PoK ’ਚ ਫ਼ੌਜੀ ਹੈਲੀਕਾਪਟਰ ਡਿੱਗਿਆ, ਸਾਰੇ ਜਵਾਨ ਹਲਾਕ

PoK ’ਚ ਫ਼ੌਜੀ ਹੈਲੀਕਾਪਟਰ ਡਿੱਗਿਆ, ਸਾਰੇ ਜਵਾਨ ਹਲਾਕ

ਇਸਲਾਮਾਬਾਦ : ਪਾਕਿਸਤਾਨ ਆਰਮੀ ਏਵੀਏਸ਼ਨ ਦਾ ਐੱਮ ਆਈ-17 ਹੈਲੀਕਾਪਟਰ ਮਕਬੂਜ਼ਾ ਕਸ਼ਮੀਰ (ਪੀ ਓ ਕੇ) ’ਚ ਮੁਜ਼ੱਫਰਾਬਾਦ ਨੇੜੇ ਬੁੱਧਵਾਰ ਨੂੰ ਹਾਦਸਾਗ੍ਰਸਤ ਹੋ ਗਿਆ। ਹਾਦਸੇ ’ਚ ਹੈਲੀਕਾਪਟਰ ’ਚ ਸਵਾਰ ਸਾਰੇ ਜਵਾਨ ਮਾਰੇ ਗਏ। ਪਾਕਿਸਤਾਨੀ ਫ਼ੌਜ ਦੇ ਮੀਡੀਆ ਵਿੰਗ ਇੰਟਰ-ਸਰਵਿਸਿਜ਼ ਪਬਲਿਕ ਰਿਲੇਸ਼ਨਸ ਨੇ ਮ੍ਰਿਤਕਾਂ ਦੀ ਗਿਣਤੀ ਦੱਸੇ ਬਿਨਾਂ ਕਿਹਾ ਕਿ ਹੈਲੀਕਾਪਟਰ ਹਾਦਸੇ ’ਚ ਕੋਈ ਵੀ ਨਹੀਂ ਬਚਿਆ ਹੈ। ਸੰਖੇਪ ਬਿਆਨ ’ਚ ਕਿਹਾ ਗਿਆ ਕਿ ਹਾਦਸਾ ਹੈਲੀਕਾਪਟਰ ਦੇ ਉਡਾਣ ਭਰਨ ਸਮੇਂ ਤਕਨੀਕੀ ਨੁਕਸ ਕਾਰਨ ਵਾਪਰਿਆ। ਬਚਾਅ ਅਤੇ ਰਾਹਤ ਟੀਮਾਂ ਹਾਦਸੇ ਵਾਲੀ ਥਾਂ ’ਤੇ ਪਹੁੰਚ ਗਈਆਂ ਹਨ। ਹਾਦਸੇ ਦੇ ਕਾਰਨਾਂ ਦੀ ਜਾਂਚ ਦੇ ਹੁਕਮ ਦੇ ਦਿੱਤੇ ਗਏ ਹਨ। ਚੀਫ਼ ਆਫ਼ ਆਰਮੀ ਸਟਾਫ਼ ਫੀਲਡ ਮਾਰਸ਼ਲ ਆਸਿਮ ਮੁਨੀਰ ਅਤੇ ਹੋਰ ਫ਼ੌਜੀ ਅਧਿਕਾਰੀਆਂ ਨੇ ਹਾਦਸੇ ’ਤੇ ਦੁੱਖ ਜ਼ਾਹਿਰ ਕਰਦਿਆਂ ਪੀੜਤ ਪਰਿਵਾਰਾਂ ਨਾਲ ਦੁੱਖ ਪ੍ਰਗਟਾਇਆ ਹੈ। ਜ਼ਿਕਰਯੋਗ ਹੈ ਕਿ ਸਤੰਬਰ 2025 ’ਚ ਗਿਲਗਿਟ-ਬਾਲਟਿਸਤਾਨ ਦੇ ਦਿਆਮਰ ਜ਼ਿਲ੍ਹੇ ’ਚ ਫ਼ੌਜੀ ਹੈਲੀਕਾਪਟਰ ਹਾਦਸਾਗ੍ਰਸਤ ਹੋਇਆ ਸੀ ਜਿਸ ’ਚ ਪੰਜ ਜਵਾਨ ਮਾਰੇ ਗਏ ਸਨ। ਇਸੇ ਤਰ੍ਹਾਂ ਖ਼ਰਾਬ ਮੌਸਮ ਕਾਰਨ ਖ਼ੈਬਰ ਪਖਤੂਨਖਵਾ ’ਚ ਅਗਸਤ 2025 ’ਚ ਹੈਲੀਕਾਪਟਰ ਡਿੱਗਿਆ ਸੀ ਜਿਸ ’ਚ ਦੋ ਪਾਇਲਟ ਅਤੇ ਅਮਲੇ ਦੇ ਤਿੰਨ ਮੈਂਬਰ ਮਾਰੇ ਗਏ ਸਨ। ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ, ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਅਤੇ ਨੈਸ਼ਨਲ ਅਸੈਂਬਲੀ ਦੇ ਸਪੀਕਰ ਸਰਦਾਰ ਅਯਾਜ਼ ਸਾਦਿਕ ਨੇ ਹਾਦਸੇ ’ਤੇ ਦੁੱਖ ਜਤਾਇਆ ਹੈ।

ਮਕਬੂਜ਼ਾ ਕਸ਼ਮੀਰ ’ਚ ਬਾਜ਼ਾਰਾਂ ਤੇ ਸੜਕਾਂ ’ਤੇ ਸੁੰਨ ਪਸਰੀ

ਇਸਲਾਮਾਬਾਦ: ਸਾਂਝੀ ਅਵਾਮੀ ਐਕਸ਼ਨ ਕਮੇਟੀ (ਜੇ ਏ ਏ ਸੀ) ਵੱਲੋਂ ਦਿੱਤੇ ਪ੍ਰਦਰਸ਼ਨ ਦੇ ਸੱਦੇ ’ਤੇ ਅੱਜ ਮਕਬੂਜ਼ਾ ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਵਿੱਚ ਦੁਕਾਨਾਂ ਤੇ ਬਾਜ਼ਾਰ ਬੰਦ ਰਹੇ। ਕਮੇਟੀ ਨੇ ਖੇਤਰ ਵਿੱਚ ਪੁਲੀਸ ਦੀ ਹਾਲੀਆ ਕਾਰਵਾਈ ਵਿੱਚ 20 ਤੋਂ ਵੱਧ ਲੋਕਾਂ ਦੇ ਮਾਰੇ ਜਾਣ ਖਿਲਾਫ਼ ਪ੍ਰਦਰਸ਼ਨਾਂ ਦਾ ਸੱਦਾ ਦਿੱਤਾ ਸੀ। ਜੇ ਏ ਏ ਸੀ ਨਾਲ ਸਬੰਧਤ ਕਰੀਬ 2000 ਪ੍ਰਦਰਸ਼ਨਕਾਰੀਆਂ ਨੇ ਮੰਗਲਵਾਰ ਨੂੰ ਭਿੰਬਰ ਵਿੱਚ ਰੋਸ ਮਾਰਚ ਸ਼ੁਰੂ ਕੀਤਾ ਸੀ। ਬੀ ਬੀ ਸੀ ਉਰਦੂ ਦੀ ਰਿਪੋਰਟ ਮੁਤਾਬਕ ਪ੍ਰਦਰਸ਼ਨਕਾਰੀ ਮੀਰਪੁਰ ਤੋਂ ਅੱਗੇ ਮੁਜ਼ੱਫਰਾਬਾਦ ਲਈ ਰਵਾਨਾ ਹੋਣਗੇ। ਰਿਪੋਰਟ ਮੁਤਾਬਕ ਕੁਝ ਪ੍ਰਦਰਸ਼ਨਕਾਰੀ ਰਾਵਲਕੋਟ ਪਹੁੰਚਣਗੇ ਤੇ ਉਥੋਂ ਅੱਗੇ ਮੁਜ਼ੱਫਰਾਬਾਦ ਵੱਲ ਵਧਣਗੇ। ਪੁਲੀਸ ਤੇ ਸੁਰੱਖਿਆ ਬਲਾਂ ਵੱਲੋਂ ਸੜਕਾਂ ਤੇ ਹੋਰਨਾਂ ਇਲਾਕਿਆਂ ਵਿੱਚ ਗਸ਼ਤ ਕੀਤੀ ਜਾ ਰਹੀ ਹੈ। ਜੇ ਏ ਏ ਸੀ ਸਬਸਿਡੀ ਵਾਲੇ ਆਟੇ ਤੇ ਬਿਜਲੀ ਦੀ ਮੰਗ ਬਾਰੇ ਪ੍ਰਦਰਸ਼ਨ ਕਰ ਰਹੀ ਹੈ। ਅਧਿਕਾਰੀਆਂ ਨੇ ਅਮਨ ਕਾਨੂੰਨ ਤੇ ਸੁਰੱਖਿਆ ਨੂੰ ਲੈ ਕੇ ਫ਼ਿਕਰਾਂ ਦੇ ਹਵਾਲੇ ਨਾਲ ਸ਼ੁੱਕਰਵਾਰ ਨੂੰ ਇਸ ਸਮੂਹ ਨੂੰ ਗੈਰ-ਕਾਨੂੰਨੀ ਐਲਾਨ ਦਿੱਤਾ ਸੀ। ਰੋਜ਼ਨਾਮਚਾ ‘ਡਾਅਨ’ ਦੀ ਰਿਪੋਰਟ ਮੁਤਾਬਕ ਮੁਜ਼ੱਫਰਾਬਾਦ ਦੀਆਂ ਗਲੀਆਂ ਸੁੰਨਸਾਨ ਸਨ ਅਤੇ ਸੜਕਾਂ ’ਤੇ ਸ਼ਾਇਦ ਹੀ ਕੋਈ ਵਾਹਨ ਸੀ।

Share: