ਲੰਬੀ: ਪੰਜਾਬ ਦੇ ਪੰਜ ਜ਼ਿਲ੍ਹਿਆਂ ਦੇ 319 ਖ਼ਰੀਦ ਕੇਂਦਰਾਂ ’ਚ ਅੱਜ ਸ਼ਾਮ ਤੋਂ ਮੌਜੂਦਾ ਸੀਜ਼ਨ ਵਿੱਚ ਕਣਕ ਦੀ ਖ਼ਰੀਦ ਬੰਦ ਕਰ ਦਿੱਤੀ ਗਈ ਹੈ। ਸ੍ਰੀ ਮੁਕਤਸਰ ਸਾਹਿਬ ਦੇ 98 ਖ਼ਰੀਦ ਕੇਂਦਰ, ਬਠਿੰਡਾ ਦੇ 143, ਸੰਗਰੂਰ ਦੇ 17, ਫ਼ਿਰੋਜ਼ਪੁਰ ਦੇ 50 ਅਤੇ ਜ਼ਿਲ੍ਹਾ ਤਰਨ ਤਾਰਨ ਦੇ ਸਭ ਤੋਂ ਘੱਟ 11 ਖ਼ਰੀਦ ਕੇਂਦਰ ਬੰਦ ਹੋਏ ਹਨ। ਪੰਜਾਬ ਮੰਡੀ ਬੋਰਡ ਦੇ ਸਕੱਤਰ ਕੁਮਾਰ ਅਮਿਤ ਵੱਲੋਂ ਇਹ ਨਿਰਦੇਸ਼ ਖੁਰਾਕ ਸਿਵਲ ਸਪਲਾਈ ਵਿਭਾਗ ਦੀ ਸਿਫ਼ਾਰਸ਼ ’ਤੇ ਜਾਰੀ ਕੀਤੇ ਗਏ ਹਨ।
ਖ਼ਰੀਦ ਕੇਂਦਰਾਂ ਨੂੰ ਬੰਦ ਕਰਨ ਦਾ ਕਾਰਨ ਕਣਕ ਦੀ ਸਰਕਾਰੀ ਖ਼ਰੀਦ ਅੰਤਿਮ ਪੜਾਅ ’ਤੇ ਪੁੱਜਣ ਦੀ ਗੱਲ ਆਖੀ ਗਈ ਹੈ। ਪੱਤਰ ਮੁਤਾਬਕ ਬਾਕੀ ਸਾਰੇ ਮੁੱਖ ਯਾਰਡ ਅਤੇ ਸਬ-ਯਾਰਡ ਆਮ ਵਾਂਗ ਜਾਰੀ ਰਹਿਣਗੇ। ਇਸ ਫ਼ੈਸਲੇ ਕਰ ਕੇ ਬਠਿੰਡਾ ਜ਼ਿਲ੍ਹੇ ਵਿਚ ਮਾਰਕੀਟ ਕਮੇਟੀ ਰਾਮਪੁਰਾ ਅਧੀਨ 31, ਮੌੜ ਅਧੀਨ 20, ਨਥਾਣਾ ਤਹਿਤ 14 ਤੇ ਗੋਨਿਆਣਾ ਅਧੀਨ 16 ਕੇਂਦਰਾਂ ਵਿੱਚ ਖ਼ਰੀਦ ਨੂੰ ਬੰਦ ਕਰ ਦਿੱਤਾ ਗਿਆ ਹੈ। ਤਲਵੰਡੀ ਸਾਬੋ ਦੀਆਂ 18 ਅਤੇ ਰਾਮਾਂ ਮਾਰਕੀਟ ਕਮੇਟੀ ਦੀਆਂ 13 ਮੰਡੀਆਂ ਸਮੇਤ ਬਠਿੰਡਾ, ਸੰਗਤ, ਗਿੱਦੜਬਾਹਾ ਅਤੇ ਭਗਤਾ ਭਾਈ ਕਾ ਸਮੇਤ ਹੋਰ ਖ਼ਰੀਦ ਕੇਂਦਰਾਂ ’ਚ ਹੁਣ ਕਣਕ ਖ਼ਰੀਦ ਨਹੀਂ ਹੋ ਸਕੇਗੀ। ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿੱਚ 98 ਖ਼ਰੀਦ ਕੇਂਦਰ ਬੰਦ ਕੀਤੇ ਗਏ ਹਨ। ਸ੍ਰੀ ਮੁਕਤਸਰ ਸਾਹਿਬ ਮਾਰਕੀਟ ਕਮੇਟੀ ਦੇ 35, ਮਲੋਟ ਮਾਰਕੀਟ ਕਮੇਟੀ ਦੇ 24 ਮੰਡੀਆਂ, ਗਿੱਦੜਬਾਹਾ ਅਧੀਨ 19, ਬਰੀਵਾਲਾ ਅਧੀਨ 10 ਅਤੇ ਕਿੱਲਿਆਂਵਾਲੀ ਮਾਰਕੀਟ ਕਮੇਟੀ ਦੇ 10 ਖ਼ਰੀਦ ਕੇਂਦਰ ਸ਼ਾਮਲ ਹਨ।
ਫ਼ਿਰੋਜ਼ਪੁਰ ਜ਼ਿਲ੍ਹੇ ਵਿੱਚ ਕੁੱਲ 50 ਕੇਂਦਰ ਬੰਦ ਕੀਤੇ ਗਏ ਹਨ, ਜਿਨ੍ਹਾਂ ਵਿੱਚ ਫ਼ਿਰੋਜ਼ਪੁਰ ਛਾਉਣੀ ਦੇ 11, ਫ਼ਿਰੋਜ਼ਪੁਰ ਸ਼ਹਿਰ ਦੇ ਦਸ, ਗੁਰੂਹਰਸਹਾਏ ਦੇ 7, ਮੱਲਾਂਵਾਲਾ ਦੇ 8, ਮਮਦੋਟ ਦੇ 4, ਪੰਜੇ ਕੇ ਉਤਾੜ ਦੇ 4 ਅਤੇ ਜ਼ੀਰਾ ਮਾਰਕੀਟ ਕਮੇਟੀ ਦੇ 6 ਖ਼ਰੀਦ ਕੇਂਦਰ ਸ਼ਾਮਲ ਹਨ। ਸੰਗਰੂਰ ਜ਼ਿਲ੍ਹੇ ਦੀਆਂ 11 ਵੱਖ-ਵੱਖ ਮਾਰਕੀਟ ਕਮੇਟੀਆਂ ਹੇਠਲੇ 17 ਖ਼ਰੀਦ ਕੇਂਦਰ ਬੰਦ ਕਰ ਦਿੱਤੇ ਗਏ ਹਨ, ਜਿਸ ਵਿੱਚ ਭਵਾਨੀਗੜ੍ਹ ਦੇ 3, ਚੀਮਾ ਦੀਆਂ 3 ਮੰਡੀਆਂ ਸਮੇਤ ਹੋਰ ਕਈ ਖ਼ਰੀਦ ਕੇਂਦਰ ਸ਼ਾਮਲ ਹਨ। ਤਰਨ ਤਾਰਨ ਜ਼ਿਲ੍ਹੇ ਵਿੱਚ ਸਭ ਤੋਂ ਘੱਟ 11 ਕੇਂਦਰ ਬੰਦ ਹੋਏ ਹਨ, ਜਿਨ੍ਹਾਂ ਵਿੱਚ ਭਿੱਖੀਵਿੰਡ ਦੇ 3, ਨੌਸ਼ਹਿਰਾ ਪੰਨੂਆਂ ਦੇ 3, ਝਬਾਲ ਅਤੇ ਖਡੂਰ ਸਾਹਿਬ ਮਾਰਕੀਟ ਕਮੇਟੀ ਦੇ 2-2 ਕੇਂਦਰ ਅਤੇ ਪੱਟੀ ਮਾਰਕੀਟ ਕਮੇਟੀ ਤਹਿਤ ਇੱਕ ਕੇਂਦਰ ਵਿੱਚ ਸਰਕਾਰੀ ਖ਼ਰੀਦ ਨੂੰ ਬੰਦ ਕਰ ਦਿੱਤਾ ਗਿਆ ਹੈ।

