India-us trade deal: ਪ੍ਰਧਾਨ ਮੰਤਰੀ ਮੋਦੀ ਚੰਗੇ ਦੋਸਤ ਹਨ, ਭਾਰਤ ਅਤੇ ਅਮਰੀਕਾ ਵਪਾਰਕ ਸਮਝੌਤੇ ’ਤੇ ਪਹੁੰਚਣਗੇ: ਟਰੰਪ

India-us trade deal: ਪ੍ਰਧਾਨ ਮੰਤਰੀ ਮੋਦੀ ਚੰਗੇ ਦੋਸਤ ਹਨ, ਭਾਰਤ ਅਤੇ ਅਮਰੀਕਾ ਵਪਾਰਕ ਸਮਝੌਤੇ ’ਤੇ ਪਹੁੰਚਣਗੇ: ਟਰੰਪ

ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਕ ਚੰਗੇ ਦੋਸਤ ਹਨ ਅਤੇ ਉਨ੍ਹਾਂ ਨੇ ਭਰੋਸਾ ਪ੍ਰਗਟਾਇਆ ਕਿ ਸੰਯੁਕਤ ਰਾਜ ਅਮਰੀਕਾ ਅਤੇ ਭਾਰਤ ਇੱਕ ਵਪਾਰਕ ਸਮਝੌਤੇ ‘ਤੇ ਪਹੁੰਚ ਜਾਣਗੇ। ਵੀਰਵਾਰ ਨੂੰ ਓਵਲ ਆਫਿਸ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰੰਪ ਨੇ ਕਿਹਾ ਕਿ ਅਸੀਂ ਇੱਕ ਸੌਦੇ ‘ਤੇ ਪਹੁੰਚ ਜਾਵਾਂਗੇ ਕਿਉਂਕਿ ਮੈਂ ਤੁਹਾਡੇ ਪ੍ਰਧਾਨ ਮੰਤਰੀ ਨੂੰ ਬਹੁਤ ਪਸੰਦ ਕਰਦਾ ਹਾਂ, ਉਹ ਮੇਰੇ ਚੰਗੇ ਦੋਸਤ ਹਨ, ਸਾਡੀ ਬਹੁਤ ਵਧੀਆ ਬਣਦੀ ਹੈ ਅਤੇ ਅਸੀਂ ਇੱਕ ਸੌਦਾ ਕਰਨ ਜਾ ਰਹੇ ਹਾਂ। ਦੋਵਾਂ ਦੇਸ਼ਾਂ ਵਿਚਕਾਰ ਚੱਲ ਰਹੀ ਵਪਾਰਕ ਸੌਦੇ ਦੀ ਗੱਲਬਾਤ ਬਾਰੇ ਇੱਕ ਸਵਾਲ ਦੇ ਜਵਾਬ ਵਿੱਚ ਟਰੰਪ ਨੇ ਕਿਹਾ ਕਿ ਭਾਰਤ ਨੇ ਕਈ ਸਾਲਾਂ ਤੋਂ ਅਮਰੀਕੀ ਨੀਤੀਆਂ ਦਾ ਫਾਇਦਾ ਉਠਾਇਆ ਹੈ ਅਤੇ ਭਾਰੀ ਟੈਰਿਫ ਲਗਾਏ ਹਨ। ਟਰੰਪ ਨੇ ਕਿਹਾ ਕਿ ਉਹ ਸਾਡੀਆਂ ਕੰਪਨੀਆਂ ‘ਤੇ ਬਹੁਤ ਜ਼ਿਆਦਾ ਟੈਰਿਫ ਲਗਾਉਂਦੇ ਸਨ ਅਤੇ ਅਸੀਂ ਉਨ੍ਹਾਂ ‘ਤੇ ਕੁਝ ਵੀ ਨਹੀਂ ਲਗਾਉਂਦੇ ਸੀ। ਇਸ ਹਫਤੇ ਦੇ ਸ਼ੁਰੂ ਵਿੱਚ ਇੱਕ ਅਮਰੀਕੀ ਵਫ਼ਦ ਭਾਰਤ ਵਿੱਚ ਸੀ ਅਤੇ ਵੀਰਵਾਰ ਨੂੰ ਇੱਕ ਅੰਤਰਿਮ ਦੁਵੱਲੇ ਸਮਝੌਤੇ ‘ਤੇ ਚਾਰ ਦਿਨਾਂ ਦੀ ਗੱਲਬਾਤ ਸਮਾਪਤ ਕੀਤੀ। ਭਾਰਤ ਦੇ ਵਣਜ ਮੰਤਰਾਲੇ ਨੇ ਕਿਹਾ ਕਿ ਵਪਾਰਕ ਗੱਲਬਾਤ ਸਹਿਯੋਗ ਅਤੇ ਵਿਹਾਰਕਤਾ ਦੀ ਭਾਵਨਾ ਨਾਲ ਕੀਤੀ ਗਈ, ਜਿਸ ਵਿੱਚ ਦੋਵਾਂ ਧਿਰਾਂ ਨੇ ਆਪਸੀ ਲਾਭਕਾਰੀ ਸਮਝੌਤੇ ਨੂੰ ਅੰਤਿਮ ਰੂਪ ਦੇਣ ਲਈ ਆਪਣੀ ਵਚਨਬੱਧਤਾ ਨੂੰ ਦੁਹਰਾਇਆ ਜੋ ਦੁਵੱਲੇ ਵਪਾਰ ਅਤੇ ਆਰਥਿਕ ਸਬੰਧਾਂ ਨੂੰ ਮਜ਼ਬੂਤ ਕਰਦਾ ਹੈ। ਟਰੰਪ ਨੇ ਹਾਰਲੇ-ਡੇਵਿਡਸਨ ਮੋਟਰਸਾਈਕਲਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਉੱਚ ਟੈਰਿਫ ਕਾਰਨ ਅਮਰੀਕੀ ਨਿਰਮਾਤਾ ਲਈ ਭਾਰਤ ਵਿੱਚ ਆਪਣੇ ਦੋਪਹੀਆ ਵਾਹਨ ਵੇਚਣਾ ਮੁਸ਼ਕਲ ਹੋ ਗਿਆ ਸੀ।

ਟਰੰਪ ਨੇ ਕਿਹਾ ਕਿ ਪਹਿਲਾਂ ਉਹ ਹਾਰਲੇ-ਡੇਵਿਡਸਨ ਨੂੰ ਆਪਣੇ ਮੋਟਰਸਾਈਕਲ ਨਹੀਂ ਵੇਚਣ ਦਿੰਦੇ ਸਨ, ਉਹ 200 ਫੀਸਦੀ ਟੈਰਿਫ ਲਗਾਉਂਦੇ ਸਨ, ਇਸ ਲਈ ਹਾਰਲੇ-ਡੇਵਿਡਸਨ ਨੂੰ ਬਾਹਰ ਰੱਖਿਆ ਗਿਆ ਸੀ ਅਤੇ ਉਨ੍ਹਾਂ ਨੂੰ ਭਾਰਤ ਜਾ ਕੇ ਆਪਣੇ ਖੁਦ ਦੇ ਪਲਾਂਟ ਲਗਾਉਣੇ ਪਏ, ਜੋ ਕਿ ਬਦਕਿਸਮਤੀ ਹੈ ਪਰ ਇਹ ਮੇਰੇ ਤੋਂ ਪਹਿਲਾਂ ਵਾਪਰਿਆ।

ਉਨ੍ਹਾਂ ਇਸ ਦੀ ਤੁਲਨਾ ਅਮਰੀਕੀ ਟੈਰਿਫ ਨੀਤੀਆਂ ਨਾਲ ਕਰਦਿਆਂ ਕਿਹਾ ਕਿ ਭਾਰਤ ਦੇ ਮੋਟਰਸਾਈਕਲ ਬ੍ਰਾਂਡਾਂ ਨੂੰ ਅਮਰੀਕੀ ਬਾਜ਼ਾਰ ਵਿੱਚ ਅਜਿਹੀਆਂ ਕੋਈ ਰੁਕਾਵਟਾਂ ਦਾ ਸਾਹਮਣਾ ਨਹੀਂ ਕਰਨਾ ਪਿਆ। ਟਰੰਪ ਨੇ ਕਿਹਾ ਕਿ ਉਹ ਇੱਥੇ ਵੀ ਮੋਟਰਬਾਈਕ ਵੇਚਦੇ ਸਨ ਅਤੇ ਅਸੀਂ ਉਨ੍ਹਾਂ ਤੋਂ ਕੀ ਲਿਆ, ਕੁਝ ਵੀ ਨਹੀਂ ਅਤੇ ਹੁਣ ਇਹ ਬਿਲਕੁਲ ਉਲਟ ਹੈ, ਅਸੀਂ ਭਾਰਤ ਨਾਲ ਬਹੁਤ ਪੈਸਾ ਕਮਾ ਰਹੇ ਹਾਂ।

7 ਫਰਵਰੀ ਨੂੰ ਟਰੰਪ ਅਤੇ ਮੋਦੀ ਵਿਚਕਾਰ ਫੋਨ ‘ਤੇ ਗੱਲਬਾਤ ਤੋਂ ਬਾਅਦ ਭਾਰਤ ਅਤੇ ਅਮਰੀਕਾ ਨੇ ਦੁਵੱਲੇ ਵਪਾਰ ਸਮਝੌਤੇ (ਬੀਟੀਏ) ਜਾਂ ਅੰਤਰਿਮ ਵਪਾਰ ਸਮਝੌਤੇ ਦੇ ਪਹਿਲੇ ਪੜਾਅ ਦੇ ਰੂਪਰੇਖਾ ਨੂੰ ਅੰਤਿਮ ਰੂਪ ਦੇਣ ਲਈ ਇੱਕ ਸਾਂਝਾ ਬਿਆਨ ਜਾਰੀ ਕੀਤਾ ਸੀ। ਉਸ ਢਾਂਚੇ ਦੇ ਅਨੁਸਾਰ ਅਮਰੀਕਾ ਭਾਰਤ ‘ਤੇ ਟੈਰਿਫ 50 ਫੀਸਦੀ ਤੋਂ ਘਟਾ ਕੇ 18 ਫੀਸਦੀ ਕਰਨ ਲਈ ਸਹਿਮਤ ਹੋ ਗਿਆ ਸੀ, ਜਿਸ ਨੇ ਰੂਸੀ ਤੇਲ ਖਰੀਦਣ ਲਈ ਭਾਰਤੀ ਵਸਤੂਆਂ ‘ਤੇ 25 ਫੀਸਦੀ ਟੈਰਿਫ ਹਟਾ ਦਿੱਤੇ ਸਨ ਅਤੇ ਬਾਕੀ 25 ਫੀਸਦੀ ਨੂੰ ਸਮਝੌਤੇ ਤਹਿਤ 18 ਫੀਸਦੀ ਤੱਕ ਘਟਾਉਣਾ ਸੀ।

ਹਾਲਾਂਕਿ 20 ਫਰਵਰੀ ਨੂੰ ਅਮਰੀਕੀ ਸੁਪਰੀਮ ਕੋਰਟ ਨੇ ਟਰੰਪ ਦੇ ਵਿਆਪਕ ਪਰਸਪਰ ਟੈਰਿਫ ਦੇ ਖਿਲਾਫ ਫੈਸਲਾ ਸੁਣਾਇਆ, ਜੋ ਕਿ 1977 ਦੇ ਇੰਟਰਨੈਸ਼ਨਲ ਐਮਰਜੈਂਸੀ ਇਕਨਾਮਿਕ ਪਾਵਰਜ਼ ਐਕਟ (ਆਈਈਈਪੀਏ) ਦੇ ਤਹਿਤ ਲਗਾਏ ਗਏ ਸਨ। ਉਸ ਤੋਂ ਬਾਅਦ ਰਾਸ਼ਟਰਪਤੀ ਨੇ 24 ਫਰਵਰੀ ਤੋਂ ਸ਼ੁਰੂ ਹੋ ਕੇ 150 ਦਿਨਾਂ ਲਈ ਸਾਰੇ ਦੇਸ਼ਾਂ ‘ਤੇ 10 ਫੀਸਦੀ ਟੈਰਿਫ ਲਗਾਉਣ ਦਾ ਐਲਾਨ ਕੀਤਾ ਸੀ ਅਤੇ ਹੁਣ ਸੁਪਰੀਮ ਕੋਰਟ ਦੇ ਆਦੇਸ਼ ਅਤੇ ਬਾਅਦ ਦੇ ਘਟਨਾਕ੍ਰਮ ਦੇ ਮੱਦੇਨਜ਼ਰ ਭਾਰਤ ਅਤੇ ਅਮਰੀਕਾ ਵਪਾਰਕ ਸੌਦੇ ‘ਤੇ ਮੁੜ ਗੱਲਬਾਤ ਕਰ ਰਹੇ ਹਨ।

Share: