Punjab twin blasts: ਸੁਰੱਖਿਆ ਨਾਕਾਮੀ ਦੇ ਮੁੱਦੇ ਨੂੰ ਨਵਾਂ ਸਿਆਸੀ ਮੋੜਾ

Punjab twin blasts: ਸੁਰੱਖਿਆ ਨਾਕਾਮੀ ਦੇ ਮੁੱਦੇ ਨੂੰ ਨਵਾਂ ਸਿਆਸੀ ਮੋੜਾ

ਚੰਡੀਗੜ੍ਹ:  ਆਮ ਆਦਮੀ ਪਾਰਟੀ ਨੇ ਜਲੰਧਰ ਤੇ ਅੰਮ੍ਰਿਤਸਰ ਵਿੱਚ ਹੋਏ ਧਮਾਕਿਆਂ ਤੋਂ ਉੱਭਰੇ ਸੁਰੱਖਿਆ ਨਾਕਾਮੀ ਦੇ ਮੁੱਦੇ ਨੂੰ ਨਵਾਂ ਸਿਆਸੀ ਮੋੜਾ ਦੇ ਦਿੱਤਾ ਹੈ। ਵਿਰੋਧੀ ਧਿਰਾਂ ਦੀ ਕਾਨੂੰਨ ਵਿਵਸਥਾ ’ਤੇ ਘੇਰਾਬੰਦੀ ਤੋਂ ਪਹਿਲਾਂ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਇਨ੍ਹਾਂ ਧਮਾਕਿਆਂ ਪਿੱਛੇ ਭਾਜਪਾ ਦਾ ਹੱਥ ਹੋਣ ਦਾ ਐਲਾਨ ਕਰ ਕੇ ਨਵਾਂ ਬਿਰਤਾਂਤ ਸਿਰਜਣ ਦੀ ਕੋਸ਼ਿਸ਼ ਕੀਤੀ ਹੈ। ਪੰਜਾਬ ’ਚ ਮੰਗਲਵਾਰ ਰਾਤੀਂ ਹੋਏ ਧਮਾਕਿਆਂ ਮਗਰੋਂ ਵਿਰੋਧੀ ਧਿਰਾਂ ਜਿਵੇਂ ਹੀ ‘ਆਪ’ ਨੂੰ ਘੇਰਨ ਲਈ ਪੱਬਾਂ ਭਾਰ ਹੋਈਆਂ, ਮੁੱਖ ਮੰਤਰੀ ਨੇ ਇਸ ਮੁੱਦੇ ਨੂੰ ਨਵੀਂ ਸਿਆਸੀ ਰੰਗਤ ਦੇ ਦਿੱਤੀ। ਅਗਾਮੀ ਚੋਣਾਂ ਤੋਂ ਪਹਿਲਾਂ ਹੀ ਪੰਜਾਬ ’ਚ ‘ਆਪ’ ਤੇ ਭਾਜਪਾ ਵਿਚਾਲੇ ਬੰਗਾਲ ਵਾਂਗ ਟਕਰਾਅ ਦਾ ਮੁੱਢ ਬੱਝਣ ਲੱਗਾ ਹੈ। ਧਮਾਕੇ ਇਸ ਆਪਸੀ ਤਲਖ਼ੀ ਦਾ ਨਵਾਂ ਕਾਰਨ ਬਣੇ ਹਨ। ਪੱਛਮੀ ਬੰਗਾਲ ਦੀ ਜਿੱਤ ਮਗਰੋਂ ਭਾਜਪਾ ਦੇ ਏਜੰਡੇ ’ਤੇ ਹੁਣ ਪੰਜਾਬ ਹੈ। ‘ਆਪ’ ਨੇ ਭਾਜਪਾ ਖ਼ਿਲਾਫ਼ ਲੜਾਈ ਨੂੰ ਸੜਕਾਂ ’ਤੇ ਲਿਆਉਣ ਦਾ ਫ਼ੈਸਲਾ ਕੀਤਾ ਹੈ। ਮੁੱਖ ਮੰਤਰੀ ਵੱਲੋਂ ਅੱਜ ਸ਼ੁਰੂ ਕੀਤੀ ‘ਸ਼ੁਕਰਾਨਾ ਯਾਤਰਾ’ ਨੂੰ ਸਿਆਸੀ ਨਜ਼ਰੀਏ ਤੋਂ ਦੇਖਿਆ ਜਾ ਰਿਹਾ ਹੈ। ‘ਆਪ’ ਨੇ ਭਾਜਪਾ ਖ਼ਿਲਾਫ਼ ਸਿਆਸੀ ਬਿਰਤਾਂਤ ਘੜਨ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਹੈ। ਮੁੱਖ ਮੰਤਰੀ ਨੇ ਤਿੰਨ ਕੇਂਦਰੀ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲੇ ਅੰਦੋਲਨ ’ਚ ਸ਼ਹੀਦ ਹੋਏ 700 ਕਿਸਾਨਾਂ ਦਾ ਪੰਜਾਬੀਆਂ ਨੂੰ ਮੁੜ ਚੇਤਾ ਕਰਾਇਆ। ਉਹ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗੱਠਜੋੜ ਸਰਕਾਰ ਮੌਕੇ ਹੋਈਆਂ ਬੇਅਦਬੀਆਂ ਦਾ ਚੇਤਾ ਵੀ ਵੋਟਰਾਂ ਨੂੰ ਕਰਾਉਣਾ ਨਹੀਂ ਭੁੱਲ ਰਹੇ। ਸਿਆਸੀ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ‘ਆਪ’ ਸਰਕਾਰ ਵਿਰੋਧੀਆਂ ’ਤੇ ਗੰਭੀਰ ਇਲਜ਼ਾਮ ਲਗਾ ਕੇ ਸੁਰੱਖਿਆ ਨਾਕਾਮੀ ’ਤੇ ਪਰਦਾ ਪਾਉਣ ਦੀ ਕੋਸ਼ਿਸ਼ ਵਿੱਚ ਹੈ। ਪੰਜਾਬ ਵਿੱਚ ਲੰਘੇ ਪੰਜ ਮਹੀਨਿਆਂ ’ਚ ਪੰਜ ਧਮਾਕੇ ਸਾਹਮਣੇ ਆਏ ਹਨ। 23 ਜਨਵਰੀ ਨੂੰ ਸਰਹਿੰਦ ਦੇ ਖ਼ਾਨਪੁਰ ਫਾਟਕ ’ਤੇ, ਪਹਿਲੀ ਅਪਰੈਲ ਨੂੰ ਭਾਜਪਾ ਦੇ ਚੰਡੀਗੜ੍ਹ ਦਫ਼ਤਰ ਦੇ ਬਾਹਰ ਅਤੇ 27 ਅਪਰੈਲ ਨੂੰ ਪਟਿਆਲਾ ਦੇ ਸ਼ੰਭੂ ਫਾਟਕ ਨੇੜੇ ਧਮਾਕਾ ਹੋਇਆ ਹੈ। ਲੰਘੇ ਕੱਲ੍ਹ ਜਲੰਧਰ ਤੇ ਅੰਮ੍ਰਿਤਸਰ ’ਚ ਧਮਾਕੇ ਹੋਏ ਹਨ।

Share: