ਚੰਡੀਗੜ੍ਹ: ਪੰਜਾਬ ਸਰਕਾਰ ਦੇ ਲੱਖਾਂ ਪੈਨਸ਼ਨਰਾਂ, ਜਿਨ੍ਹਾਂ ਵਿੱਚ ਸਾਬਕਾ ਵਿਧਾਇਕ ਵੀ ਸ਼ਾਮਲ ਹਨ, ਲਈ ਤੜਕਸਾਰ ਚੰਗੀ ਖ਼ਬਰ ਆਈ ਹੈ। ਉਨ੍ਹਾਂ ਦੀ ਅਪਰੈਲ ਮਹੀਨੇ ਦੀ ਲੰਬੇ ਸਮੇਂ ਤੋਂ ਲਟਕ ਰਹੀ ਪੈਨਸ਼ਨ ਇੱਕ ਪ੍ਰਮੁੱਖ ਜਨਤਕ ਖੇਤਰ ਦੇ ਬੈਂਕ ਵਿੱਚ ਉਨ੍ਹਾਂ ਦੇ ਪੈਨਸ਼ਨ ਖਾਤਿਆਂ ਵਿੱਚ ਜਮ੍ਹਾਂ ਕਰ ਦਿੱਤੀ ਗਈ ਹੈ।
ਇਨ੍ਹਾਂ ਪੈਨਸ਼ਨਰਾਂ, ਜਿਨ੍ਹਾਂ ਦੀ ਗਿਣਤੀ ਲਗਪਗ 2.50 ਲੱਖ ਹੈ, ਨੂੰ ਅਪਰੈਲ ਮਹੀਨੇ ਦੀ ਪੈਨਸ਼ਨ ਨਹੀਂ ਮਿਲੀ ਸੀ, ਜਿਸ ਕਾਰਨ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਤਿੱਖੀ ਆਲੋਚਨਾ ਹੋ ਰਹੀ ਸੀ। ਸੂਬੇ ਵਿੱਚ 4.50 ਲੱਖ ਪੈਨਸ਼ਨਰ ਹਨ ਜਿਨ੍ਹਾਂ ਵਿੱਚੋਂ 2.50 ਲੱਖ ਪੈਨਸ਼ਨਰਾਂ ਦੇ ਖਾਤੇ ਇੱਕ ਬੈਂਕ ਵਿੱਚ ਹਨ ਅਤੇ ਬਾਕੀ ਹੋਰ ਜਨਤਕ ਖੇਤਰ ਦੇ ਬੈਂਕਾਂ ਵਿੱਚ ਹਨ। ਰਾਜ ਸਰਕਾਰ ਦੇ ਖਜ਼ਾਨੇ ਵਿੱਚੋਂ ਉਨ੍ਹਾਂ ਦੀ ਮਹੀਨਾਵਾਰ ਪੈਨਸ਼ਨ ਦਾ ਖਰਚਾ ਲਗਪਗ 1872 ਕਰੋੜ ਰੁਪਏ ਹੈ।
ਖਰੜ ਦੇ ਇੱਕ ਪੈਨਸ਼ਨਰ ਅਮਰਜੀਤ ਸਿੰਘ ਭਾਟੀਆ ਨੇ ‘ਟ੍ਰਿਬਿਊਨ ਸਮੂਹ’ ਨੂੰ ਦੱਸਿਆ ਕਿ ਉਨ੍ਹਾਂ ਦੀ ਪੈਨਸ਼ਨ ਅੱਜ ਤੜਕੇ ਖਾਤੇ ਵਿੱਚ ਜਮ੍ਹਾਂ ਹੋ ਗਈ। ਉਨ੍ਹਾਂ ਕਿਹਾ, “ਇਹ ਲੱਖਾਂ ਰਾਜ ਸਰਕਾਰ ਦੇ ਪੈਨਸ਼ਨਰਾਂ ਲਈ ਇੱਕ ਵੱਡੀ ਰਾਹਤ ਹੈ, ਜਿਨ੍ਹਾਂ ਦੀ ਆਮਦਨ ਦਾ ਇੱਕੋ ਇੱਕ ਸਾਧਨ ਪੈਨਸ਼ਨ ਹੈ।”

