ਕੋਲਕਾਤਾ : ਟੀ ਐੱਮ ਸੀ ਵਿੱਚ ਜਾਰੀ ਅੰਦਰੂਨੀ ਸੰਕਟ ਦਰਮਿਆਨ ਅੱਜ ਦੁਪਹਿਰੇ ਸੀ ਆਈ ਡੀ ਦੀ ਨੇ ਪਾਰਟੀ ਪ੍ਰਮੁੱਖ ਮਮਤਾ ਬੈਨਰਜੀ ਦੇ ਕਾਲੀਘਾਟ ਸਥਿਤ ਸਰਕਾਰੀ ਨਿਵਾਸ ਅਤੇ ਕੇਂਦਰੀ ਪਾਰਟੀ ਦਫ਼ਤਰ ਵਿੱਚ ਛਾਪਾ ਮਾਰਿਆ। ਇਹ ਕਾਰਵਾਈ ਵਿਧਾਇਕਾਂ ਦੇ ਕਥਿਤ ਜਾਅਲੀ ਦਸਤਖ਼ਤਾਂ ਦੇ ਮਾਮਲੇ ਦੀ ਜਾਂਚ ਦੇ ਸਿਲਸਿਲੇ ਵਿੱਚ ਕੀਤੀ ਗਈ ਹੈ ਜੋ ਦੋ ਘੰਟਿਆਂ ਤੱਕ ਜਾਰੀ ਰਹੀ। ਛਾਪੇ ਦੌਰਾਨ ਸੀ ਆਈ ਡੀ ਅਧਿਕਾਰੀਆਂ ਦੇ ਨਾਲ ਕਾਲੀਘਾਟ ਥਾਣੇ ਦੀ ਪੁਲੀਸ ਅਤੇ ਵੱਡੀ ਗਿਣਤੀ ਵਿੱਚ ਮਹਿਲਾ ਕਰਮਚਾਰੀ ਵੀ ਸਨ। ਸ਼ੁਰੂ ਵਿੱਚ ਸੁਰੱਖਿਆ ਕਰਮਚਾਰੀਆਂ ਅਤੇ ਟੀ ਐੱਮ ਸੀ ਆਗੂਆਂ ਨੇ ਟੀਮ ਨੂੰ ਅੰਦਰ ਜਾਣ ਤੋਂ ਰੋਕਿਆ, ਜਿਸ ਕਾਰਨ ਕੁਝ ਸਮੇਂ ਲਈ ਸਥਿਤੀ ਤਣਾਅਪੂਰਨ ਬਣ ਗਈ ਪਰ ਬਾਅਦ ਵਿੱਚ ਵੱਡੀ ਗਿਣਤੀ ਪੁਲੀਸ ਬਲ ਦੀ ਮੌਜੂਦਗੀ ਵਿੱਚ ਸੀ ਆਈ ਡੀ ਟੀਮ ਅਹਾਤੇ ਵਿੱਚ ਦਾਖਲ ਹੋਈ ਤੇ ਜਾਂਚ ਸ਼ੁਰੂ ਕਰ ਦਿੱਤੀ। ਇਹ ਵੀ ਜਾਣਕਾਰੀ ਮਿਲੀ ਹੈ ਕਿ ਵੱਖਰੀ ਟੀਮ ਨੇ ਅਭਿਸ਼ੇਕ ਬੈਨਰਜੀ ਦੇ ਕਮਾਕ ਸਟ੍ਰੀਟ ਸਥਿਤ ਦਫ਼ਤਰ ’ਤੇ ਛਾਪਾ ਮਾਰਿਆ। ਸੀ ਆਈ ਡੀ ਅਨੁਸਾਰ ਇਹ ਛਾਪਾ ਟੀ ਐੱਮ ਸੀ ਦੇ ਕੌਮੀ ਜਨਰਲ ਸਕੱਤਰ ਅਭਿਸ਼ੇਕ ਬੈਨਰਜੀ ਵੱਲੋਂ ਕੇਂਦਰੀ ਏਜੰਸੀ ਦੇ ਨੋਟਿਸ ਦੇ ਦਿੱਤੇ ਜਵਾਬ ਦੇ ਮੱਦੇਨਜ਼ਰ ਮਾਰਿਆ ਗਿਆ ਹੈ। ਆਪਣੇ ਜਵਾਬ ਵਿੱਚ ਬੈਨਰਜੀ ਨੇ ਦੱਸਿਆ ਸੀ ਕਿ ਵਿਧਾਇਕਾਂ ਨੇ ਪਾਰਟੀ ਦੇ ਕੇਂਦਰੀ ਦਫ਼ਤਰ ਵਿੱਚ ਸਾਂਝੇ ਤੌਰ ’ਤੇ ਦਸਤਖ਼ਤ ਕੀਤੇ ਸਨ। ਅਭਿਸ਼ੇਕ ਬੈਨਰਜੀ, ਜੋ ਇਸ ਸਮੇਂ ਮਮਤਾ ਬੈਨਰਜੀ ਨਾਲ ਨਵੀਂ ਦਿੱਲੀ ਵਿੱਚ ਹਨ ਨੂੰ ਸੀ ਆਈ ਡੀ ਨੇ ਮੰਗਲਵਾਰ ਸ਼ਾਮ 5 ਵਜੇ ਤੱਕ ਇਸ ਮਾਮਲੇ ਵਿੱਚ ਪੇਸ਼ ਹੋਣ ਲਈ ਸੰਮਨ ਭੇਜਿਆ ਹੈ। ਇਹ ਅਭਿਸ਼ੇਕ ਨੂੰ ਭੇਜਿਆ ਗਿਆ ਤੀਜਾ ਸੰਮਨ ਸੀ। ਅਭਿਸ਼ੇਕ ਦੇ ਦਫ਼ਤਰ ’ਤੇ ਸੀ ਆਈ ਡੀ ਦੀ ਟੀਮ ਤਿੰਨ ਘੰਟੇ ਰਹੀ?
ਜਿਵੇਂ ਹੀ ਛਾਪੇ ਦੀ ਖ਼ਬਰ ਫੈਲੀ, ਸੀਨੀਅਰ ਟੀ ਐੱਮ ਸੀ ਆਗੂ ਅਤੇ ਵਿਧਾਇਕ ਕੁਨਾਲ ਘੋਸ਼ ਅਤੇ ਮਦਨ ਮਿੱਤਰਾ ਪਾਰਟੀ ਸੁਪਰੀਮੋ ਦੇ ਘਰ ਪਹੁੰਚੇ ਪਰ ਉਨ੍ਹਾਂ ਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਬਾਅਦ ਵਿੱਚ, ਟੀ ਐੱਮ ਸੀ ਸੰਸਦ ਮੈਂਬਰ ਅਤੇ ਵਕੀਲ ਕਲਿਆਣ ਬੈਨਰਜੀ ਮੌਕੇ ’ਤੇ ਪਹੁੰਚੇ ਅਤੇ ਸੀ ਆਈ ਡੀ ਅਧਿਕਾਰੀਆਂ ਨਾਲ ਗੱਲ ਕੀਤੀ। ਕਲਿਆਣ ਬੈਨਰਜੀ ਨੇ ਇਸ ਕਾਰਵਾਈ ਨੂੰ ‘ਬਦਲੇ ਦੀ ਰਾਜਨੀਤੀ’ ਕਰਾਰ ਦਿੰਦਿਆਂ ਦੋਸ਼ ਲਾਇਆ ਕਿ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਸ਼ਹਿਰ ਤੋਂ ਬਾਹਰ ਹੋਣ ਦਾ ਫਾਇਦਾ ਚੁੱਕ ਕੇ ਇਹ ਕਦਮ ਚੁੱਕਿਆ ਗਿਆ ਹੈ।
ਸੋਨੀਆ ਤੇ ਮਮਤਾ ਦੀ ਬੰਦ ਕਮਰਾ ਮੀਟਿੰਗ
ਵਿਰੋਧੀ ਧਿਰਾਂ ਦੇ ‘ਇੰਡੀਆ’ ਗੱਠਜੋੜ ਦੀ ਬੈਠਕ ਵਿੱਚ ਇਕਜੁੱਟਤਾ ਤੇ ਬਿਹਤਰ ਤਾਲਮੇਲ ਲਈ ਜ਼ੋਰ ਪਾਉਣ ਤੋਂ ਇਕ ਦਿਨ ਮਗਰੋਂ ਤ੍ਰਿਣਮੂਲ ਕਾਂਗਰਸ ਸੁਪਰੀਮੋ ਮਮਤਾ ਬੈਨਰਜੀ ਨੇ ਮੰਗਲਵਾਰ ਨੂੰ ਸੀਨੀਅਰ ਕਾਂਗਰਸੀ ਆਗੂ ਸੋਨੀਆ ਗਾਂਧੀ ਨਾਲ ਉਨ੍ਹਾਂ ਦੀ 10 ਜਨਪਥ ਰਿਹਾਇਸ਼ ’ਤੇ ਮੁਲਾਕਾਤ ਕੀਤੀ। ਸੂਤਰਾਂ ਨੇ ਕਿਹਾ ਕਿ ਦੋਵਾਂ ਆਗੂਆਂ ਨੇ ਅੱਗੇ ਵਧਣ ਨੂੰ ਲੈ ਕੇ ਦੋਵਾਂ ਪਾਰਟੀਆਂ ਦਰਮਿਆਨ ਰਣਨੀਤੀ ਉੱਤੇ ਵਿਚਾਰ ਚਰਚਾ ਕੀਤੀ। ਬੰਗਾਲ ਚੋਣਾਂ ’ਚ ਤ੍ਰਿਣਮੂਲ ਦੀ ਹਾਰ ਅਤੇ ਪਾਰਟੀ ਵਰਕਰਾਂ ਤੇ ਸੰਸਦ ਮੈਂਬਰ ਅਭਿਸ਼ੇਕ ਬੈਨਰਜੀ ਉੱਤੇ ਹਮਲਿਆਂ ਮਗਰੋਂ ਬੈਨਰਜੀ ਤੇ ਗਾਂਧੀ ਦੀ ਇਹ ਪਹਿਲੀ ਬੰਦ ਕਮਰਾ ਮੀਟਿੰਗ ਹੈ। ਇਹ ਮੁਲਾਕਾਤ ਅਜਿਹੇ ਮੌਕੇ ਹੋਈ ਹੈ ਜਦੋਂ ਹਾਲੀਆ ਬੰਗਾਲ ਚੋਣਾਂ ’ਚ ਭਾਜਪਾ ਹੱਥੋਂ ਮਿਲੀ ਹਾਰ ਤੋਂ ਬਾਅਦ ਤ੍ਰਿਣਮੂਲ ਦੇ ਕਈ ਵਿਧਾਇਕ ਪਾਰਟੀ ਤੋਂ ਬਾਗ਼ੀ ਹੋ ਗਏ ਹਨ। ਤ੍ਰਿਣਮੂਲ ਦੇ 80 ਵਿਧਾਇਕਾਂ ’ਚੋਂ ਬਹੁਗਿਣਤੀ ਨੇ ਸੂਬਾਈ ਅਸੈਂਬਲੀ ’ਚ ਵਿਰੋਧੀ ਧਿਰ ਦੇ ਆਗੂ ਰੀਟਾਬ੍ਰਤਾ ਬੈਨਰਜੀ ਦੀ ਅਗਵਾਈ ਹੇਠ ਆਪਣਾ ਵੱਖਰਾ ਸਮੂਹ ਪਹਿਲਾਂ ਹੀ ਬਣਾ ਲਿਆ ਹੈ।
ਟੀ ਐੱਮ ਸੀ ਆਗੂ ਸਬਿਆਸਾਚੀ ਦੱਤਾ ਗ੍ਰਿਫ਼ਤਾਰ
ਕੋਲਕਾਤਾ: ਤ੍ਰਿਣਮੂਲ ਕਾਂਗਰਸ ਦੇ ਆਗੂ ਸਬਿਆਸਾਚੀ ਦੱਤਾ ਨੂੰ ਅੱਜ ਪੱਛਮੀ ਬੰਗਾਲ ਦੇ ਉੱਤਰੀ 24 ਪਰਗਨਾ ਜ਼ਿਲ੍ਹੇ ’ਚੋਂ ਜਬਰੀ ਵਸੂਲੀ ਅਤੇ ਅਪਰਾਧਿਕ ਧਮਕੀ ਦੇ ਦੋਸ਼ਾਂ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਅਦਾਲਤ ਨੇ ਉਨ੍ਹਾਂ ਦਾ ਅੱਠ ਦਿਨਾਂ ਪੁਲੀਸ ਰਿਮਾਂਡ ਦਿੱਤਾ ਹੈ। ਪੁਲੀਸ ਅਨੁਸਾਰ ਇਹ ਗ੍ਰਿਫ਼ਤਾਰੀ ਇੱਕ ਵਪਾਰੀ ਦੀ ਸ਼ਿਕਾਇਤ ’ਤੇ ਕੀਤੀ ਗਈ ਹੈ। ਸ਼ਿਕਾਇਤ ਵਿੱਚ ਵਪਾਰੀ ਨੇ ਦਾਅਵਾ ਕੀਤਾ ਹੈ ਕਿ ਦੱਤਾ ਨੇ 2018 ਵਿੱਚ ਉਸ ਤੋਂ 1 ਕਰੋੜ ਰੁਪਏ ਤੋਂ ਵੱਧ ਦੀ ਮੰਗ ਕੀਤੀ ਸੀ। ਦੱਤਾ ਨੂੰ ਉਨ੍ਹਾਂ ਦੇ ਰਾਇਗਾਚੀ ਸਥਿਤ ਘਰ ਤੋਂ ਗ੍ਰਿਫ਼ਤਾਰ ਕੀਤਾ ਗਿਆ। ਅਦਾਲਤ ਲਿਜਾਂਦੇ ਸਮੇਂ ਲੋਕਾਂ ਨੇ ਉਨ੍ਹਾਂ ਖ਼ਿਲਾਫ਼ ‘ਚੋਰ’ ਦੇ ਨਾਅਰੇ ਲਗਾਏ ਅਤੇ ਅੰਡੇ, ਟਮਾਟਰ ਤੇ ਗੋਬਰ ਸੁੱਟਿਆ। ਦੱਤਾ ਨੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਜੇ ਇਕ ਰੁਪਇਆ ਲੈਣ ਦਾ ਵੀ ਦੋਸ਼ ਸਾਬਤ ਹੋ ਗਿਆ ਤਾਂ ਉਹ ਫਾਂਸੀ ਲਈ ਤਿਆਰ ਹਨ। ਉਹ ਬਾਰਾਸਾਤ ਸੀਟ ਤੋਂ ਵਿਧਾਨ ਸਭਾ ਚੋਣ ਹਾਰ ਗਏ ਸਨ। ਉਹ ਪਹਿਲਾਂ ਭਾਜਪਾ ਵਿੱਚ ਸ਼ਾਮਲ ਹੋਏ ਤੇ ਮਗਰੋਂ ਉਨ੍ਹਾਂ ਟੀ ਐੱਮ ਸੀ ਵਿੱਚ ਵਾਪਸੀ ਕੀਤੀ ਸੀ। ਇਸ ਘਟਨਾ ਨੇ ਰਾਜਨੀਤਕ ਮਾਹੌਲ ਨੂੰ ਹੋਰ ਤਣਾਅਪੂਰਨ ਬਣਾ ਦਿੱਤਾ ਹੈ।

