ਸਿਹਤ ਵਿਭਾਗ ਵੱਲੋਂ ਮਠਿਆਈਆਂ ਦੀਆਂ ਦੁਕਾਨਾਂ ’ਤੇ ਛਾਪੇ

ਅੰਮ੍ਰਿਤਸਰ : ਸਿਹਤ ਵਿਭਾਗ ਵੱਲੋਂ ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥਾਂ ਵਿੱਚ ਹੋ ਰਹੀ ਮਿਲਾਵਟ ਰੋਕਣ ਲਈ ਸ਼ੁਰੂ ਕੀਤੀ ਮੁਹਿੰਮ ਤਹਿਤ ਅੱਜ ਸਹਾਇਕ ਕਮਿਸ਼ਨਰ ਫੂਡ ਰਜਿੰਦਰ ਪਾਲ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ’ਤੇ ਮਿਠਾਈਆਂ ਦੀਆਂ ਦੁਕਾਨਾਂ ’ਤੇ ਛਾਪੇ ਮਾਰੇ ਅਤੇ ਜਾਂਚ ਵਾਸਤੇ ਨਮੂਨੇ ਲਏ। ਟੀਮ ਵਿੱਚ ਫੂਡ ਸੇਫਟੀ ਅਫ਼ਸਰ ਸਤਨਾਮ ਸਿੰਘ ਮੌਜੂਦ ਸਨ। ਉਨ੍ਹਾਂ ਵੱਲੋਂ ਮਹਾ ਬੀਕਾਨੇਰ ਸਵੀਟਸ ਮੂਧਲ ਵੇਰਕਾ, ਅਹੂਜਾ ਸਵੀਟਸ ਬਸੰਤ ਐਵੇਨਿਊ ਅਤੇ ਠਾਕੁਰ ਸਵੀਟਸ ਬਸੰਤ ਐਵੇਨਿਊ ਵਿੱਚ ਅਚਾਨਕ ਚੈਕਿੰਗ ਕੀਤੀ ਗਈ। ਇਸ ਦੌਰਾਨ ਦੁਕਾਨ ਤੋਂ ਦੁੱਧ ਦੀ ਖ਼ਰੀਦ ਸਬੰਧੀ ਪੁੱਛ-ਪੜਤਾਲ ਕੀਤੀ ਗਈ ਅਤੇ ਨਾਲ ਹੀ ਉਨ੍ਹਾਂ ਨੂੰ ਦੁੱਧ ਦੀ ਖ਼ਰੀਦ ਸਬੰਧੀ ਰਿਕਾਰਡ ਰੱਖਣ ਦੀ ਹਦਾਇਤ ਕੀਤੀ ਗਈ। ਫੂਡ ਸੇਫਟੀ ਟੀਮ ਨੇ ਇਨ੍ਹਾਂ ਦੁਕਾਨਾਂ ਤੋਂ ਕੁੱਲ ਪੰਜ ਨਮੂਨੇ ਭਰੇ। ਇਸ ਵਿੱਚ ਦੋ ਖੋਏ ਦੇ, ਦੋ ਖੋਆ ਬਰਫੀ ਅਤੇ ਇੱਕ ਮਿਲਕ ਕੇਕ ਦਾ ਨਮੂਨਾ ਸ਼ਾਮਲ ਹਨ। ਸਾਰੇ ਨਮੂਨੇ ਫੂਡ ਲੈਬ ਖਰੜ ਜਾਂਚ ਲਈ ਭੇਜ ਦਿੱਤੇ ਗਏ ਹਨ। ਜਾਂਚ ਰਿਪੋਰਟ ਆਉਣ ਤੋਂ ਬਾਅਦ ਵਿਭਾਗੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

ਸਿਵਲ ਸਰਜਨ ਡਾ. ਸਤਿੰਦਰਜੀਤ ਸਿੰਘ ਬਜਾਜ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਭਵਿੱਖ ਵਿੱਚ ਵੀ ਇਹ ਛਾਪੇ ਜਾਰੀ ਰਹਿਣਗੇ ਤਾਂ ਜੋ ਖਾਣ-ਪੀਣ ਦੀਆਂ ਵਸਤਾਂ ਵਿੱਚ ਮਿਲਾਵਟਖੋਰੀ ਨੂੰ ਸਖ਼ਤੀ ਨਾਲ ਰੋਕਿਆ ਜਾ ਸਕੇ। ਉਨ੍ਹਾਂ ਸਮੂਹ ਦੁਕਾਨਦਾਰਾਂ ਨੂੰ ਹਦਾਇਤ ਕੀਤੀ ਕਿ ਉਹ ਖਾਣ-ਪੀਣ ਦੀਆਂ ਵਸਤਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਮਿਲਾਵਟ ਕਰਨ ਤੋਂ ਗੁਰੇਜ਼ ਕਰਨ ਨਹੀਂ ਤਾਂ ਉਨ੍ਹਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਕਾਰਵਾਈ ਭਵਿੱਖ ਵਿੱਚ ਵੀ ਜਾਰੀ ਰੱਖੀ ਜਾਵੇਗੀ।

ਡੇਅਰੀਆਂ ਤੋਂ ਲਏ 12 ਨਮੂਨਿਆਂ ਵਿੱਚੋਂ 8 ਫੇਲ੍ਹ

ਮਿਲਾਵਟਖੋਰੀ ਅਤੇ ਘਟੀਆ ਦਰਜੇ ਦੀਆਂ ਖਾਣ-ਪੀਣ ਵਾਲੀਆਂ ਵਸਤਾਂ ਖ਼ਿਲਾਫ਼ ਵਿੱਡੀ ਮੁਹਿੰਮ ਤਹਿਤ ਸਹਾਇਕ ਕਮਿਸ਼ਨਰ ਫੂਡ ਡਾ. ਜੀ ਐੱਸ ਪੰਨੂ ਦੀ ਅਗਵਾਈ ਹੇਠ ਕਾਇਮ ਕੀਤੀ ਟੀਮ ਵੱਲੋਂ 21 ਮਈ ਨੂੰ ਅੰਮ੍ਰਿਤਸਰ ਸ਼ਹਿਰ ਦੀਆਂ ਵੱਖ-ਵੱਖ ਡੇਅਰੀਆਂ ਤੋਂ ਦੁੱਧ ਅਤੇ ਦੁੱਧ ਤੋਂ ਬਣੀਆਂ ਵਸਤੂਆਂ ਦੇ 12 ਨਮੂਨੇ ਜਾਂਚ ਲਈ ਭੇਜੇ ਗਏ ਸਨ। ਇਨ੍ਹਾਂ ਵਿੱਚੋਂ 2 ਨਮੂਨੇ ਨਾ-ਖਾਣ ਯੋਗ ਅਤੇ 6 ਗ਼ੈਰ-ਮਿਆਰੀ ਪਾਏ ਗਏ ਹਨ। ਇਨ੍ਹਾਂ ਵਿੱਚੋਂ ਕੁਝ ਨਮੂਨਿਆਂ ਵਿੱਚ ਵਾਧੂ ਫੈਟ ਮਿਲਾਉਣ ਦਾ ਮਾਮਲਾ ਵੀ ਸਾਹਮਣੇ ਆਇਆ। ਇਸ ਤੋਂ ਇਲਾਵਾ 4 ਨਮੂਨੇ ਪਾਸ ਹੋਏ ਹਨ। ਡਾ. ਪੰਨੂ ਨੇ ਦੱਸਿਆ ਕਿ 21 ਮਈ ਨੂੰ ਗਿੱਲ ਡੇਅਰੀ ਤੋਂ ਪਨੀਰ ਦੇ ਦੋ ਨਮੂਨੇ ਲਏ ਸਨ। ਇਨ੍ਹਾਂ ਵਿੱਚੋਂ ਇੱਕ ਨਾ-ਖਾਣਯੋਗ ਅਤੇ 1 ਗ਼ੈਰ-ਮਿਆਰੀ ਪਾਇਆ ਗਿਆ ਹੈ। ਗੁਰੂ ਨਾਨਕ ਡੇਅਰੀ ਤੋਂ ਦੁੱਧ ਦਾ ਨਮੂਨਾ ਗ਼ੈਰ-ਮਿਆਰੀ ਪਾਇਆ ਗਿਆ ਹੈ। ਗੁਰੂ ਡੇਅਰੀ ਦਾ 1 ਪਨੀਰ ਦਾ ਅਤੇ 1 ਦੁੱਧ ਦਾ ਨਮੂਨਾ ਵੀ ਗ਼ੈਰ-ਮਿਆਰੀ ਪਾਇਆ ਗਿਆ ਹੈ। ਸ਼ਰਮਾ ਡੇਅਰੀ ਪੁਤਲੀਘਰ ਤੋਂ ਦਹੀਂ ਦਾ ਨਮੂਨਾ ਗ਼ੈਰ-ਮਿਆਰੀ ਪਾਇਆ ਗਿਆ ਹੈ। ਛਾਬੜਾ ਡੇਅਰੀ ਦਾ ਪਨੀਰ ਦਾ ਨਮੂਨਾ ਗ਼ੈਰ-ਮਿਆਰੀ ਪਾਇਆ ਗਿਆ ਹੈ। ਢਿੱਲੋਂ ਡੇਅਰੀ ਤੋਂ ਲਿਆ ਗਿਆ ਪਨੀਰ ਦਾ ਨਮੂਨਾ ਨਾ-ਖਾਣ ਯੋਗ ਪਾਇਆ ਗਿਆ ਹੈ। ਇਨ੍ਹਾਂ ਡੇਅਰੀਆਂ ਵਿਰੁੱਧ ਫੂਡ ਸੇਫਟੀ ਵਿਭਾਗ ਵੱਲੋਂ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਸ੍ਰੀ ਪੰਨੂ ਨੇ ਕਿਹਾ ਕਿ ਲੋਕਾਂ ਦੀ ਸਿਹਤ ਨੂੰ ਮੁੱਖ ਰੱਖਦੇ ਹੋਏ ਖਾਣ-ਪੀਣ ਦੀਆਂ ਵਸਤਾਂ ਵਿੱਚ ਮਿਲਾਵਟਖੋਰੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਕੋਈ ਵੀ ਖਾਣ ਵਾਲੀ ਵਸਤੂ ਖ਼ਰੀਦਣ ਤੋਂ ਪਹਿਲਾਂ ਉਹ ਖ਼ੁਦ ਵੀ ਜਾਂਚ ਕਰਨ ਕਿ ਕੀ ਇਹ ਵਸਤੂ ਸਾਫ਼-ਸੁਥਰੀ ਜਗ੍ਹਾ ਅਤੇ ਭਰੋਸੇਮੰਦ ਵਿਅਕਤੀ ਕੋਲੋਂ ਹੀ ਲੈ ਰਹੇ ਹਨ।

Share: