ਹੈਦਰਾਬਾਦ: ਬੁੱਧਵਾਰ ਨੂੰ ਆਈ ਪੀ ਐੱਲ ਦੇ ਮੈਚ ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਨੇ ਪੰਜਾਬ ਕਿੰਗਜ਼ ਨੂੰ 33 ਦੌੜਾਂ ਨਾਲ ਹਰਾ ਕੇ ਅੰਕ ਸੂਚੀ ਵਿੱਚ ਪਹਿਲਾ ਸਥਾਨ ਹਾਸਲ ਕਰ ਲਿਆ। ਹੈਨਰਿਕ ਕਲਾਸਨ ਅਤੇ ਈਸ਼ਾਨ ਕਿਸ਼ਨ ਦੇ ਅਰਧ ਸੈਂਕੜਿਆਂ ਦੇ ਦਮ ‘ਤੇ ਸਨਰਾਈਜ਼ਰਜ਼ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 4 ਵਿਕਟਾਂ ‘ਤੇ 235 ਦੌੜਾਂ ਬਣਾਈਆਂ। ਟੀਚੇ ਦਾ ਪਿੱਛਾ ਕਰਨ ਉੱਤਰੀ ਪੰਜਾਬ ਕਿੰਗਜ਼ 20 ਓਵਰਾਂ ਵਿੱਚ 7 ਵਿਕਟਾਂ ‘ਤੇ 202 ਦੌੜਾਂ ਹੀ ਬਣਾ ਸਕੀ। ਕੂਪਰ ਕੋਨੋਲੀ ਨੇ 59 ਗੇਂਦਾਂ ਵਿੱਚ ਨਾਬਾਦ 107 ਦੌੜਾਂ ਬਣਾਈਆਂ ਪਰ ਟੀਮ ਨੂੰ ਜਿੱਤ ਨਹੀਂ ਦਿਵਾ ਸਕੇ।
ਪੰਜਾਬ ਦੀ ਸ਼ੁਰੂਆਤ ਬਹੁਤ ਖ਼ਰਾਬ ਰਹੀ ਅਤੇ 4 ਦੌੜਾਂ ਦੇ ਸਕੋਰ ‘ਤੇ ਉਸ ਦੇ ਦੋ ਬੱਲੇਬਾਜ਼ ਪੈਵੇਲੀਅਨ ਪਰਤ ਗਏ। ਪ੍ਰਿਆਂਸ਼ ਆਰੀਆ ਨੂੰ ਕਮਿੰਸ ਨੇ ਆਊਟ ਕੀਤਾ, ਜਦਕਿ ਪ੍ਰਭਸਿਮਰਨ ਸਿੰਘ ਨੇ ਨੀਤੀਸ਼ ਰੈੱਡੀ ਦੀ ਗੇਂਦ ‘ਤੇ ਕਮਿੰਸ ਨੂੰ ਕੈਚ ਫੜਾਇਆ। ਕਪਤਾਨ ਸ਼੍ਰੇਅਸ ਅਈਅਰ ਵੀ 5 ਦੌੜਾਂ ਬਣਾ ਕੇ ਆਊਟ ਹੋ ਗਏ। ਮੈਚ ਦਾ ਨਤੀਜਾ ਪਾਵਰਪਲੇਅ ਵਿੱਚ ਹੀ ਤੈਅ ਹੋ ਗਿਆ ਸੀ। ਸਨਰਾਈਜ਼ਰਜ਼ ਲਈ ਅਭਿਸ਼ੇਕ ਸ਼ਰਮਾ ਅਤੇ ਟ੍ਰੈਵਿਸ ਹੈੱਡ ਨੇ ਪਾਵਰਪਲੇਅ ਵਿੱਚ 1 ਵਿਕਟ ‘ਤੇ 79 ਦੌੜਾਂ ਬਣਾਈਆਂ ਸਨ, ਜਦਕਿ ਪੰਜਾਬ 3 ਵਿਕਟਾਂ ‘ਤੇ ਸਿਰਫ਼ 57 ਦੌੜਾਂ ਹੀ ਬਣਾ ਸਕਿਆ। ਲਗਾਤਾਰ ਤੀਜੀ ਹਾਰ ਲਈ ਪੰਜਾਬ ਦੀ ਢਿੱਲੀ ਫੀਲਡਿੰਗ ਜ਼ਿੰਮੇਵਾਰ ਰਹੀ। ਈਸ਼ਾਨ ਅਤੇ ਕਲਾਸਨ ਦੇ ਕੈਚ ਤਿੰਨ ਵਾਰ ਛੁੱਟੇ, ਜਦਕਿ ਪ੍ਰਭਸਿਮਰਨ ਨੇ ਸਟੰਪਿੰਗ ਦਾ ਮੌਕਾ ਵੀ ਗੁਆ ਦਿੱਤਾ। ਅਭਿਸ਼ੇਕ (13 ਗੇਂਦਾਂ ਵਿੱਚ 35 ਦੌੜਾਂ) ਅਤੇ ਹੈੱਡ (19 ਗੇਂਦਾਂ ਵਿੱਚ 38 ਦੌੜਾਂ) ਨੇ ਅਰਸ਼ਦੀਪ ਸਿੰਘ ਅਤੇ ਮਾਰਕੋ ਯਾਨਸੇਨ ਦੀਆਂ ਗੇਂਦਾਂ ਦੀ ਕੁਟਾਈ ਕਰਦੇ ਹੋਏ ਅਰਧ ਸੈਂਕੜੇ ਦੀ ਸਾਂਝੇਦਾਰੀ ਕੀਤੀ। ਇਸ ਤੋਂ ਬਾਅਦ ਕਲਾਸਨ (43 ਗੇਂਦਾਂ ਵਿੱਚ 69 ਦੌੜਾਂ) ਅਤੇ ਈਸ਼ਾਨ (32 ਗੇਂਦਾਂ ਵਿੱਚ 55 ਦੌੜਾਂ) ਨੇ ਜੀਵਨਦਾਨ ਦਾ ਫਾਇਦਾ ਉਠਾਉਂਦੇ ਹੋਏ ਅਰਧ ਸੈਂਕੜੇ ਲਗਾਏ। ਨੀਤੀਸ਼ ਰੈੱਡੀ ਨੇ 13 ਗੇਂਦਾਂ ਵਿੱਚ ਨਾਬਾਦ 29 ਦੌੜਾਂ ਦਾ ਯੋਗਦਾਨ ਪਾਇਆ।ਪੰਜਾਬ ਕਿੰਗਜ਼ ਦੀ ਹੈਦਰਾਬਾਦ ਵਿੱਚ ਇਹ ਲਗਾਤਾਰ ਨੌਵੀਂ ਹਾਰ ਸੀ। ਸਨਰਾਈਜ਼ਰਜ਼ ਦੀ ਇਸ ਸੱਤਵੀਂ ਜਿੱਤ ਦੇ ਨਾਲ 14 ਅੰਕ ਹੋ ਗਏ ਹਨ ਅਤੇ ਉਹ 10 ਟੀਮਾਂ ਵਿੱਚੋਂ ਸਿਖਰ ‘ਤੇ ਹੈ। ਬਾਕੀ ਤਿੰਨ ਮੈਚਾਂ ਵਿੱਚੋਂ ਇੱਕ ਜਿੱਤ ਦੇ ਨਾਲ ਹੀ ਉਸ ਦੇ 16 ਅੰਕ ਹੋ ਜਾਣਗੇ, ਜੋ ਪਲੇਆਫ ਲਈ ਕੁਆਲੀਫਾਈ ਕਰਨ ਵਾਸਤੇ ਕਾਫੀ ਹਨ।

