ਪਾਕਿਸਤਾਨ ਨੂੰ ਭਾਰਤ ਵਿੱਚ ਮੁਕਾਬਲੇ ਖੇਡਣ ਦੀ ਮਨਜ਼ੂਰੀ

ਪਾਕਿਸਤਾਨ ਨੂੰ ਭਾਰਤ ਵਿੱਚ ਮੁਕਾਬਲੇ ਖੇਡਣ ਦੀ ਮਨਜ਼ੂਰੀ

ਨਵੀਂ ਦਿੱਲੀ: ਪਾਕਿਸਤਾਨੀ ਖਿਡਾਰੀ ਅਤੇ ਉਸ ਦੀਆਂ ਟੀਮਾਂ ਭਾਰਤ ਵਿੱਚ ਹੋਣ ਵਾਲੇ ਆਲਮੀ ਟੂਰਨਾਮੈਂਟਾਂ ਵਿੱਚ ਹਿੱਸਾ ਲੈ ਸਕਣਗੇ ਪਰ ਦੁਵੱਲੇ ਮੁਕਾਬਲਿਆਂ ਸਬੰਧੀ ਉਨ੍ਹਾਂ ’ਤੇ ਪਾਬੰਦੀ ਜਾਰੀ ਰਹੇਗੀ। ਭਾਰਤੀ ਖੇਡ ਮੰਤਰਾਲੇ ਨੇ ਕਿਹਾ ਕਿ ਖਿਡਾਰੀਆਂ ਅਤੇ ਅਧਿਕਾਰੀਆਂ ਲਈ ਵੀਜ਼ਾ ਪ੍ਰਣਾਲੀ ਨੂੰ ਸੁਖਾਲਾ ਬਣਾਇਆ ਜਾਵੇਗਾ, ਜਦੋਂ ਕਿ ਕੌਮਾਂਤਰੀ ਖੇਡ ਸੰਸਥਾਵਾਂ ਦੇ ਅਧਿਕਾਰੀਆਂ ਨੂੰ ਬਹੁ-ਦਾਖਲਾ ਵੀਜ਼ਾ ਦਿੱਤਾ ਜਾਵੇਗਾ।

ਮੰਤਰਾਲੇ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ,‘‘ਭਾਰਤ ਜਾਂ ਵਿਦੇਸ਼ ਵਿੱਚ ਕੌਮਾਂਤਰੀ ਅਤੇ ਕਈ ਮੁਲਕਾਂ ਦੀ ਸ਼ਮੂਲੀਅਤ ਵਾਲੇ ਟੂਰਨਾਮੈਂਟਾਂ ਦੇ ਮਾਮਲਿਆਂ ਵਿੱਚ ਅਸੀਂ ਕੌਮਾਂਤਰੀ ਖੇਡ ਸੰਸਥਾਵਾਂ ਦੇ ਨਿਯਮਾਂ ਅਤੇ ਆਪਣੇ ਖਿਡਾਰੀਆਂ ਦੇ ਹਿੱਤਾਂ ਨੂੰ ਪਹਿਲ ਦੇਵਾਂਗੇ।’’ ਜ਼ਿਕਰਯੋਗ ਹੈ ਕਿ ਬੀਤੇ ਵਰ੍ਹੇ ਭਾਰਤ ਨੇ ਪਾਕਿਸਤਾਨ ਨਾਲ ਖੇਡ ਸਬੰਧ ਤੋੜ ਲਏ ਸਨ। ਖੇਡ ਮੰਤਰਾਲੇ ਨੇ ਕਿਹਾ ਕਿ ਸਰਹੱਦ ਪਾਰੋਂ ਆਉਣ ਵਾਲੇ ਖਿਡਾਰੀਆਂ ਨੂੰ ਆਲਮੀ ਟੂਰਨਾਮੈਂਟਾਂ ਵਿੱਚ ਹਿੱਸਾ ਲੈਣ ਲਈ ਭਾਰਤ ਆਉਣ ਤੋਂ ਨਹੀਂ ਰੋਕਿਆ ਜਾਵੇਗਾ। ਮੰਤਰਾਲੇ ਨੇ ਸਾਰੀਆਂ ਖੇਡ ਫੈਡਰੇਸ਼ਨਾਂ, ਭਾਰਤੀ ਓਲੰਪਿਕ ਫੈਡਰੇਸ਼ਨ ਅਤੇ ਭਾਰਤੀ ਖੇਡ ਅਥਾਰਟੀ ਸਣੇ ਹੋਰ ਸੰਸਥਾਵਾਂ ਨੂੰ ਜਾਰੀ ਕੀਤੇ ਪੱਤਰ ਵਿੱਚ ਕਿਹਾ, ‘‘ਜਿਥੋਂ ਤਕ ਇਕ ਦੂਜੇ ਦੇ ਮੁਲਕ ਵਿੱਚ ਹੋਣ ਵਾਲੇ ਦੁਵੱਲੇ ਮੁਕਾਬਲਿਆਂ ਦਾ ਸਬੰਧ ਹੈ ਤਾਂ ਭਾਰਤੀ ਟੀਮਾਂ ਪਾਕਿਸਤਾਨ ਨਹੀਂ ਜਾਣਗੀਆਂ ਅਤੇ ਨਾ ਹੀ ਪਾਕਿਸਤਾਨ ਦੀਆਂ ਟੀਮਾਂ ਨੂੰ ਭਾਰਤ ਵਿੱਚ ਆਉਣ ਦੀ ਇਜਾਜ਼ਤ ਦਿੱਤੀ ਜਾਵੇਗੀ।’’ ਨਵੀਂ ਨੀਤੀ ਤਹਿਤ ਭਾਰਤੀ ਟੀਮਾਂ ਅਤੇ ਖਿਡਾਰੀ ਉਨ੍ਹਾਂ ਕੌਮਾਂਤਰੀ ਟੂਰਨਾਮੈਂਟਾਂ ਵਿੱਚ ਹਿੱਸਾ ਲੈਣਗੇ ਜਿਨ੍ਹਾਂ ਵਿੱਚ ਪਾਕਿਸਤਾਨ ਦੀਆਂ ਟੀਮਾਂ ਜਾਂ ਖਿਡਾਰੀ ਵੀ ਸ਼ਾਮਲ ਹੁੰਦੇ ਹਨ। ਇਸੇ ਤਰ੍ਹਾਂ ਪਾਕਿਸਤਾਨੀ ਖਿਡਾਰੀ ਅਤੇ ਟੀਮਾਂ ਭਾਰਤ ਵੱਲੋਂ ਕਰਵਾਏ ਜਾਣ ਵਾਲੇ ਕਈ ਮੁਲਕਾਂ ਵਾਲੇ ਟੂਰਨਾਮੈਂਟਾਂ ਵਿੱਚ ਹਿੱਸਾ ਲੈ ਸਕਣਗੇ। ਇਸੇ ਦੌਰਾਨ ਨੌਜਵਾਨ ਮਾਮਲਿਆਂ ਅਤੇ ਖੇਡ ਮੰਤਰਾਲੇ ਨੇ ਆਪਣਾ ਦਫ਼ਤਰ ਸ਼ਾਸਤਰੀ ਭਵਨ ਤੋਂ ਨੇਤਾਜੀ ਨਗਰ ਵਿੱਚ ਨਵੇਂ ਉਸਾਰੇ ਦਫ਼ਤਰ ਵਿੱਚ ਤਬਦੀਲ ਕਰ ਲਿਆ ਹੈ।

Share: