Manitoba ਵਿੱਚ ਤੂਫ਼ਾਨ ਅਤੇ ਹੜ੍ਹ ਦਾ ਕਹਿਰ: ਹਜ਼ਾਰਾਂ ਘਰਾਂ ਦੀ ਬਿਜਲੀ ਗੁੱਲ; ਸਵਾਨ ਰਿਵਰ ‘ਚ ਐਮਰਜੈਂਸੀ

Manitoba ਵਿੱਚ ਤੂਫ਼ਾਨ ਅਤੇ ਹੜ੍ਹ ਦਾ ਕਹਿਰ: ਹਜ਼ਾਰਾਂ ਘਰਾਂ ਦੀ ਬਿਜਲੀ ਗੁੱਲ; ਸਵਾਨ ਰਿਵਰ ‘ਚ ਐਮਰਜੈਂਸੀ

ਵਿੰਨੀਪੈੱਗ : ਮੰਗਲਵਾਰ ਰਾਤ ਮੈਨੀਟੋਬਾ ਵਿੱਚ ਆਏ ਭਿਆਨਕ ਗਰਜ-ਚਮਕ ਵਾਲੇ ਤੂਫ਼ਾਨਾਂ ਨੇ ਸੂਬੇ ਦੇ ਕਈ ਹਿੱਸਿਆਂ ਨੂੰ ਹਿਲਾ ਕੇ ਰੱਖ ਦਿੱਤਾ ਹੈ। ਤੂਫ਼ਾਨ ਦੇ ਨਾਲ ਪਏ ਭਾਰੀ ਮੀਂਹ ਨੇ ਵਿੰਨੀਪੈਗ ਵਿੱਚ ਸੜਕਾਂ ਨੂੰ ਦਰਿਆ ਬਣਾ ਦਿੱਤਾ। ਸ਼ਹਿਰ ਦੇ ਕਈ ਨੀਵੇਂ ਇਲਾਕੇ ਅਜੇ ਵੀ ਡੁੱਬੇ ਹੋਏ ਹਨ ਅਤੇ ਟੀਮਾਂ ਸੜਕਾਂ ਨੂੰ ਸੁਰੱਖਿਅਤ ਬਣਾਉਣ ਲਈ ਕੰਮ ਕਰ ਰਹੀਆਂ ਹਨ।

ਮੈਨੀਟੋਬਾ ਦੇ ਦੱਖਣੀ, ਕੇਂਦਰੀ ਅਤੇ ਪੱਛਮੀ ਖੇਤਰਾਂ ਵਿੱਚ ਆਏ ਸ਼ਕਤੀਸ਼ਾਲੀ ਤੂਫ਼ਾਨਾਂ, ਭਾਰੀ ਮੀਂਹ ਅਤੇ ਤੇਜ਼ ਹਵਾਵਾਂ ਨੇ ਜਨਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਸੂਬੇ ਭਰ ਵਿੱਚ ਹਜ਼ਾਰਾਂ ਘਰਾਂ ਅਤੇ ਕਾਰੋਬਾਰਾਂ ਦੀ ਬਿਜਲੀ ਸਪਲਾਈ ਠੱਪ ਹੋ ਗਈ, ਕਈ ਸਕੂਲ ਬੰਦ ਕਰਨੇ ਪਏ ਅਤੇ ਕੁਝ ਖੇਤਰਾਂ ਵਿੱਚ ਹੜ੍ਹ ਵਰਗੀ ਸਥਿਤੀ ਪੈਦਾ ਹੋ ਗਈ ਹੈ। ਤੇਜ਼ ਹਵਾਵਾਂ ਕਾਰਨ ਕਈ ਥਾਵਾਂ ’ਤੇ ਦਰੱਖਤ ਉੱਖੜ ਗਏ, ਬਿਜਲੀ ਦੇ ਖੰਭੇ ਅਤੇ ਤਾਰਾਂ ਨੁਕਸਾਨੀਆਂ ਗਈਆਂ, ਜਦਕਿ ਕਈ ਸੜਕਾਂ ਅਤੇ ਅੰਡਰਪਾਸ ਪਾਣੀ ਨਾਲ ਭਰ ਗਏ। ਸੂਬਾਈ ਬਿਜਲੀ ਸੇਵਾ ਸੰਸਥਾ ਮੈਨੀਟੋਬਾ ਹਾਈਡ੍ਰੋ (Manitoba Hydro) ਦੀਆਂ ਮੁਰੰਮਤ ਟੀਮਾਂ ਲਗਾਤਾਰ ਪ੍ਰਭਾਵਿਤ ਇਲਾਕਿਆਂ ਵਿੱਚ ਕੰਮ ਕਰ ਰਹੀਆਂ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਡਿੱਗੀਆਂ ਬਿਜਲੀ ਲਾਈਨਾਂ, ਦਰੱਖਤਾਂ ਦੀਆਂ ਟੁੱਟੀਆਂ ਟਾਹਣੀਆਂ ਅਤੇ ਵਿਆਪਕ ਨੁਕਸਾਨ ਕਾਰਨ ਕੁਝ ਖੇਤਰਾਂ ਵਿੱਚ ਬਿਜਲੀ ਬਹਾਲ ਕਰਨ ਵਿੱਚ ਹੋਰ ਸਮਾਂ ਲੱਗ ਸਕਦਾ ਹੈ।

ਬਿਜਲੀ ਸੰਕਟ ਕਾਰਨ ਸਕੂਲ ਬੰਦ

ਤੂਫ਼ਾਨ ਤੋਂ ਬਾਅਦ ਕਈ ਸਕੂਲਾਂ ਨੂੰ ਬੁੱਧਵਾਰ ਲਈ ਬੰਦ ਰੱਖਣਾ ਪਿਆ। ਸਿੱਖਿਆ ਅਧਿਕਾਰੀਆਂ ਅਨੁਸਾਰ ਬਿਜਲੀ ਨਾ ਹੋਣ ਕਾਰਨ ਰੋਸ਼ਨੀ, ਇੰਟਰਨੈੱਟ, ਹੀਟਿੰਗ (heating) ਅਤੇ ਹੋਰ ਜ਼ਰੂਰੀ ਸਹੂਲਤਾਂ ਪ੍ਰਭਾਵਿਤ ਹੋਈਆਂ, ਜਿਸ ਕਰਕੇ ਵਿਦਿਆਰਥੀਆਂ ਅਤੇ ਸਟਾਫ਼ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਕਲਾਸਾਂ ਮੁਅੱਤਲ ਕਰਨ ਦਾ ਫ਼ੈਸਲਾ ਲਿਆ ਗਿਆ। ਕੁਝ ਖੇਤਰਾਂ ਵਿੱਚ ਸਕੂਲ ਬੱਸ ਸੇਵਾਵਾਂ ਵੀ ਪ੍ਰਭਾਵਿਤ ਹੋਈਆਂ।

ਰਿਕਾਰਡ ਤੋੜ ਮੀਂਹ ਅਤੇ ਤੇਜ਼ ਹਵਾਵਾਂ

ਤੂਫ਼ਾਨ ਨੇ ਮੈਨੀਟੋਬਾ ਦੇ ਕਈ ਹਿੱਸਿਆਂ ਵਿੱਚ ਭਾਰੀ ਮੀਂਹ ਵਰਸਾਇਆ। ਸਟੋਨਵਾਲ (Stonewall) ਵਿੱਚ 250 ਮਿਲੀਮੀਟਰ ਤੋਂ ਵੱਧ ਬਾਰਸ਼ ਦਰਜ ਕੀਤੀ ਗਈ, ਜਦਕਿ ਵੁੱਡਲੈਂਡਜ਼ (Woodlands) ਵਿੱਚ 120 ਮਿਲੀਮੀਟਰ ਤੋਂ ਵੱਧ ਮੀਂਹ ਪਿਆ। ਇਸ ਤੋਂ ਇਲਾਵਾ ਵਿੰਨੀਪੈਗ ਦੇ ‘ਦਿ ਫੋਰਕਸ’ (The Forks) ਖੇਤਰ ਵਿੱਚ 177 ਮਿਲੀਮੀਟਰ ਬਾਰਸ਼ ਰਿਕਾਰਡ ਕੀਤੀ ਗਈ। ਉੱਥੇ ਹੀ ਤੇਜ਼ ਹਵਾਵਾਂ ਨੇ ਵੀ ਕਾਫ਼ੀ ਨੁਕਸਾਨ ਪਹੁੰਚਾਇਆ। ਡੈਂਡ (Dand) ਅਤੇ ਡੈਲੋਰੇਨ (Deloraine) ਇਲਾਕਿਆਂ ਵਿੱਚ ਹਵਾਵਾਂ ਦੀ ਰਫ਼ਤਾਰ 130 ਕਿਲੋਮੀਟਰ ਪ੍ਰਤੀ ਘੰਟਾ ਤੱਕ ਪਹੁੰਚ ਗਈ। ਜਦਕਿ ਬ੍ਰੈਂਡਨ (Brandon) ਵਿੱਚ 100 ਕਿਲੋਮੀਟਰ ਪ੍ਰਤੀ ਘੰਟਾ ਅਤੇ ਵਿੰਨੀਪੈਗ ਵਿੱਚ 94 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਦਰਜ ਕੀਤੀ ਗਈ।

ਮੌਸਮ ਵਿਭਾਗ ਨੇ ਚਿਤਾਵਨੀ ਦਿੱਤੀ ਹੈ ਕਿ ਪਾਰਕਲੈਂਡ (Parkland) ਖੇਤਰ ਵਿੱਚ ਅਗਲੇ ਕੁਝ ਦਿਨਾਂ ਦੌਰਾਨ ਹੋਰ 70 ਮਿਲੀਮੀਟਰ ਤੱਕ ਬਾਰਸ਼ ਹੋ ਸਕਦੀ ਹੈ। ਮੌਜੂਦਾ ਹਾਲਤਾਂ ਨੂੰ ਦੇਖਦੇ ਹੋਏ ਹੜ੍ਹ ਦਾ ਖ਼ਤਰਾ ਹੋਰ ਵੱਧ ਸਕਦਾ ਹੈ।

ਸਵਾਨ ਰਿਵਰ ਵਿੱਚ ਐਮਰਜੈਂਸੀ ਦਾ ਐਲਾਨ

ਪੱਛਮੀ ਮੈਨੀਟੋਬਾ ਦੇ ਸਵਾਨ ਰਿਵਰ (Swan River) ਸ਼ਹਿਰ ਵਿੱਚ ਹਾਲਾਤ ਹੋਰ ਵੀ ਗੰਭੀਰ ਬਣ ਗਏ ਹਨ। ਲਗਾਤਾਰ ਭਾਰੀ ਮੀਂਹ ਅਤੇ ਵਧਦੇ ਪਾਣੀ ਦੇ ਪੱਧਰ ਕਾਰਨ ਸਥਾਨਕ ਪ੍ਰਸ਼ਾਸਨ ਨੇ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ। ਸ਼ਹਿਰ ਦੇ ਮੇਅਰ ਲੈਂਸ ਜੈਕਬਸਨ (Lance Jacobson) ਅਨੁਸਾਰ ਹਫ਼ਤੇ ਦੇ ਅੰਤ ਤੋਂ ਹੁਣ ਤੱਕ 190 ਮਿਲੀਮੀਟਰ ਤੋਂ ਵੱਧ ਮੀਂਹ ਦਰਜ ਕੀਤਾ ਗਿਆ ਹੈ। ਰੋਅਰਿੰਗ ਰਿਵਰ (Roaring River) ਦੇ ਕੰਢੇ ਟੁੱਟਣ ਅਤੇ ਟੈਮਰੈਕ ਕ੍ਰੀਕ (Tamarack Creek) ਦੇ ਓਵਰਫ਼ਲੋ ਹੋਣ ਕਾਰਨ ਪਾਣੀ ਨੀਵੇਂ ਇਲਾਕਿਆਂ, ਘਰਾਂ ਅਤੇ ਸੜਕਾਂ ਵਿੱਚ ਦਾਖ਼ਲ ਹੋ ਗਿਆ ਹੈ।

Share: