ਪੀ ਏ ਯੂ ਅਤੇ ਮੌਸਮ ਵਿਗਿਆਨ ਵਿਭਾਗ ਵਿਚਾਲੇ ਸਮਝੌਤਾ ਸਹੀਬੱਧ

ਪੀ ਏ ਯੂ ਅਤੇ ਮੌਸਮ ਵਿਗਿਆਨ ਵਿਭਾਗ ਵਿਚਾਲੇ ਸਮਝੌਤਾ ਸਹੀਬੱਧ

ਲੁਧਿਆਣਾ (ਮਨੀਸ਼ ਰਿਹਾਨ ): ਪੀ ਏ ਯੂ ਅਤੇ ਭਾਰਤੀ ਮੌਸਮ ਵਿਗਿਆਨ ਵਿਭਾਗ ਵਿਚਕਾਰ ਅੱਜ ਸਮਝੌਤਾ ਸਹੀਬੱਧ ਹੋਇਆ ਹੈ। ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਦੀ ਪ੍ਰਧਾਨਗੀ ਹੇਠ ਹੋਈ ਇਕੱਤਰਤਾ ਵਿੱਚ ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਅਤੇ ਭਾਰਤੀ ਮੌਸਮ ਵਿਗਿਆਨ ਵਿਭਾਗ ਚੰਡੀਗੜ੍ਹ ਦੇ ਨਿਰਦੇਸ਼ਕ ਡਾ. ਸੁਰਿੰਦਰ ਪੌਲ ਨੇ ਸਮਝੌਤੇ ਉੱਪਰ ਦਸਤਖ਼ਤ ਕੀਤੇ। ਇਸ ਮੌਕੇ ਰਜਿਸਟਰਾਰ ਡਾ. ਰਿਸ਼ੀਪਾਲ ਸਿੰਘ ਅਤੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਮੌਜੂਦ ਸਨ।

