡ ਇੰਸਪੈਕਸ਼ਨ ਏਜੰਸੀ (ਸੀਐਫਆਈਏ) ਨੇ ਨਿਊ ਵਰਲਡ ਸਕਰੂਵਰਮ ਨਾਂ ਦੇ ਖ਼ਤਰਨਾਕ ਪਰਜੀਵੀ ਦੇ ਉੱਤਰੀ ਅਮਰੀਕਾ ਵਿੱਚ ਵਧ ਰਹੇ ਖ਼ਤਰੇ ਨੂੰ ਦੇਖਦਿਆਂ ਦੇਸ਼ ਦੇ ਪਸ਼ੂ-ਧਨ ਦੀ ਸੁਰੱਖਿਆ ਲਈ ਨਵੇਂ ਰੋਗ-ਨਿਯੰਤਰਨ ਉਪਾਅ ਲਾਗੂ ਕਰਨ ਦਾ ਐਲਾਨ ਕੀਤਾ ਹੈ। CFIA ਨੇ ਦੱਸਿਆ ਕਿ ਕੈਨੇਡਾ ਵਿੱਚ ਮਨੁੱਖਾਂ ਜਾਂ ਪਸ਼ੂਆਂ ਵਿੱਚ ਸਕਰੂਵਰਮ ਦੇ ਕਿਸੇ ਵੀ ਤਾਜ਼ਾ ਕੇਸ ਦੀ ਜਾਣਕਾਰੀ ਨਹੀਂ ਮਿਲੀ।

ਟੋਰਾਂਟੋ ਜਨਰਲ ਹਸਪਤਾਲ ਦੇ ਇਨਫੈਕਸ਼ਨ ਡਿਜ਼ੀਜ਼ ਵਿਸ਼ੇਸ਼ਕ  ਡਾ. ਆਇਜ਼ੈਕ ਬੋਗੋਚ ਦੇ ਅਨੁਸਾਰ ਕੈਨੇਡਾ ਵਿੱਚ ਕਦੇ–ਕਦੇ ਯਾਤਰੀਆਂ ਜਾਂ ਪਸ਼ੂਆਂ ਦੇ ਵਪਾਰ ਰਾਹੀਂ ਕੇਸ ਸਾਹਮਣੇ ਆ ਸਕਦੇ ਹਨ। ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਅਜਿਹੇ ਕੇਸਾਂ ਦੀ “ਤੁਰੰਤ ਪਛਾਣ ਅਤੇ ਖ਼ਾਤਮਾ” ਲਾਜ਼ਮੀ ਹੈ ਤਾਂ ਜੋ ਇਹ ਰੋਗ ਫੈਲ ਨਾ ਸਕਣ। ਟੈਕਸਾਸ ਜਾਣ ਵਾਲੇ ਕੈਨੇਡੀਅਨ ਯਾਤਰੀਆਂ ਨੂੰ ਆਪਣੇ ਪਾਲਤੂ ਜਾਨਵਰਾਂ ਦੀ ਨਿਯਮਿਤ ਜਾਂਚ ਕਰਨ ਦੀ ਸਲਾਹ ਦਿੱਤੀ ਗਈ ਹੈ।
ਸੀਐੱਫਆਈਏ ਅਨੁਸਾਰ ਨਿਊ ਵਰਲਡ ਸਕਰੂਵਰਮ ਇੱਕ ਪਰਜੀਵੀ ਮੱਖੀ ਦਾ ਲਾਰਵਾ ਹੁੰਦਾ ਹੈ ਜੋ ਪਸ਼ੂਆਂ ਜਾਂ ਹੋਰ ਜੀਵਾਂ ਦੇ ਜ਼ਖ਼ਮਾਂ ਵਿੱਚ ਦਾਖ਼ਲ ਹੋ ਕੇ ਜੀਵਤ ਟਿਸ਼ੂ ਨੂੰ ਨੁਕਸਾਨ ਪਹੁੰਚਾਉਂਦਾ ਹੈ। ਇਸ ਕਾਰਨ ਪ੍ਰਭਾਵਿਤ ਜਾਨਵਰਾਂ ਨੂੰ ਗੰਭੀਰ ਸਰੀਰਕ ਨੁਕਸਾਨ ਹੋ ਸਕਦਾ ਹੈ ਅਤੇ ਇਲਾਜ ਨਾ ਹੋਣ ਦੀ ਸੂਰਤ ਵਿੱਚ ਮੌਤ ਵੀ ਹੋ ਸਕਦੀ ਹੈ। ਇਹ ਕੀੜਾ ਪਸ਼ੂਆਂ, ਪਾਲਤੂ ਜਾਨਵਰਾਂ, ਜੰਗਲੀ ਜੀਵਾਂ ਅਤੇ ਕਦੇ‑ਕਦੇ ਮਨੁੱਖਾਂ ਅਤੇ ਪੰਛੀਆਂ ਨੂੰ ਪ੍ਰਭਾਵਿਤ ਕਰ ਸਕਦਾ ਹੈ।
ਏਜੰਸੀ ਨੇ ਕਿਹਾ ਕਿ ਹਾਲੀਆ ਮਹੀਨਿਆਂ ਦੌਰਾਨ ਮੈਕਸੀਕੋ ਵਿੱਚ ਇਸ ਪਰਜੀਵੀ ਦੇ ਮਾਮਲੇ ਸਾਹਮਣੇ ਆਏ ਹਨ, ਜਿਸ ਕਾਰਨ ਕੈਨੇਡਾ ਨੇ ਸਾਵਧਾਨੀ ਵਜੋਂ ਵਾਧੂ ਕਦਮ ਚੁੱਕੇ ਹਨ। ਨਵੇਂ ਉਪਾਇਆ ਤਹਿਤ ਕੁਝ ਪ੍ਰਭਾਵਿਤ ਖੇਤਰਾਂ ਤੋਂ ਜਿੰਦੇ ਪਸ਼ੂਆਂ ਦੀ ਦਰਾਮਦ ਉੱਤੇ ਪਾਬੰਦੀਆਂ ਲਗਾਈਆਂ ਗਈਆਂ ਹਨ ਅਤੇ ਸਰਹੱਦੀ ਨਿਗਰਾਨੀ ਨੂੰ ਹੋਰ ਸਖ਼ਤ ਕੀਤਾ ਗਿਆ ਹੈ। ਉਹ ਜਾਨਵਰ ਜੋ ਸਰਹੱਦ ਪਾਰ ਕਰਨ ਤੋਂ ਪਹਿਲਾਂ 21 ਦਿਨਾਂ ਦੇ ਅੰਦਰ ਟੈਕਸਾਸ ਰਾਜ ਤੋਂ ਆਏ ਹਨ ਜਾਂ ਉਸ ਥਾਂ ਤੇ  ਮੌਜੂਦ ਸਨ, ਉਨ੍ਹਾਂ ਨੂੰ ਕੈਨੇਡਾ ਵਿੱਚ ਸਵੀਕਾਰ ਨਹੀਂ ਕੀਤਾ ਜਾਵੇਗਾ। ਸੀਐਫਆਈਏ ਨੇ ਕਿਹਾ ਕਿ ਉਹ ਸੂਬਾਈ ਸਰਕਾਰਾਂ, ਪਸ਼ੂ ਉਦਯੋਗ ਨਾਲ ਸਬੰਧਿਤ ਸੰਸਥਾਵਾਂ ਅਤੇ ਅੰਤਰਰਾਸ਼ਟਰੀ ਭਾਈ ਵਾਲਾਂ ਨਾਲ ਮਿਲ ਕੇ ਸਥਿਤੀ ‘ਤੇ ਲਗਾਤਾਰ ਨਜ਼ਰ ਰੱਖ ਰਹੀ ਹੈ। ਅਮਰੀਕੀ ਖੇਤੀਬਾੜੀ ਸਕੱਤਰ ਬਰੂਕ ਰੋਲਿਨਜ਼ ਨੇ ਕਿਹਾ ਕਿ ਮੱਖੀ ਹੋਰ ਕਿਤੇ ਨਹੀਂ ਮਿਲੀ ਅਤੇ ਮਨੁੱਖੀ ਸਿਹਤ ਲਈ ਖ਼ਤਰਾ ਬਹੁਤ ਘੱਟ ਹੈ। ਅਧਿਕਾਰੀਆਂ ਨੇ ਇਹ ਵੀ ਦੱਸਿਆ ਕਿ ਲਾਰਵਾ ਖਾਣ-ਪੀਣ ਦੀਆਂ ਚੀਜ਼ਾਂ ਨੂੰ ਪ੍ਰਭਾਵਿਤ ਨਹੀਂ ਕਰਦੇ, ਪਰ ਪਸ਼ੂਆਂ ਨੂੰ ਨੁਕਸਾਨ ਪਹੁੰਚਾ ਸਕਦੇ ਹਨ।
ਕਈ ਯੂ ਐੱਸ ਰਾਜਾਂ ਨੇ ਵੀ ਇਸ ਦੇ ਫੈਲਣ ਦੇ ਜੋਖ਼ਮ ਨੂੰ ਘਟਾਉਣ ਲਈ ਸਾਵਧਾਨੀ ਵਰਤੀਆਂ ਹਨ। ਸੀਐਫਆਈਏ ਵਿਕਾਸ ਦਾ ਮੁਲਾਂਕਣ ਕਰਨ ਅਤੇ ਲੋੜ ਅਨੁਸਾਰ ਉਪਾਵਾਂ ਨੂੰ ਵਿਵਸਥਿਤ ਕਰਨ ਲਈ ਅਮਰੀਕੀ ਹਮਰੁਤਬਾ ਨਾਲ ਨੇੜਿਓਂ ਕੰਮ ਕਰਨਾ ਜਾਰੀ ਰੱਖੇਗਾ।

ਸੀ ਐਫ ਆਈ ਏ ਨੇ ਪਸ਼ੂ ਪਾਲਕਾਂ, ਪਸ਼ੂ-ਚਿਕਿਤਸਕ ਅਤੇ ਖੇਤੀਬਾੜੀ ਨਾਲ ਜੁੜੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਪਸ਼ੂਆਂ ਦੇ ਜ਼ਖ਼ਮਾਂ ਦੀ ਨਿਯਮਤ ਜਾਂਚ ਕਰਨ ਅਤੇ ਕਿਸੇ ਵੀ ਸ਼ੱਕੀ ਲੱਛਣ ਦੀ ਤੁਰੰਤ ਸੂਚਨਾ ਅਧਿਕਾਰੀਆਂ ਨੂੰ ਦੇਣ। ਏਜੰਸੀ ਦਾ ਕਹਿਣਾ ਹੈ ਕਿ ਰੋਗ ਦੀ ਸ਼ੁਰੂਆਤੀ ਪਛਾਣ ਅਤੇ ਤੁਰੰਤ ਕਾਰਵਾਈ ਇਸ ਦੇ ਫੈਲਾਅ ਨੂੰ ਰੋਕਣ ਲਈ ਸਭ ਤੋਂ ਪ੍ਰਭਾਵਸ਼ਾਲੀ ਤਰੀਕਾ ਹੈ।

ਅਧਿਕਾਰੀਆਂ ਨੇ ਸਪੱਸ਼ਟ ਕੀਤਾ ਹੈ ਕਿ ਇਸ ਵੇਲੇ ਕੈਨੇਡਾ ਵਿੱਚ ਨਿਊ ਵਰਲਡ ਸਕਰੂਵਰਮ ਦਾ ਕੋਈ ਪੁਸ਼ਟੀਸ਼ੁਦਾ ਮਾਮਲਾ ਸਾਹਮਣੇ ਨਹੀਂ ਆਇਆ, ਪਰ ਦੇਸ਼ ਦੇ ਪਸ਼ੂ-ਧਨ ਉਦਯੋਗ ਨੂੰ ਸੰਭਾਵਿਤ ਖ਼ਤਰੇ ਤੋਂ ਬਚਾਉਣ ਲਈ ਪਹਿਲਾਂ ਹੀ ਸਖ਼ਤ ਰੋਕਥਾਮ ਉਪਾਅ ਅਪਣਾਏ ਜਾ ਰਹੇ ਹਨ। CFIA ਨੇ ਕਿਹਾ ਕਿ ਜੇ ਪਸ਼ੂ–ਮਾਲਕਾਂ ਨੂੰ ਸ਼ੱਕ ਹੋਵੇ, ਤਾਂ ਉਹ ਤੁਰੰਤ ਵੈਟਰਨਰੀ ਡਾਕਟਰ ਨਾਲ ਸੰਪਰਕ ਕਰਨ, ਜੋ ਲੈਬ ਟੈੱਸਟ ਰਾਹੀਂ ਇਸ ਦੀ ਪੁਸ਼ਟੀ ਕਰ ਸਕਦੇ ਹਨ। ਲੈਬਾਰਟਰੀਆਂ ਲਈ ਵੀ ਕਿਸੇ ਵੀ ਸੰਭਾਵੀ ਕੇਸ ਦੀ ਤੁਰੰਤ ਸੂਚਨਾ ਦੇਣਾ ਲਾਜ਼ਮੀ ਹੈ।

Share: