ਧਰਮਸ਼ਾਲਾ: ਪਿਛਲੇ ਚਾਰ ਮੈਚਾਂ ਵਿੱਚ ਮਿਲੀ ਹਾਰ ਤੋਂ ਬਾਅਦ ਪੰਜਾਬ ਕਿੰਗਜ਼ ਨੂੰ ਇੰਡੀਅਨ ਪ੍ਰੀਮੀਅਰ ਲੀਗ (ਆਈ ਪੀ ਐੱਲ) ਵਿੱਚ ਆਪਣੀ ਮੁਹਿੰਮ ਮੁੜ ਲੀਹ ’ਤੇ ਲਿਆਉਣ ਲਈ ਵੀਰਵਾਰ ਨੂੰ ਮੁੰਬਈ ਇੰਡੀਅਨਜ਼ ਖ਼ਿਲਾਫ਼ ਆਪਣੀ ਗੇਂਦਬਾਜ਼ੀ ਅਤੇ ਫੀਲਡਿੰਗ ਵਿੱਚ ਸੁਧਾਰ ਕਰਨਾ ਪਵੇਗਾ। ਟੂਰਨਾਮੈਂਟ ਦੇ ਸ਼ੁਰੂਆਤੀ ਗੇੜ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀ ਪੰਜਾਬ ਟੀਮ ਪਲੇ-ਆਫ ਵਿੱਚ ਥਾਂ ਬਣਾਉਣ ਲਈ ਲਗਾਤਾਰ ਸੰਘਰਸ਼ ਕਰ ਰਹੀ ਹੈ। ਸਿਖਰਲੀਆਂ ਚਾਰ ਟੀਮਾਂ ਵਿੱਚ ਥਾਂ ਪੱਕੀ ਕਰਨ ਲਈ ਪੰਜਾਬ ਨੂੰ ਬਾਕੀ ਰਹਿੰਦੇ ਮੈਚਾਂ ’ਚੋਂ ਘੱਟੋ-ਘੱਟ ਦੋ ਮੁਕਾਬਲੇ ਜਿੱਤਣੇ ਪੈਣਗੇ।
ਕਪਤਾਨ ਸ਼੍ਰੇਅਸ ਅਈਅਰ ਦਾ ਮੰਨਣਾ ਹੈ ਕਿ ਇਸ ਮੁਸ਼ਕਲ ਸਥਿਤੀ ਲਈ ਟੀਮ ਖ਼ੁਦ ਜ਼ਿੰਮੇਵਾਰ ਹੈ। ਟੂਰਨਾਮੈਂਟ ਦੇ ਪਹਿਲੇ ਅੱਧ ਵਿੱਚ ਬੱਲੇਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਸਦਕਾ ਗੇਂਦਬਾਜ਼ਾਂ ਦੀਆਂ ਕਮਜ਼ੋਰੀਆਂ ਲੁਕੀਆਂ ਰਹੀਆਂ। ਅਰਸ਼ਦੀਪ ਸਿੰਘ ਦੀ ਅਗਵਾਈ ਹੇਠਲੇ ਤੇਜ਼ ਗੇਂਦਬਾਜ਼ੀ ਹਮਲੇ ਦਾ ਇਕੌਨਮੀ ਰੇਟ ਸਾਰੀਆਂ 10 ਟੀਮਾਂ ’ਚੋਂ ਸਭ ਤੋਂ ਵੱਧ ਖ਼ਰਾਬ ਹੈ। ਅਰਸ਼ਦੀਪ ਨੇ ਆਪਣੇ 11 ਮੈਚਾਂ ’ਚੋਂ ਜ਼ਿਆਦਾਤਰ ਵਿੱਚ ਪ੍ਰਤੀ ਓਵਰ 10 ਤੋਂ ਵੱਧ ਦੌੜਾਂ ਦਿੱਤੀਆਂ ਹਨ। ਜ਼ੇਵੀਅਰ ਬਾਰਟਲੈੱਟ ਅਤੇ ਅਰਸ਼ਦੀਪ ਨੇ ਨਵੀਂ ਗੇਂਦ ਨਾਲ ਚੰਗੀ ਸ਼ੁਰੂਆਤ ਦਿੱਤੀ ਸੀ ਪਰ ਲੋਕੀ ਫਰਗੂਸ਼ਨ ਦੀ ਵਾਪਸੀ ਮਗਰੋਂ ਗੇਂਦਬਾਜ਼ੀ ਦਾ ਸੰਤੁਲਨ ਵਿਗੜ ਗਿਆ ਹੈ। ਬੱਲੇਬਾਜ਼ੀ ਵਿੱਚ ਪ੍ਰਭਸਿਮਰਨ ਸਿੰਘ ਨੂੰ ਸਿਖਰਲੇ ਕ੍ਰਮ ਵਿੱਚ ਪ੍ਰਿਯਾਂਸ਼ ਆਰੀਆ ਦਾ ਸਾਥ ਦੇਣਾ ਪਵੇਗਾ। ਇਸ ਦੇ ਨਾਲ ਹੀ ਪੰਜਾਬ ਨੂੰ ਕੈਚ ਛੱਡਣ ਦੀਆਂ ਗ਼ਲਤੀਆਂ ਵੀ ਸੁਧਾਰਨੀਆਂ ਪੈਣਗੀਆਂ। ਦੂਜੇ ਪਾਸੇ, ਮੁੰਬਈ ਇੰਡੀਅਨਜ਼ ਦਾ ਪ੍ਰਦਰਸ਼ਨ ਵੀ ਨਿਰਾਸ਼ਾਜਨਕ ਰਿਹਾ ਹੈ ਪਰ ਉਹ ਪੰਜਾਬ ਦਾ ਸਮੀਕਰਨ ਵਿਗਾੜ ਸਕਦੀ ਹੈ। ਸੱਟ ਕਾਰਨ ਪਿਛਲੇ ਦੋ ਮੈਚਾਂ ਤੋਂ ਬਾਹਰ ਰਹੇ ਮੁੰਬਈ ਦੇ ਕਪਤਾਨ ਹਾਰਦਿਕ ਪੰਡਿਆ ਦੇ ਖੇਡਣ ਬਾਰੇ ਹਾਲੇ ਸਥਿਤੀ ਸਪੱਸ਼ਟ ਨਹੀਂ ਹੈ।