ਡਾ. ਗੋਸਲ ਨੇ ਅੰਮ੍ਰਿਤਸਰ ਵਿੱਚ ਡੌਪਲਰ ਮੌਸਮ ਰਾਡਾਰ ਸਥਾਪਤ ਕਰਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਨਾਲ ਮੌਸਮ ਸਬੰਧੀ ਅਗਾਊਂ ਸੂਚਨਾ ਪ੍ਰਣਾਲੀ ਵਿਕਸਿਤ ਹੋਵੇਗੀ। ਉੱਤਰ ਪੱਛਮ ਭਾਰਤ ਵਿੱਚ ਸਟੀਕ ਮੌਸਮੀ ਭਵਿੱਖਬਾਣੀ ਸਬੰਧੀ ਅੰਕੜੇ ਇਕੱਤਰ ਕਰ ਕੇ ਉਨ੍ਹਾਂ ਨੂੰ ਜ਼ਮੀਨੀ ਪੱਧਰ ਦੀਆਂ ਸਥਿਤੀਆਂ ਨਾਲ ਮੇਲ ਕੇ ਰਾਜ ਵਿੱਚ ਮੌਸਮ ਵਿਗਿਆਨ ਦੇ ਨੈੱਟਵਰਕ ਦਾ ਵਿਸਥਾਰ ਸੰਭਵ ਹੋ ਸਕੇਗਾ। ਉਨ੍ਹਾਂ ਕਿਹਾ ਕਿ ਫਸਲਾਂ ਦੇ ਬਿਹਤਰ ਉਤਪਾਦਨ ਅਤੇ ਵੱਧ ਝਾੜ ਲਈ ਮੌਸਮ ਸਬੰਧੀ ਸਹੀ ਜਾਣਕਾਰੀ ਅੱਜ ਦੇ ਸਮੇਂ ਦੀ ਪ੍ਰਮੁੱਖ ਜ਼ਰੂਰਤ ਹੈ। ਭਾਰਤੀ ਮੌਸਮ ਵਿਗਿਆਨ ਵਿਭਾਗ, ਚੰਡੀਗੜ੍ਹ ਦੇ ਨਿਰਦੇਸ਼ਕ ਡਾ. ਸੁਰਿੰਦਰ ਪੌਲ ਨੇ ਕਿਹਾ ਕਿ ਇਹ ਰਾਡਾਰ ਮਿਸ਼ਨ ਮੌਸਮ ਸਕੀਮ ਤਹਿਤ ਭਾਰਤ ਸਰਕਾਰ ਦੀ ਯੋਜਨਾਬੰਦੀ ਦਾ ਹਿੱਸਾ ਹੈ। ਸੀ ਬੈਂਡ ਡੌਪਲਰ ਮੌਸਮੀ ਰਾਡਾਰ ਕ੍ਰਿਸ਼ੀ ਵਿਗਿਆਨ ਕੇਂਦਰ ਨਾਗਕਲਾਂ, ਅੰਮ੍ਰਿਤਸਰ ਵਿਚ ਸਥਾਪਿਤ ਕੀਤਾ ਜਾ ਰਿਹਾ ਹੈ। ਇਹ ਡੌਪਲਰ ਰਾਡਾਰ 250-300 ਕਿਲੋਮੀਟਰ ਦੇ ਘੇਰੇ ਵਿਚ ਮੌਸਮ ਦੀ ਸਹੀ ਜਾਣਕਾਰੀ ਮੁਹੱਈਆ ਕਰਾਉਣ ਦਾ ਕੰਮ ਕਰੇਗਾ। ਡਾ. ਭੁੱਲਰ ਨੇ ਕਿਹਾ ਕਿ ਸੱਤ ਕ੍ਰਿਸ਼ੀ ਵਿਗਿਆਨ ਕੇਂਦਰਾਂ- ਅੰਮ੍ਰਿਤਸਰ, ਪਠਾਨਕੋਟ, ਸ੍ਰੀ ਫ਼ਤਹਿਗੜ੍ਹ ਸਾਹਿਬ, ਹੁਸ਼ਿਆਰਪੁਰ, ਸੰਗਰੂਰ, ਮਾਨਸਾ ਅਤੇ ਮੁਕਤਸਰ ਅਤੇ ਦੋ ਖੋਜ ਕੇਂਦਰਾਂ ਅਬੋਹਰ ਅਤੇ ਕਪੂਰਥਲਾ ’ਚ ਜ਼ਮੀਨੀ ਪੱਧਰ ਦੀ ਮੌਸਮੀ ਜਾਣਕਾਰੀ ਦੇਣ ਲਈ ਪ੍ਰਾਜੈਕਟ- 2 ਤਹਿਤ 9 ਯੰਤਰ ਸਥਾਪਿਤ ਕੀਤੇ ਗਏ ਹਨ। ਇਨ੍ਹਾਂ ਯੰਤਰਾਂ ਦੀ ਸਹਾਇਤਾ ਨਾਲ ਨਾ ਸਿਰਫ਼ ਪੰਜਾਬ ਵਿੱਚ ਮੌਸਮ ਸੰਬੰਧੀ ਜਾਣਕਾਰੀ ਮਜ਼ਬੂਤ ਹੋਵੇਗੀ ਬਲਕਿ ਮੌਸਮ ਬਾਰੇ ਚੇਤਾਵਨੀ ਵੀ ਪਹਿਲਾਂ ਹੀ ਦਿੱਤੀ ਜਾ ਸਕੇਗੀ। ਪੀ ਏ ਯੂ ਦੇ ਖੇਤੀ ਮੌਸਮ ਵਿਗਿਆਨ ਵਿਭਾਗ ਦੇ ਮੁਖੀ ਡਾ. ਪਵਨੀਤ ਕੌਰ ਕਿੰਗਰਾ ਅਤੇ ਡਾ. ਪ੍ਰਭਜਯੋਤ ਕੌਰ ਨੇ ਸਾਰਿਆਂ ਦਾ ਧੰਨਵਾਦ ਕੀਤਾ। ਸਮਾਗਮ ਦਾ ਸੰਚਾਲਨ ਡਾ. ਵਿਸ਼ਾਲ ਬੈਕਟਰ ਨੇ ਕੀਤਾ।

Share: