ਗੁਰੂਗ੍ਰਾਮ : ਹਰਿਆਣਾ ਪੁਲੀਸ ਦੀ ਸਪੈਸ਼ਲ ਟਾਸਕ ਫੋਰਸ (STF) ਨੂੰ ਕੌਮਾਂਤਰੀ ਪੱਧਰ ’ਤੇ ਉਸ ਵੇਲੇ ਵੱਡੀ ਸਫ਼ਲਤਾ ਮਿਲੀ, ਜਦੋਂ ਵਿਦੇਸ਼ੀ ਸੁਰੱਖਿਆ ਏਜੰਸੀਆਂ ਦੇ ਸਹਿਯੋਗ ਨਾਲ ਸੂਬੇ ਦੇ ਖ਼ਤਰਨਾਕ ਅਤੇ ਮੋਸਟ-ਵਾਂਟੇਡ ਗੈਂਗਸਟਰ ਵੈਂਕਟੇਸ਼ ਗਰਗ ਨੂੰ ਜਾਰਜੀਆ (Georgia) ਤੋਂ ਡਿਪੋਰਟ ਕਰਵਾ ਕੇ ਭਾਰਤ ਲਿਆਂਦਾ ਗਿਆ।ਐੱਸ.ਟੀ.ਐੱਫ. ਦੀ ਇੱਕ ਵਿਸ਼ੇਸ਼ ਟੀਮ ਅੱਜ ਗੈਂਗਸਟਰ ਨੂੰ ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ (IGI) ਹਵਾਈ ਅੱਡੇ ’ਤੇ ਲੈ ਕੇ ਪਹੁੰਚੀ, ਜਿੱਥੇ ਉਸ ਨੂੰ ਰਸਮੀ ਤੌਰ ’ਤੇ ਗ੍ਰਿਫ਼ਤਾਰ ਕਰ ਲਿਆ ਗਿਆ। ਹਰਿਆਣਾ ਪੁਲੀਸ ਨੇ ਉਸ ਸਿਰ 2 ਲੱਖ ਰੁਪਏ ਦਾ ਇਨਾਮ ਰੱਖਿਆ ਹੋਇਆ ਸੀ।
ਵੈਂਕਟੇਸ਼ ਗਰਗ ਅੰਬਾਲਾ ਜ਼ਿਲ੍ਹੇ ਦੇ ਨਾਰਾਇਣਗੜ੍ਹ ਇਲਾਕੇ ਦਾ ਰਹਿਣ ਵਾਲਾ ਹੈ ਅਤੇ ਉਸ ਦੇ ਖ਼ਿਲਾਫ਼ ਕਤਲ, ਇਰਾਦਾ-ਏ-ਕਤਲ ਅਤੇ ਫਿਰੌਤੀ ਸਣੇ 10 ਤੋਂ ਵੱਧ ਗੰਭੀਰ ਅਪਰਾਧਿਕ ਮਾਮਲੇ ਦਰਜ ਹਨ। ਅੰਬਾਲਾ ਵਿੱਚ ਬਹੁਜਨ ਸਮਾਜ ਪਾਰਟੀ (BSP) ਦੇ ਆਗੂ ਹਰਬਿਲਾਸ ਰਾਜੂਮਾਜਰਾ ਦੇ ਸਨਸਨੀਖੇਜ਼ ਕਤਲ ਕਾਂਡ ਵਿੱਚ ਵੈਂਕਟੇਸ਼ ਗਰਗ ਦਾ ਨਾਮ ਮੁੱਖ ਤੌਰ ’ਤੇ ਸਾਹਮਣੇ ਆਇਆ ਸੀ। ਇਸ ਕਤਲ ਤੋਂ ਬਾਅਦ ਉਸ ਨੇ ਨਾ ਸਿਰਫ਼ ਵਾਰਦਾਤ ਦੀ ਜ਼ਿੰਮੇਵਾਰੀ ਲਈ, ਬਲਕਿ ਸੋਸ਼ਲ ਮੀਡੀਆ ’ਤੇ ਸ਼ਰੇਆਮ ਧਮਕੀਆਂ ਵੀ ਦਿੱਤੀਆਂ ਸਨ। ਇਸ ਘਟਨਾ ਤੋਂ ਤੁਰੰਤ ਬਾਅਦ ਉਹ ਫਰਜ਼ੀ ਪਾਸਪੋਰਟ ਬਣਵਾ ਕੇ ਦੇਸ਼ ਵਿੱਚੋਂ ਫਰਾਰ ਹੋ ਗਿਆ ਅਤੇ ਜਾਰਜੀਆ ਜਾ ਲੁਕਿਆ।
ਵਿਦੇਸ਼ ਬੈਠ ਕੇ ਚਲਾ ਰਿਹਾ ਸੀ ਫਿਰੌਤੀ ਦਾ ਨੈੱਟਵਰਕ
ਪੁਲੀਸ ਮੁਤਾਬਕ ਵੈਂਕਟੇਸ਼ ਗਰਗ ਦਿੱਲੀ-ਐੱਨ.ਸੀ.ਆਰ. ਦੇ ਨਾਮੀ ਗੈਂਗਸਟਰ ਕਪਿਲ ਸਾਂਗਵਾਨ ਉਰਫ਼ ਨੰਦੂ ਗੈਂਗ ਨਾਲ ਮਿਲ ਕੇ ਕੰਮ ਕਰ ਰਿਹਾ ਸੀ। ਜਾਰਜੀਆ ਵਿੱਚ ਬੈਠ ਕੇ ਉਹ ਸੋਸ਼ਲ ਮੀਡੀਆ (ਇੰਸਟਾਗ੍ਰਾਮ ਅਤੇ ਫੇਸਬੁੱਕ) ਰਾਹੀਂ ਹਰਿਆਣਾ, ਦਿੱਲੀ, ਰਾਜਸਥਾਨ ਅਤੇ ਹੋਰ ਉੱਤਰ ਭਾਰਤੀ ਰਾਜਾਂ ਦੇ ਭੋਲੇ-ਭਾਲੇ ਨੌਜਵਾਨਾਂ ਨੂੰ ਆਪਣੇ ਜਾਲ ਵਿੱਚ ਫਸਾਉਂਦਾ ਸੀ। ਇਨ੍ਹਾਂ ਨੌਜਵਾਨਾਂ ਦੀ ਮਦਦ ਨਾਲ ਉਹ ਵਪਾਰੀਆਂ ਤੋਂ ਫਿਰੌਤੀ ਮੰਗਣ ਅਤੇ ਨੈੱਟਵਰਕ ਦਾ ਪਸਾਰ ਕਰਨ ਵਿੱਚ ਜੁਟਿਆ ਹੋਇਆ ਸੀ।ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਕਰੀਬ ਇੱਕ ਸਾਲ ਪਹਿਲਾਂ ਕੌਮਾਂਤਰੀ ਜਾਂਚ ਏਜੰਸੀਆਂ ਦੀ ਮਦਦ ਨਾਲ ਗਰਗ ਦੀ ਲੋਕੇਸ਼ਨ ਜਾਰਜੀਆ ਵਿੱਚ ਟ੍ਰੇਸ ਕੀਤੀ ਗਈ ਸੀ, ਜਿਸ ਤੋਂ ਬਾਅਦ ਉਸ ਦੀ ਹਵਾਲਗੀ/ਡਿਪੋਰਟੇਸ਼ਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ। ਐੱਸ.ਟੀ.ਐੱਫ. ਦੇ ਮੁਖੀ ਬੀ. ਸਤੀਸ਼ ਬਾਲਨ ਜਲਦੀ ਹੀ ਭੋਂਡਸੀ ਸਥਿਤ ਐੱਸ.ਟੀ.ਐੱਫ. ਹੈੱਡਕੁਆਰਟਰ ਵਿਖੇ ਪ੍ਰੈੱਸ ਕਾਨਫਰੰਸ ਕਰਕੇ ਇਸ ਪੂਰੇ ਕੌਮਾਂਤਰੀ ਆਪ੍ਰੇਸ਼ਨ ਦੇ ਅਹਿਮ ਖੁਲਾਸੇ ਕਰਨਗੇ। ਪੁਲੀਸ ਹੁਣ ਗੈਂਗਸਟਰ ਨੂੰ ਰਿਮਾਂਡ ’ਤੇ ਲੈ ਕੇ ਪੁੱਛਗਿੱਛ ਕਰੇਗੀ ਤਾਂ ਜੋ ਉਸ ਦੇ ਭਾਰਤ ਵਿੱਚ ਮੌਜੂਦ ਹੋਰ ਸਾਥੀਆਂ ਅਤੇ ਸਲੀਪਰ ਸੈੱਲਾਂ ਦਾ ਪਰਦਾਫਾਸ਼ ਕੀਤਾ ਜਾ ਸਕੇ।

