Arora ਦੇ ਚਾਰਟਰਡ ਅਕਾਊਂਟੈਂਟ ED ਦੇ ਨਿਸ਼ਾਨੇ ’ਤੇ

Arora ਦੇ ਚਾਰਟਰਡ ਅਕਾਊਂਟੈਂਟ ED ਦੇ ਨਿਸ਼ਾਨੇ ’ਤੇ

ਜਲੰਧਰ/ਲੁਧਿਆਣਾ (ਮਨੀਸ਼ ਰਿਹਾਨ ):  ਐਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਨੇ ਮੰਗਲਵਾਰ ਨੂੰ ਜਲੰਧਰ ਤੇ ਲੁਧਿਆਣਾ ਵਿੱਚ ਕੈਬਨਿਟ ਮੰਤਰੀ ਸੰਜੀਵਾ ਅਰੋੜਾ ਦੇ ਬੇਹੱਦ ਨਜ਼ਦੀਕੀ ਚਾਰਟਰਡ ਅਕਾਊਂਟੈਂਟਾਂ ਦੇ ਘਰਾਂ ਤੇ ਦਫ਼ਤਰਾਂ ’ਤੇ ਛਾਪੇ ਮਾਰੇ। ਈ ਡੀ ਦੀ ਇਹ ਕਾਰਵਾਈ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਨਾਲ ਜੁੜੀ ਹੈ। ਈ ਡੀ ਦੀਆਂ ਟੀਮਾਂ ਨੇ ਜਲੰਧਰ ਦੇ ਨਿਊ ਜਵਾਹਰ ਨਗਰ ਵਿੱਚ ਨਗਰ ਨਿਗਮ ਦੇ ਠੇਕੇਦਾਰ ਅਤੇ ਚਾਰਟਰਡ ਅਕਾਊਂਟੈਂਟ ਅਮਿਤ ਬਜਾਜ ਤੇ ਉਸ ਦੇ ਵੱਡੇ ਭਰਾ ਇੰਦਰਜੀਤ ਬਜਾਜ ਅਤੇ ਲੁਧਿਆਣਾ ਦੇ ਸ਼ਹੀਦ ਭਗਤ ਸਿੰਘ ਨਗਰ ਵਿੱਚ ਸੀ ਏ ਅੰਕੁਰ ਗਰਗ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ। ਈ ਡੀ ਨੇ ਜਾਂਚ ਦੌਰਾਨ ਕਈ ਅਹਿਮ ਦਸਤਾਵੇਜ਼ ਅਤੇ ਚੀਜ਼ਾਂ ਕਬਜ਼ੇ ਵਿੱਚ ਲਈਆਂ ਹਨ।

ਜਲੰਧਰ ਵਿੱਚ ਮਾਰੇ ਛਾਪਿਆਂ ਦੌਰਾਨ ਈ ਡੀ ਅਧਿਕਾਰੀਆਂ ਨੇ ਘਰ ਵਿੱਚ ਮੌਜੂਦ ਫਾਈਲਾਂ ਦੀ ਜਾਂਚ ਪੜਤਾਲ ਕੀਤੀ। ਈ ਡੀ ਅਧਿਕਾਰੀਆਂ ਨੇ ਇਨ੍ਹਾਂ ਛਾਪਿਆਂ ਬਾਰੇ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਅਤੇ ਕਾਰਵਾਈ ਨੂੰ ਪੂਰੀ ਤਰ੍ਹਾਂ ਗੁਪਤ ਰੱਖਿਆ ਹੈ। ਉਂਜ, ਇਸ ਕਾਰਵਾਈ ਤੋਂ ਬਾਅਦ ਸ਼ਹਿਰ ਦੇ ਵੱਡੇ ਕਾਰੋਬਾਰੀ ਅਤੇ ਵਪਾਰੀਆਂ ਵਿੱਚ ਦਹਿਸ਼ਤ ਦਾ ਮਾਹੌਲ ਜ਼ਰੂਰ ਬਣ ਗਿਆ। ਈ ਡੀ ਵੱਲੋਂ ਜਲੰਧਰ ਦੇ ਦੋ ਆਗੂਆਂ ਦੇ ਘਰ ਦਸਤਕ ਦੇਣ ਦੀ ਵੀ ਚਰਚਾ ਹੈ। ਇਸ ਤੋਂ ਪਹਿਲਾਂ ਪ੍ਰਾਈਵੇਟ ਯੂਨੀਵਰਸਿਟੀ ਦੇ ਚਾਂਸਲਰ ਅਤੇ ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ਦੇ ਘਰ ਵੀ ਛਾਪੇ ਮਾਰੇ ਗਏ ਸਨ। ਅਮਿਤ ਬਜਾਜ ਤੇ ਉਨ੍ਹਾਂ ਦਾ ਭਰਾ ਨਾ ਸਿਰਫ਼ ਜਲੰਧਰ ਬਲਕਿ ਲੁਧਿਆਣਾ, ਮੁਹਾਲੀ ਅਤੇ ਗੁਜਰਾਤ ਸਣੇ ਹੋਰਨਾਂ ਸੂਬਿਆਂ ਵਿੱਚ ਵੀ ਨਗਰ ਨਿਗਮ ਅਤੇ ਹੋਰ ਸਰਕਾਰੀ ਵਿਭਾਗਾਂ ਦੇ ਵੱਡੇ ਠੇਕੇਦਾਰ ਰਹੇ ਹਨ। ਉਹ ਸਿਆਸੀ ਪਾਰਟੀ ਦੇ ਕਈ ਪ੍ਰੋਗਰਾਮਾਂ ਨੂੰ ਫੰਡ ਦਿੰਦੇ ਰਹੇ ਹਨ। ਉਹ ‘ਆਪ’ ਦੇ ਉੱਚ ਆਗੂਆਂ ਦੇ ਬਹੁਤ ਕਰੀਬੀ ਹਨ ਅਤੇ ਅਕਸਰ ਉਨ੍ਹਾਂ ਦੀਆਂ ਮੀਟਿੰਗਾਂ ਵਿੱਚ ਦੇਖੇ ਗਏ ਸਨ।

ਉੱਧਰ, ਲੁਧਿਆਣਾ ਵਿੱਚ ਜਾਂਚ ਏਜੰਸੀ ਦੀ ਰਾਡਾਰ ’ਤੇ ਆਏ ਸੀ ਏ ਅੰਕੁਰ ਗਰਗ ਇਲਾਕੇ ਦੇ ਨਾਮਵਰ ਚਾਰਟਰਡ ਅਕਾਊਂਟੈਂਟ ਹਨ, ਜੋ ਪੰਜਾਬ ਦੇ ਕਾਰਪੋਰੇਟ ਜਗਤ ਨੂੰ ਟੈਕਸ ਕੰਸਲਟੈਂਸੀ ਦੀਆਂ ਸੇਵਾਵਾਂ ਦਿੰਦੇ ਹਨ। ਉਹ ਮੁੱਖ ਤੌਰ ’ਤੇ ਇਨਕਮ ਟੈਕਸ, ਜੀ ਐੱਸ ਟੀ, ਕਾਰਪੋਰੇਟ ਆਡਿਟਿੰਗ ਅਤੇ ਬਿਜ਼ਨਸ ਕੰਸਲਟੈਂਸੀ ਦੇ ਜਾਣੇ-ਪਛਾਣੇ ਮਾਹਿਰ ਮੰਨੇ ਜਾਂਦੇ ਹਨ। ਸ਼ਹਿਰ ਦੀਆਂ ਕਈ ਨਾਮੀ ਕੰਪਨੀਆਂ ਤੇ ਉਦਯੋਗਪਤੀ ਉਨ੍ਹਾਂ ਦੇ ਗਾਹਕਾਂ ਦੀ ਸੂਚੀ ਵਿੱਚ ਸ਼ਾਮਲ ਹਨ। ਈ ਡੀ ਦੀ ਟੀਮ ਅੰਕੁਰ ਗਰਗ ਦੇ ਘਰ ਸਵੇਰੇ ਹੀ ਪਹੁੰਚ ਗਈ ਸੀ। ਇਸ ਦੌਰਾਨ ਟੀਮ ਨੇ ਘਰ ਦੇ ਅੰਦਰੋਂ ਨਾ ਤਾਂ ਕਿਸੇ ਨੂੰ ਬਾਹਰ ਆਉਣ ਦਿੱਤਾ ਅਤੇ ਨਾ ਹੀ ਕਿਸੇ ਨੂੰ ਅੰਦਰ ਜਾਣ ਦੀ ਇਜਾਜ਼ਤ ਦਿੱਤੀ ਗਈ।

Share: