ਅੰਮ੍ਰਿਤਸਰ : ਅੱਜ ਅੰਮ੍ਰਿਤਸਰ ਦੇ ਪ੍ਰਸਿੱਧ ਦੁਰਗਿਆਣਾ ਮੰਦਰ ਸਣੇ ਪੰਜ ਪ੍ਰਮੁੱਖ ਮੰਦਰਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਵਾਲੇ ਈਮੇਲ ਮਿਲੇ ਹਨ। ਇਸ ਤੋਂ ਬਾਅਦ ਪੰਜਾਬ ਪੁਲੀਸ ਵਧੇਰੇ ਚੌਕਸ ਹੋ ਗਈ ਹੈ ਅਤੇ ਸੁਰੱਖਿਆ ਪ੍ਰਬੰਧ ਮਜ਼ਬੂਤ ਕਰ ਦਿੱਤੇ ਹਨ।
ਦੱਸਣਯੋਗ ਹੈ ਕਿ ਅਜਿਹੀ ਹੀ ਈਮੇਲ ਧਮਕੀ ਪਹਿਲਾਂ ਹਰਿਮੰਦਰ ਸਾਹਿਬ ਵਿੱਚ ਪ੍ਰਬੰਧਕਾਂ ਨੂੰ ਆ ਚੁੱਕੀ ਹੈ ਇਸ ਦੀ ਪੁਸ਼ਟੀ ਕਰਦੇ ਹੋਏ ਅੰਮ੍ਰਿਤਸਰ ਦੇ ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਅਜਿਹੀਆਂ ਈਮੇਲ ਧਮਕੀਆਂ ਪਹਿਲਾਂ ਵਿਦਿਅਕ ਸੰਸਥਾਵਾਂ, ਪੰਜਾਬ ਸਿਵਲ ਸਕੱਤਰੇਤ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਅਤੇ ਹੋਰ ਮੁੱਖ ਅਦਾਰਿਆਂ ਨੂੰ ਭੇਜੀਆਂ ਗਈਆਂ ਸਨ, ਜੋ ਝੂਠੀਆਂ ਸਾਬਤ ਹੋਈਆਂ ਹਨ। ਇਹ ਵੀ ਇਨਾ ਈਮੇਲਾਂ ਦੀ ਲੜੀ ਨਾਲ ਮਿਲਦੀਆਂ-ਜੁਲਦੀਆਂ ਜਾਪਦੀਆਂ ਹਨ, ਪਰ ਅਧਿਕਾਰੀ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਹੇ ਹਨ।
ਉਨਾ ਆਖਿਆ ਕਿ ਸੁਰੱਖਿਆ ਏਜੰਸੀਆਂ ਚੌਕਸ ਹਨ ਅਤੇ ਹਰ ਅਜਿਹੀ ਈਮੇਲ ਤੱਕ ਧਮਕੀ ਨੂੰ ਗੰਭੀਰਤਾ ਨਾਲ ਲੈ ਰਹੇ ਹਨ। ਇਸ ਸੰਬੰਧ ਵਿੱਚ ਵਿਆਪਕ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਅਤੇ ਸਮੁੱਚੇ ਮਾਮਲੇ ਦੀ ਪੂਰੀ ਜਾਂਚ ਕੀਤੀ ਜਾ ਰਹੀ ਹੈ।
ਦੱਸਣਯੋਗ ਹੈ ਕਿ ਅਜਿਹੀਆਂ ਈਮੇਲ ਧਮਕੀਆਂ ਅਜਿਹੇ ਸਮੇਂ ਆਈਆਂ ਹਨ ਜਦੋਂ 6 ਜੂਨ ਸਬੰਧੀ ਪਹਿਲਾਂ ਹੀ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਇਸ ਸਬੰਧ ਵਿੱਚ ਕੇਂਦਰੀ ਹਥਿਆਰਬੰਦ ਪੁਲੀਸ ਬਲਾਂ ਦੀਆਂ 11 ਕੰਪਨੀਆਂ ਨੂੰ ਸੁਰੱਖਿਆ ਪ੍ਰਬੰਧ ਮਜ਼ਬੂਤ ਕਰਨ ਲਈ ਤਾਇਨਾਤ ਕੀਤਾ ਗਿਆ ਹੈ।
ਇਸੇ ਦੌਰਾਨ ਅੰਮ੍ਰਿਤਸਰ ਪੁਲੀਸ ਨੇ ਹਾਲ ਹੀ ਵਿੱਚ ਪੱਛਮੀ ਬੰਗਾਲ ਤੋਂ ਬੰਗਲਾਦੇਸ਼ੀ ਨਾਗਰਿਕ ਨੂੰ ਜਾਅਲੀ ਈਮੇਲ ਅਕਾਊਂਟ ਸਪਲਾਈ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਸੀ। ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਇਹ ਈਮੇਲ ਖਾਤੇ ਪਾਕਿਸਤਾਨ ਅਤੇ ਬੰਗਲਾਦੇਸ਼ ਦੇ ਰਾਸ਼ਟਰ ਵਿਰੋਧੀ ਸੰਚਾਲਨ ਤੱਤਾਂ ਦੁਆਰਾ ਇਹ ਬੰਬ ਧਮਕੀਆਂ ਭੇਜਣ ਲਈ ਵਰਤੀਆਂ ਗਈਆਂ ਸਨ। ਪੰਜਾਬ ਪੁਲੀਸ ਨੇ ਵਿਦੇਸ਼ਾਂ ਵਿੱਚ ਸਥਿਤ ਉਨ੍ਹਾਂ ਵਿਅਕਤੀਆਂ ਦਾ ਪਤਾ ਲਗਾਉਣ ਅਤੇ ਉਨ੍ਹਾਂ ਦੀ ਪਛਾਣ ਕਰਨ ਲਈ ਇੰਟਰਪੋਲ ਤੋਂ ਵੀ ਸਹਾਇਤਾ ਮੰਗੀ ਹੈ।
ਜਲੰਧਰ : ਜਲੰਧਰ ਦੇ ਪ੍ਰਸਿੱਧ ਸ਼ਕਤੀ ਪੀਠ ਦੇਵੀ ਤਲਾਬ ਮੰਦਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਭਰੀ ਈਮੇਲ ਮਿਲੀ ਹੈ। ਮੰਦਰ ਦੇ ਪ੍ਰਬੰਧਕਾਂ ਨੇ ਇਸ ਸਬੰਧੀ ਪੁਲੀਸ ਨੂੰ ਸੂਚਿਤ ਕੀਤਾ। ਪੁਲੀਸ ਨੇ ਤੁਰੰਤ ਮੰਦਰ ਪਹੁੰਚ ਕੇ ਤਲਾਸ਼ੀ ਅਭਿਆਨ ਸ਼ੁਰੂ ਕਰ ਦਿੱਤਾ ਹੈ ਪਰ ਦੇਰ ਸ਼ਾਮ ਤੱਕ ਪੁਲੀਸ ਨੂੰ ਕੋਈ ਸ਼ੱਕੀ ਚੀਜ਼ ਬਰਾਮਦ ਨਹੀਂ ਹੋਈ ਹੈ। ਮੰਦਰ ਵਿੱਚ ਧਾਰਮਿਕ ਸਮਾਗਮ ਹੋਣ ਕਾਰਨ ਸ਼ਰਧਾਲੂ ਪਹੁੰਚੇ ਹੋਏ ਸਨ। ਧਮਕੀ ਭਰੀ ਈਮੇਲ ਭੇਜਣ ਵਾਲੇ ਨੇ ਖ਼ਾਲਿਸਤਾਨ ਨੈਸ਼ਨਲ ਆਰਮੀ ਦੇ ਨਾਮ ’ਤੇ ਭੇਜੀ ਹੈ। ਇਸ ਈਮੇਲ ਰਾਹੀਂ 6 ਜੂਨ 1984 ਮੌਕੇ ਦਰਬਾਰ ਸਾਹਿਬ ਉੱਤੇ ਹੋਏ ਹਮਲੇ ਦਾ ਬਦਲਾ ਲੈਣ ਦੀ ਗੱਲ ਆਖੀ ਗਈ ਹੈ। ਜਲੰਧਰ ਵਿੱਚ ਇੱਕ ਹਫ਼ਤੇ ਦੌਰਾਨ ਦੂਜੀ ਵਾਰ ਧਮਕੀ ਭਰੀ ਈਮੇਲ ਮਿਲੀ ਹੈ।
ਮੁਕਤੇਸ਼ਵਰ ਮੰਦਰ ਨੇੜੇ ਆਈ ਆਰ ਬੀ ਬਟਾਲੀਅਨ ਦੇ ਜਵਾਨ ਤਾਇਨਾਤ
ਪਠਾਨਕੋਟ ਮੁਕਤੇਸ਼ਵਰ ਮੰਦਰ ਨੂੰ ਅਤਿਵਾਦੀਆਂ ਵੱਲੋਂ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਬਾਅਦ ਪੁਲੀਸ ਨੇ ਚੌਕਸੀ ਵਧਾ ਦਿੱਤੀ ਹੈ। ਜਾਣਕਾਰੀ ਅਨੁਸਾਰ ਜ਼ਿਲ੍ਹਾ ਪੁਲੀਸ ਨੇ ਮੁਕਤੇਸ਼ਵਰ ਮੰਦਰ ਵਿੱਚ ਪੱਕੇ ਤੌਰ ’ਤੇ ਆਈ ਆਰ ਬੀ ਬਟਾਲੀਅਨ ਦੇ ਜਵਾਨਾਂ ਨੂੰ ਤਾਇਨਾਤ ਕਰ ਦਿੱਤਾ ਹੈ। ਹਰ ਆਉਣ-ਜਾਣ ਵਾਲੇ ਵਿਅਕਤੀ ਅਤੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਡੀ ਐੱਸ ਪੀ ਧਾਰਕਲਾਂ ਰਾਜੇਸ਼ ਕੱਕੜ ਅਤੇ ਸ਼ਾਹਪੁਰਕੰਡੀ ਪੁਲੀਸ ਸਟੇਸ਼ਨ ਦੇ ਮੁਖੀ ਇੰਸਪੈਕਟਰ ਮੋਹਿਤ ਟਾਂਕ ਨੇ ਦੱਸਿਆ ਕਿ ਪੂਰੇ ਖੇਤਰ ਵਿੱਚ ਚੌਕਸੀ ਵਧਾ ਦਿੱਤੀ ਗਈ ਹੈ। ਮੁਕਤੇਸ਼ਵਰ ਮੰਦਰ ਦੇ ਪ੍ਰਵੇਸ਼ ਦੁਆਰ ’ਤੇ ਵੀ ਆਈ ਆਰ ਬੀ ਬਟਾਲੀਅਨ ਦੇ ਜਵਾਨ ਤਾਇਨਾਤ ਕਰ ਦਿੱਤੇ ਗਏ ਹਨ। ਵਾਹਨਾਂ ਦੀ ਸਖ਼ਤੀ ਨਾਲ ਚੈਕਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਨਾਲ ਲੱਗਦੇ ਪਿੰਡਾਂ ਦੇ ਲੋਕਾਂ ਅਤੇ ਸਰਪੰਚਾਂ ਨੂੰ ਵੀ ਅਪੀਲ ਕੀਤੀ ਕਿ ਜੇ ਕੋਈ ਸ਼ੱਕੀ ਵਿਅਕਤੀ ਇਲਾਕੇ ਵਿੱਚ ਘੁੰਮਦਾ ਨਜ਼ਰ ਆਉਂਦਾ ਹੈ ਤਾਂ ਉਸ ਦੀ ਤੁਰੰਤ ਸੂਚਨਾ ਦਿੱਤੀ ਜਾਵੇ। ਡੀ ਐੱਸ ਪੀ ਰਾਜੇਸ਼ ਕੱਕੜ ਅਤੇ ਥਾਣਾ ਮੁਖੀ ਇੰਸਪੈਕਟਰ ਮੋਹਿਤ ਟਾਂਕ ਨੇ ਅੱਗੇ ਦੱਸਿਆ ਕਿ ਪੁਲੀਸ ਵੱਲੋਂ ਹੋਰ ਸੁਰੱਖਿਆ ਏਜੰਸੀਆਂ ਨਾਲ ਮਿਲ ਕੇ ਨਾਲ ਲੱਗਦੇ ਖੇਤਰਾਂ ਅਤੇ ਜੰਗਲਾਂ ਵਿੱਚ ਵਿਸ਼ੇਸ਼ ਸਰਚ ਅਪਰੇਸ਼ਨ ਚਲਾਇਆ ਜਾਵੇਗਾ। ਪੁਲੀਸ ਨੇ ਅੱਜ ਮੁਕਤੇਸ਼ਵਰ ਮੰਦਰ ਕਮੇਟੀ ਦੇ ਪ੍ਰਬੰਧਕਾਂ ਦੀ ਮੀਟਿੰਗ ਕਰ ਕੇ ਉਨ੍ਹਾਂ ਨੂੰ ਵੀ ਇਸ ਸੂਚਨਾ ਤੋਂ ਜਾਣੂ ਕਰਵਾਇਆ ਅਤੇ ਚੌਕਸੀ ਰੱਖਣ ਲਈ ਅਪੀਲ ਕੀਤੀ। ਮੰਦਰ ਕਮੇਟੀ ਦੇ ਪ੍ਰਧਾਨ ਠਾਕੁਰ ਭੀਮ ਸਿੰਘ, ਪ੍ਰਬੰਧਕ ਦਿਲਬਾਗ ਸਿੰਘ, ਅੰਕੁਸ਼ ਤਨਵਾਲ, ਪ੍ਰਸ਼ੋਤਮ ਸਿੰਘ, ਸੁਰਿੰਦਰ ਕੁਮਾਰ, ਭਾਗ ਸਿੰਘ, ਰਮਨ ਕੁਮਾਰ ਗੋਲੂ, ਨਰੇਸ਼ ਕੁਮਾਰ ਆਦਿ ਨੇ ਦੱਸਿਆ ਕਿ ਕਮੇਟੀ ਵੱਲੋਂ 22 ਸੀ ਸੀ ਟੀ ਵੀ ਕੈਮਰੇ ਲਗਾਏ ਗਏ ਹਨ।

