ਅਤਿ ਦੀ ਗਰਮੀ: ਪੰਜਾਬ ਵਿੱਚ ਬਿਜਲੀ ਦੀ ਮੰਗ 15 ਹਜ਼ਾਰ ਮੈਗਾਵਾਟ ਤੋਂ ਟੱਪੀ

ਅਤਿ ਦੀ ਗਰਮੀ: ਪੰਜਾਬ ਵਿੱਚ ਬਿਜਲੀ ਦੀ ਮੰਗ 15 ਹਜ਼ਾਰ ਮੈਗਾਵਾਟ ਤੋਂ ਟੱਪੀ

ਚੰਡੀਗਡ਼੍ਹ : ਪੰਜਾਬ ਵਿੱਚ ਵਿੱਚ ਗਰਮੀ ਜ਼ੋਰ ’ਤੇ ਹੈ। ਗਰਮੀ ਕਰਕੇ ਸੂਬੇ ਵਿੱਚ ਤਾਪਮਾਨ 45 ਡਿਗਰੀ ਸੈਲਸੀਅਸ ਤੋਂ ਪਾਰ ਹੋ ਗਿਆ ਹੈ। ਬਿਜਲੀ ਦੀ ਮੰਗ ਵੀ ਵੱਧਣੀ ਸ਼ੁਰੂ ਹੋ ਗਈ ਹੈ। ਅੱਜ ਪੰਜਾਬ ਵਿੱਚ ਦੁਪਹਿਰ ਸਮੇਂ ਬਿਜਲੀ ਦੀ ਮੰਗ 15,400 ਮੈਗਾਵਾਟ ਤੋਂ ਟੱਪ ਗਈ ਹੈ, ਜੋ ਕਿ ਲੰਘੇ ਦਿਨ ਨਾਲੋਂ 1200 ਮੈਗਾਵਾਟ ਵੱਧ ਦਰਜ ਕੀਤੀ ਗਈ ਹੈ। ਲੰਘੇ ਦਿਨ ਪੰਜਾਬ ਵਿੱਚ ਬਿਜਲੀ ਦੀ ਮੰਗ 14,200 ਮੈਗਾਵਾਟ ਦਰਜ ਕੀਤੀ ਗਈ ਸੀ। ਹਾਲਾਂਕਿ ਪੰਜਾਬ ਵਿੱਚ ਹਾਲੇ ਝੋਨੇ ਦੀ ਲੁਆਈ ਦਾ ਕੰਮ ਅੱਧ ਵਿਚਾਲੇ ਹੋਣ ਕਰਕੇ ਖੇਤੀ ਖੇਤਰ ਵੱਲੋਂ ਬਹੁਤਾ ਲੋਡ ਨਹੀਂ ਪਾਇਆ ਜਾ ਰਿਹਾ। ਪੰਜਾਬ ਵਿੱਚ ਅੱਜ ਤੋਂ ਝੋਨੇ ਦੀ ਤੀਜੇ ਗੇੜ ਦੀ ਲੁਆਈ ਦਾ ਕੰਮ ਸ਼ੁਰੂ ਹੋਇਆ ਹੈ, ਜਦੋਂ ਸਾਰੇ ਕਿਸਾਨਾਂ ਵੱਲੋਂ ਝੋਨੇ ਦੀ ਲੁਆਈ ਦਾ ਕੰਮ ਮੁਕੰਮਲ ਕਰ ਲਿਆ ਜਾਵੇਗਾ ਤਾਂ ਬਿਜਲੀ ਦੀ ਮੰਗ ਹੋਰ ਵਧੇਗੀ ਕਿਉਂਕਿ ਉਸ ਸਮੇਂ ਪੰਜਾਬ ਵਿੱਚ ਖੇਤੀ ਮੋਟਰਾਂ ਵੀ ਚੱਲ ਪੈਣਗੀਆਂ। ਪੰਜਾਬ ਵਿੱਚ ਸਥਿਤ ਸਰਕਾਰੀ ਖੇਤਰ ਦੇ ਤਿੰਨ ਅਤੇ ਨਿੱਜੀ ਖੇਤਰ ਦੇ ਦੋ ਥਰਮਲ ਪਲਾਂਟਾਂ ਦੇ ਕੁੱਲ 15 ਯੂਨਿਟਾਂ ਵਿੱਚੋਂ 14 ਯੂਨਿਟ ਕਾਰਜਸ਼ੀਲ ਹਨ। ਇਸ ਦੌਰਾਨ ਰੋਪੜ ਥਰਮਲ ਪਲਾਂਟ ਦੇ ਚਾਰ ਵਿੱਚੋਂ ਤਿੰਨ ਯੂਨਿਟ ਚੱਲ ਰਹੇ ਹਨ। ਲਹਿਰਾ ਮੁਹੱਬਤ ਥਰਮਲ ਪਲਾਂਟ ਦੇ ਚਾਰੋ ਯੂਨਿਟ ਕਾਰਜਸ਼ੀਲ ਹਨ ਅਤੇ ਗੋਇੰਦਵਾਲ ਥਰਮਲ ਪਲਾਂਟ ਦੇ ਦੋਵੇਂ ਯੂਨਿਟ ਚੱਲ ਰਹੇ ਹਨ। ਇਸੇ ਤਰ੍ਹਾਂ ਨਿੱਜੀ ਖੇਤਰ ਦੇ ਥਰਮਲ ਪਲਾਂਟਾ ਵਿੱਚੋਂ ਰਾਜਪੁਰਾ ਥਰਮਲ ਪਲਾਂਟ ਦੇ ਦੋਵੇਂ ਯੂਨਿਟ ਅਤੇ ਤਲਵੰਡੀ ਸਾਬੋ ਥਰਮਲ ਪਲਾਂਟ ਦੇ ਤਿੰਨੋਂ ਯੂਨਿਟ ਚੱਲ ਰਹੇ ਹਨ।

Share: