Aryna Sabalenka ਨੂੰ ਹਰਾ ਕੇ Diana Shnaider ਸੈਮੀਜ਼ ’ਚ

Aryna Sabalenka ਨੂੰ ਹਰਾ ਕੇ Diana Shnaider ਸੈਮੀਜ਼ ’ਚ

ਪੈਰਿਸ : ਰੌਲਾਂ ਗੈਰੋ ਵਿੱਚ ਬੁੱਧਵਾਰ ਨੂੰ ਚੱਲ ਰਹੀਆਂ ਤੇਜ਼ ਹਵਾਵਾਂ ਦਰਮਿਆਨ ਅਰੀਨਾ ਸਬਾਲੈਂਕਾ ਫਰੈਂਚ ਓਪਨ ’ਚੋਂ ਹਾਰ ਕੇ ਬਾਹਰ ਹੋ ਗਈ। ਡਾਇਨਾ ਸ਼ਨਾਈਡਰ ਨੇ ਸ਼ਾਨਦਾਰ ਵਾਪਸੀ ਕਰਦੇ ਹੋਏ ਦੁਨੀਆ ਦੀ ਅੱਵਲ ਦਰਜਾ ਖਿਡਾਰਨ ਨੂੰ 3-6, 7-5, 6-0 ਨਾਲ ਹਰਾ ਦਿੱਤਾ, ਜਿਸ ਨਾਲ ਸੈਮੀ ਫਾਈਨਲ ਦੇ ਮੁਕਾਬਲੇ ਹੁਣ ਹੋਰ ਵੀ ਦਿਲਚਸਪ ਅਤੇ ਖੁੱਲ੍ਹੇ ਹੋ ਗਏ ਹਨ। ਇਸ ਟੂਰਨਾਮੈਂਟ ਵਿੱਚ ਪਹਿਲਾਂ ਹੀ ਕਈ ਵੱਡੇ ਉਲਟਫੇਰ ਦੇਖਣ ਨੂੰ ਮਿਲੇ ਹਨ, ਜਿਸ ਵਿੱਚ ਮੌਜੂਦਾ ਚੈਂਪੀਅਨ ਕੋਕੋ ਗੌਫ ਅਤੇ ਚਾਰ ਵਾਰ ਦੀ ਜੇਤੂ ਇਗਾ ਸਵਿਆਤੇਕ ਦਾ ਸਮੇਂ ਤੋਂ ਪਹਿਲਾਂ ਬਾਹਰ ਹੋਣਾ ਸ਼ਾਮਲ ਹੈ।

ਇਸੇ ਲੜੀ ਵਿੱਚ ਸਬਾਲੈਂਕਾ ਦੀ ਇਹ ਹਾਰ ਟੂਰਨਾਮੈਂਟ ਲਈ ਇੱਕ ਹੋਰ ਅਣਕਿਆਸਾ ਝਟਕਾ ਸੀ। 24 ਵਾਰ ਦੇ ਗ੍ਰੈਂਡ ਸਲੈਮ ਜੇਤੂ ਨੋਵਾਕ ਜੋਕੋਵਿਚ ਦੇ ਵੀ ਜਲਦੀ ਬਾਹਰ ਹੋਣ ਕਾਰਨ, ਰੌਲਾਂ ਗੈਰੋ ਦੇ 1977 ਦੇ ਐਡੀਸ਼ਨ ਤੋਂ ਬਾਅਦ ਇਹ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਵੱਡੇ ਗ੍ਰੈਂਡ ਸਲੈਮ ਦੇ ਸੈਮੀ ਫਾਈਨਲ ਵਿੱਚ ਕੋਈ ਵੀ ਸਾਬਕਾ ਗ੍ਰੈਂਡ ਸਲੈਮ ਚੈਂਪੀਅਨ ਖਿਡਾਰੀ ਸ਼ਾਮਲ ਨਹੀਂ ਹੋਵੇਗਾ। ਫਰੈਂਚ ਓਪਨ ਦਾ ਖਿਤਾਬ ਹੁਣ ਕੋਈ ਨਵਾਂ ਖਿਡਾਰੀ ਜਿੱਤੇਗਾ।

ਇਰਾਨੀ ਤੇ ਵਾਵਾਸੋਰੀ ਨੇ ਮਿਕਸਡ ਡਬਲਜ਼ ਦਾ ਖ਼ਿਤਾਬ ਬਰਕਰਾਰ ਰੱਖਿਆ

ਪੈਰਿਸ: ਸਾਰਾ ਇਰਾਨੀ ਅਤੇ ਐਂਡਰੀਆ ਵਾਵਾਸੋਰੀ ਨੇ ਸ਼ਾਨਦਾਰ ਵਾਪਸੀ ਕਰਦੇ ਹੋਏ ਅਮਰੀਕਾ ਦੇ ਇਵਾਨ ਕਿੰਗ ਅਤੇ ਕੈਨੇਡਾ ਦੀ ਗੈਬਰੀਏਲਾ ਡਾਬਰੋਵਸਕੀ ਨੂੰ 4-6, 6-3 (10-4) ਨਾਲ ਹਰਾ ਕੇ ਆਪਣਾ ਫਰੈਂਚ ਓਪਨ ਮਿਕਸਡ ਡਬਲਜ਼ ਖ਼ਿਤਾਬ ਆਪਣੇ ਕੋਲ ਬਰਕਰਾਰ ਰੱਖਿਆ। ਇਸ ਇਤਾਲਵੀ ਜੋੜੀ ਨੇ ਕੋਰਟ ਫਿਲਿਪ ਚੈਟਰੀਅਰ ਵਿੱਚ ਫ਼ੈਸਲਾਕੁਨ ਮੈਚ ਟਾਈਬ੍ਰੇਕਰ ’ਚ ਪੂਰੀ ਤਰ੍ਹਾਂ ਦਬਦਬਾ ਬਣਾਇਆ। ਇਹ ਜੋੜੀ 2018 ਅਤੇ 2019 ਵਿੱਚ ਕ੍ਰੋਏਸ਼ੀਆ ਦੇ ਇਵਾਨ ਡੋਡਿਗ ਅਤੇ ਤਾਇਵਾਨ ਦੀ ਲਾਤਿਸ਼ਾ ਚੇਨ ਤੋਂ ਬਾਅਦ ਫਰੈਂਚ ਓਪਨ ਮਿਕਸਡ ਡਬਲਜ਼ ਖ਼ਿਤਾਬ ਬਰਕਰਾਰ ਰੱਖਣ ਵਾਲੀ ਪਹਿਲੀ ਜੋੜੀ ਬਣ ਗਈ ਹੈ।

ਆਲ ਇਤਾਲਵੀ ਸੈਮੀ ਫਾਈਨਲ

ਪੈਰਿਸ: ਇੱਕ ਇਤਾਲਵੀ ਖਿਡਾਰੀ ਫਰੈਂਚ ਓਪਨ ਦੇ ਫਾਈਨਲ ਵਿੱਚ ਪਹੁੰਚੇਗਾ ਅਤੇ ਉਹ ਜੈਨਿਕ ਸਿਨਰ ਨਹੀਂ ਹੈ ਤੇ ਨਾ ਹੀ ਉਹ ਲੌਰੈਂਜ਼ੋ ਮੁਸੇਤੀ ਹੈ। ਫਲਾਵੀਓ ਕੋਬੋਲੀ ਸ਼ੁੱਕਰਵਾਰ ਨੂੰ ਆਪਣੇ ਹੀ ਦੇਸ਼ ਦੇ ਇਤਾਲਵੀ ਖਿਡਾਰੀ ਮਾਤੇਓ ਅਰਨਾਲਡੀ ਵਿਰੁੱਧ ਖੇਡੇਗਾ, ਜੋ ਦੋਵਾਂ ਖਿਡਾਰੀਆਂ ਲਈ ਕਰੀਅਰ ਦਾ ਪਹਿਲਾ ਗ੍ਰੈਂਡ ਸਲੈਮ ਸੈਮੀ ਫਾਈਨਲ ਹੋਵੇਗਾ। ਬੁੱਧਵਾਰ ਨੂੰ ਕੋਬੋਲੀ ਨੇ ਫੈਲਿਕਸ ਔਗਰ-ਅਲੀਆਸਿਮੇ ਨੂੰ 4-6, 6-4, 6-4, 6-4 ਨਾਲ ਹਰਾਇਆ, ਜਦੋਂ ਕਿ ਅਰਨਾਲਡੀ ਉਦੋਂ ਅਗਲੇ ਗੇੜ ਵਿੱਚ ਪਹੁੰਚਿਆ ਜਦੋਂ ਇੱਕ ਹੋਰ ਇਤਾਲਵੀ ਖਿਡਾਰੀ ਮਾਤੇਓ ਬੈਰੇਤਿਨੀ ਸੱਟ ਕਾਰਨ ਮੈਚ ’ਚੋਂ ਵਿਚਾਲੇ ਹੀ ਹਟ ਗਿਆ। ਉਸ ਸਮੇਂ ਅਰਨਾਲਡੀ 7-5, 5-2 ਨਾਲ ਅੱਗੇ ਚੱਲ ਰਿਹਾ ਸੀ।

Share: