ਪੰਜਾਬ ’ਚ ਮੌਸਮ ਨੇ ਬਦਲਿਆ ਮਿਜ਼ਾਜ: ਤੇਜ਼ ਹਵਾਵਾਂ ਤੇ ਕਣੀਆਂ ਨਾਲ ਗਰਮੀ ਤੋਂ ਮਿਲੀ ਰਾਹਤ

ਪੰਜਾਬ ’ਚ ਮੌਸਮ ਨੇ ਬਦਲਿਆ ਮਿਜ਼ਾਜ: ਤੇਜ਼ ਹਵਾਵਾਂ ਤੇ ਕਣੀਆਂ ਨਾਲ ਗਰਮੀ ਤੋਂ ਮਿਲੀ ਰਾਹਤ

ਮਾਨਸਾ : ਪਿਛਲੇ ਕਈ ਦਿਨਾਂ ਤੋਂ ਪੈ ਰਹੀ ਭਿਆਨਕ ਗਰਮੀ ਨੇ ਅੱਜ ਉਸ ਵੇਲੇ ਪਾਸਾ ਪਲਟਿਆ ਜਦੋਂ ਪੰਜਾਬ ਦੇ ਕਈ ਹਿੱਸਿਆਂ ਵਿੱਚ ਹਲਕੀਆਂ ਕਣੀਆਂ ਅਤੇ ਤੇਜ਼ ਹਵਾਵਾਂ ਚੱਲਣ ਨਾਲ ਮੌਸਮ ਖ਼ੁਸ਼ਗਵਾਰ ਹੋ ਗਿਆ। ਅਸਮਾਨ ਵਿੱਚ ਗੂੜ੍ਹੇ ਕਾਲੇ ਬੱਦਲਾਂ ਦੇ ਆਉਣ ਨਾਲ ਜਿੱਥੇ ਤੇਜ਼ ਧੁੱਪ ਤੋਂ ਨਿਜਾਤ ਮਿਲੀ ਹੈ, ਉੱਥੇ ਹੀ ਲੋਕਾਂ ਨੇ ਠੰਢੇ ਹਵਾ ਦੇ ਬੁੱਲਿਆਂ ਦਾ ਆਨੰਦ ਮਾਣਿਆ। ਮੌਸਮ ਮਹਿਕਮੇ ਅਨੁਸਾਰ ਆਉਣ ਵਾਲੇ ਤਿੰਨ ਦਿਨ ਮੌਸਮ ਵਿਚ ਤਬਦੀਲੀ ਆਉਂਣ ਦੀ ਵੱਡੀ ਸੰਭਾਵਨਾ ਬਣ ਗਈ ਹੈ ਅਤੇ ਪੈ ਰਹੀ ਭਾਰੀ ਗਰਮੀ ਤੋਂ ਛੁਟਕਾਰਾ ਮਿਲਦਾ ਮਹਿਸੂਸ ਹੋਣ ਲੱਗਿਆ ਹੈ। ਭਾਵੇਂ ਖਰੀਦ ਕੇਂਦਰਾਂ ਵਿੱਚ ਅਜੇ ਕਣਕ ਪਈ ਹੈ ਪਰ ਗਰਮੀਂ ਤੋਂ ਛੁਟਕਾਰਾ ਮਿਲਣ ਕਰਕੇ ਖੇਤਾਂ ਵਿਚ ਕੰਮ ਚੱਲ ਅਤੇ ਸਾਉਣੀ ਦੀਆਂ ਫ਼ਸਲਾਂ ਦੀ ਬਿਜਾਈ ਲਈ ਤਿਆਰੀ ਸ਼ੁਰੂ ਹੋ ਜਾਵੇਗੀ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਬਠਿੰਡਾ ਸਥਿਤ ਖੇਤਰੀ ਖੋਜ਼ ਕੇਂਦਰ ਦੇ ਸੇਵਾ ਮੁਕਤ ਵਿਗਿਆਨੀ ਡਾ.ਜੀ.ਐਸ ਰੋਮਾਣਾ ਨੇ ਦੱਸਿਆ ਕਿ ਇਸ ਠੰਡੇ ਮੌਸਮ ਵਿਚ ਬੀਜਿਆ ਨਰਮਾ ਅਤੇ ਪਸ਼ੂਆਂ ਦਾ ਹਰਾ ਚਾਰਾ ਛੇਤੀ ਉਡਾਰ ਹੋਣ ਦੀ ਸੰਭਾਵਨਾ ਬਣ ਜਾਂਦੀ ਹੈ। ਇਸੇ ਦੌਰਾਨ ਅਸਮਾਨ ਉਪਰ ਗੂੜ੍ਹੇ ਕਾਲੇ ਰੰਗ ਦੇ ਬਦਲ ਵਿਖਾਈ ਦੇਣ ਲੱਗੇ ਹਨ, ਜਿਸ ਤੇਜ਼ ਚਮਕੀਲੀ ਧੁੱਪ ਤੋਂ ਛੁਟਕਾਰਾ ਮਿਲ ਗਿਆ ਹੈ। ਇਸੇ ਦੌਰਾਨ ਖੇਤੀਬਾੜੀ ਵਿਭਾਗ ਮਾਨਸਾ ਦੇ ਮੁੱਖ ਅਫਸਰ ਹਰਜਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਅੱਜ ਤੋਂ 30 ਅਪਰੈਲ ਤੱਕ ਹਲਕੀਆਂ ਕਣੀਆਂ ਸਮੇਤ 30-40 ਕਿਲੋਮੀਟਰ ਰਫ਼ਤਾਰ ਨਾਲ ਤੇਜ਼ ਹਵਾਵਾਂ ਅਤੇ ਗਰਜ ਚਮਕ ਤੇ ਬਿਜਲੀ ਲਿਸ਼ਕਣ ਦੀ ਸੂਚਨਾ ਪ੍ਰਾਪਤ ਹੋਈ ਹੈ।

Share: