ਮੁੱਲਾਂਪੁਰ ਸਟੇਡੀਅਮ ’ਚ ਉੱਘੇ ਕ੍ਰਿਕਟਰਾਂ ਦੀ ‘Wall of Fame’ ਤਿਆਰ

ਮੁੱਲਾਂਪੁਰ ਸਟੇਡੀਅਮ ’ਚ ਉੱਘੇ ਕ੍ਰਿਕਟਰਾਂ ਦੀ ‘Wall of Fame’ ਤਿਆਰ

ਐੱਸ ਏ ਐੱਸ ਨਗਰ (ਮੁਹਾਲੀ): ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ ਸੀ ਸੀ ਆਈ) ਦੇ ਪ੍ਰਧਾਨ ਮਿਥੁਨ ਮਨਹਾਸ ਅਤੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਆਨਰੇਰੀ ਸਕੱਤਰ ਗੁਰਮੀਤ ਸਿੰਘ ਮੀਤ ਹੇਅਰ ਨੇ ਮੁੱਲਾਂਪੁਰ ਗਰੀਬਦਾਸ ਦੇ ਪੀ ਸੀ ਏ ਕ੍ਰਿਕਟ ਸਟੇਡੀਅਮ ਵਿੱਚ ‘ਵਾਲ ਆਫ ਫੇਮ’ ਦੇ ਰੂਪ ਵਿੱਚ ਇੱਕ ਨਿਵੇਕਲੀ ਸ਼ੁਰੂਆਤ ਕੀਤੀ ਹੈ। ਮੀਤ ਹੇਅਰ ਨੇ ਦੱਸਿਆ ਕਿ ਇਸ ਪਹਿਲਕਦਮੀ ਤਹਿਤ ਪੰਜਾਬ ਕ੍ਰਿਕਟ ਦੇ 33 ਸਿਤਾਰਿਆਂ ਦੀਆਂ ਤਸਵੀਰਾਂ ਇਸ ਕੰਧ ’ਤੇ ਲਗਾਈਆਂ ਗਈਆਂ ਹਨ, ਜਿਨ੍ਹਾਂ ਨੇ ਦੇਸ਼ ਦੇ ਨਾਲ-ਨਾਲ ਸੂਬੇ ਦਾ ਨਾਮ ਵੀ ਰੋਸ਼ਨ ਕੀਤਾ ਹੈ। ਇਨ੍ਹਾਂ ਤਸਵੀਰਾਂ ਵਿੱਚ ਇੱਕ ਰੋਜ਼ਾ ਅਤੇ ਟੀ-20 ਵਿਸ਼ਵ ਕੱਪ ਵਿੱਚ ਖਿਤਾਬ ਜਿੱਤਣ ਦੇ ਪਲਾਂ ਨਾਲ ਸਬੰਧਤ ਗਰੁੱਪ ਫੋਟੋਆਂ ਵੀ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਪੁਰਸ਼ ਅਤੇ ਮਹਿਲਾ ਭਾਰਤੀ ਕ੍ਰਿਕਟ ਟੀਮ ਨੇ ਤਿੰਨ ਇੱਕ ਰੋਜ਼ਾ (2 ਪੁਰਸ਼ ਅਤੇ ਇਕ ਮਹਿਲਾ) ਵਿਸ਼ਵ ਕੱਪ ਦੇ ਨਾਲ-ਨਾਲ 3 ਟੀ-20 ਵਿਸ਼ਵ ਕੱਪ (2007, 2024 ਅਤੇ 2026 ਵਿੱਚ) ਜਿੱਤੇ ਹਨ। ਉਨ੍ਹਾਂ ਦੱਸਿਆ ਕਿ ਇਸ ਕੰਧ ’ਤੇ ਯੁਵਰਾਜ ਸਿੰਘ, ਸ਼ੁਭਮਨ ਗਿੱਲ ਅਤੇ ਹਰਮਨਪ੍ਰੀਤ ਕੌਰ (ਮਹਿਲਾ ਟੀਮ ਦੀ ਕਪਤਾਨ) ਵਰਗੇ ਖਿਡਾਰੀਆਂ ਦੀਆਂ ਤਸਵੀਰਾਂ ਲਗਾਈਆਂ ਗਈਆਂ ਹਨ। 1992-93 ਸੀਜ਼ਨ ਵਿੱਚ ਰਣਜੀ ਟਰਾਫੀ ਜਿੱਤਣ ਵਾਲੀ ਪੰਜਾਬ ਕ੍ਰਿਕਟ ਟੀਮ ਅਤੇ 2022-23 ਦੀ ਸਈਦ ਮੁਸ਼ਤਾਕ ਅਲੀ ਟਰਾਫੀ ਜਿੱਤਣ ਵਾਲੀ ਟੀਮ ਦੇ ਸ਼ਾਨਦਾਰ ਪਲਾਂ ਦੀਆਂ ਤਸਵੀਰਾਂ ਵੀ ਇਸ ’ਤੇ ਲਗਾਈਆਂ ਗਈਆਂ ਹਨ। ਇਸ ਨਾਲ ਪੰਜਾਬ ਦੇ ਕ੍ਰਿਕਟ ਇਤਿਹਾਸ ਦੀਆਂ ਸੁਨਹਿਰੀ ਯਾਦਾਂ ਨੂੰ ਮੁੜ ਤਾਜ਼ਾ ਕੀਤਾ ਗਿਆ ਹੈ। ਇਨ੍ਹਾਂ ਤਸਵੀਰਾਂ ਵਿੱਚ ਮਹਿਲਾ ਕ੍ਰਿਕਟਰਾਂ ਨੂੰ ਵੀ ਜਗ੍ਹਾ ਦਿੱਤੀ ਗਈ ਹੈ ਜਿਨ੍ਹਾਂ ਨੇ ਕ੍ਰਿਕਟ ਜਗਤ ਵਿੱਚ ਪੰਜਾਬ ਦਾ ਨਾਮ ਚਮਕਾਇਆ ਹੈ।ਇਸ ਦੌਰਾਨ ਬੀ ਸੀ ਸੀ ਆਈ ਦੇ ਪ੍ਰਧਾਨ ਮਿਥੁਨ ਮਨਹਾਸ ਨੇ ਇਸ ਪਹਿਲਕਦਮੀ ਦੀ ਸ਼ਲਾਘਾ ਕਰਦਿਆਂ ਇਸ ਨੂੰ ਖੇਡ ਇਤਿਹਾਸ ਲਈ ਮਾਣਮੱਤਾ ਪਲ ਦੱਸਿਆ। ਇਸ ਮੌਕੇ ਪੀ ਸੀ ਏ ਦੇ ਜੁਆਇੰਟ ਸਕੱਤਰ ਸਿਧਾਂਤ ਸ਼ਰਮਾ ਵੀ ਮੌਜੂਦ ਸਨ।

Share: