ਹਮਲੇ ਤੋਂ ਬਾਅਦ ਵ੍ਹਾਈਟ ਹਾਊਸ ਸਖ਼ਤ: ਟਰੰਪ ਦੀ ਸੁਰੱਖਿਆ ਦੀ ਹੋਵੇਗੀ ਸਮੀਖਿਆ

ਹਮਲੇ ਤੋਂ ਬਾਅਦ ਵ੍ਹਾਈਟ ਹਾਊਸ ਸਖ਼ਤ: ਟਰੰਪ ਦੀ ਸੁਰੱਖਿਆ ਦੀ ਹੋਵੇਗੀ ਸਮੀਖਿਆ

ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਸੁਰੱਖਿਆ ਨੂੰ ਲੈ ਕੇ ਵ੍ਹਾਈਟ ਹਾਊਸ ਦੇ ਉੱਚ ਅਧਿਕਾਰੀਆਂ ਨੇ ਇਸੇ ਹਫ਼ਤੇ ਇੱਕ ਅਹਿਮ ਮੀਟਿੰਗ ਸੱਦੀ ਹੈ। ਇਹ ਫੈਸਲਾ ਸ਼ਨੀਵਾਰ ਰਾਤ ਪੱਤਰਕਾਰਾਂ ਦੇ ਸਾਲਾਨਾ ਡਿਨਰ (WHCA) ਦੌਰਾਨ ਹੋਈ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਲਿਆ ਗਿਆ ਹੈ। ਵ੍ਹਾਈਟ ਹਾਊਸ ਦੀ ਚੀਫ ਆਫ ਸਟਾਫ ਸੂਜ਼ਨ ਵਾਈਲਜ਼ ਨੇ ਸੀਕਰੇਟ ਸਰਵਿਸ ਅਤੇ ਹੋਮਲੈਂਡ ਸੁਰੱਖਿਆ ਵਿਭਾਗ (DHS) ਦੇ ਅਧਿਕਾਰੀਆਂ ਨਾਲ ਮੁਲਾਕਾਤ ਕਰਕੇ ਸੁਰੱਖਿਆ ਪ੍ਰੋਟੋਕੋਲ ਦੀ ਸਮੀਖਿਆ ਕਰਨ ਦੇ ਹੁਕਮ ਦਿੱਤੇ ਹਨ। ਇਸ ਨਾਕਾਮ ਹਮਲੇ ਨੇ ਅਮਰੀਕੀ ਸਰਕਾਰ ਦੇ ਉੱਤਰਾਧਿਕਾਰੀ ਦੀ ਲਾਈਨ (Line of Succession) ’ਤੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ। ਸਮਾਗਮ ਦੌਰਾਨ ਰਾਸ਼ਟਰਪਤੀ ਟਰੰਪ ਤੋਂ ਇਲਾਵਾ ਉਪ-ਰਾਸ਼ਟਰਪਤੀ JD Vance, ਹਾਊਸ ਸਪੀਕਰ ਮਾਈਕ ਜੌਹਨਸਨ, ਵਿਦੇਸ਼ ਮੰਤਰੀ ਮਾਰਕੋ ਰੂਬੀਓ ਅਤੇ ਰੱਖਿਆ ਮੰਤਰੀ ਸਮੇਤ ਕਈ ਵੱਡੇ ਅਹੁਦੇਦਾਰ ਮੌਜੂਦ ਸਨ, ਜੋ ਕਿਸੇ ਵੱਡੇ ਹਾਦਸੇ ਦੀ ਸੂਰਤ ਵਿੱਚ ਦੇਸ਼ ਦੀ ਵਾਗਡੋਰ ਸੰਭਾਲਣ ਦੀ ਕਤਾਰ ਵਿੱਚ ਆਉਂਦੇ ਹਨ।

ਕੀ ਰਾਸ਼ਟਰਪਤੀ ਤੇ ਉਪ-ਰਾਸ਼ਟਰਪਤੀ ਦਾ ਇਕੱਠੇ ਹੋਣਾ ਖ਼ਤਰਨਾਕ?

ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਕੈਰੋਲੀਨ ਲੀਵਿਟ ਨੇ ਸੰਕੇਤ ਦਿੱਤਾ ਕਿ ਆਉਣ ਵਾਲੇ ਸਮੇਂ ਵਿੱਚ ਇਹ ਨਿਯਮ ਬਣਾਇਆ ਜਾ ਸਕਦਾ ਹੈ ਕਿ ਰਾਸ਼ਟਰਪਤੀ ਟਰੰਪ ਅਤੇ ਉਪ-ਰਾਸ਼ਟਰਪਤੀ JD Vance ਇੱਕੋ ਸਮੇਂ ਕਿਸੇ ਜਨਤਕ ਸਮਾਗਮ ਵਿੱਚ ਮੌਜੂਦ ਨਾ ਰਹਿਣ। ਰਿਪਬਲਿਕਨ ਕਾਂਗਰਸਮੈਨ ਮਾਈਕਲ ਮੈਕਕੌਲ ਨੇ ਕਿਹਾ ਕਿ ਸੀਕਰੇਟ ਸਰਵਿਸ ਨੂੰ ਇਸ ਬਾਰੇ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ ਕਿਉਂਕਿ ਵਾਸ਼ਿੰਗਟਨ ਹਿਲਟਨ ਵਰਗੇ ਹੋਟਲ ਇੰਨੀ ਵੱਡੀ ਗਿਣਤੀ ਵਿੱਚ VVIPs ਦੀ ਸੁਰੱਖਿਆ ਲਈ ਢੁਕਵੇਂ ਨਹੀਂ ਹਨ।

‘ਡੈਜ਼ੀਗਨੇਟਿਡ ਸਰਵਾਈਵਰ’ ਦੀ ਲੋੜ

ਲੀਵਿਟ ਨੇ ਦੱਸਿਆ ਕਿ ਹਾਲਾਂਕਿ ਡਿਨਰ ਲਈ ਕੋਈ ਖਾਸ ‘ਡੈਜ਼ੀਗਨੇਟਿਡ ਸਰਵਾਈਵਰ’ (ਸੁਰੱਖਿਅਤ ਰੱਖਿਆ ਜਾਣ ਵਾਲਾ ਉੱਤਰਾਧਿਕਾਰੀ) ਨਿਯੁਕਤ ਨਹੀਂ ਕੀਤਾ ਗਿਆ ਸੀ, ਕਿਉਂਕਿ ਕੈਬਨਿਟ ਦੇ ਕੁਝ ਮੈਂਬਰ ਪਹਿਲਾਂ ਹੀ ਨਿੱਜੀ ਕਾਰਨਾਂ ਕਰਕੇ ਉੱਥੇ ਮੌਜੂਦ ਨਹੀਂ ਸਨ। ਜ਼ਿਕਰਯੋਗ ਹੈ ਕਿ ਫਰਵਰੀ ਵਿੱਚ ਹੋਏ ‘ਸਟੇਟ ਆਫ ਦ ਯੂਨੀਅਨ’ ਭਾਸ਼ਣ ਦੌਰਾਨ ਵੈਟਰਨ ਅਫੇਅਰਜ਼ ਮੰਤਰੀ ਡੱਗ ਕੋਲਿਨਸ ਨੂੰ ‘ਡੈਜ਼ੀਗਨੇਟਿਡ ਸਰਵਾਈਵਰ’ ਵਜੋਂ ਇੱਕ ਗੁਪਤ ਥਾਂ ‘ਤੇ ਰੱਖਿਆ ਗਿਆ ਸੀ ਤਾਂ ਜੋ ਕਿਸੇ ਵੀ ਹਮਲੇ ਦੀ ਸੂਰਤ ਵਿੱਚ ਸਰਕਾਰ ਚਲਦੀ ਰਹਿ ਸਕੇ।

ਆਜ਼ਾਦੀ ਦੀ 250ਵੀਂ ਵਰ੍ਹੇਗੰਢ ਤੋਂ ਪਹਿਲਾਂ ਚੌਕਸੀ

ਅਮਰੀਕਾ ਇਸ ਸਾਲ 4 ਜੁਲਾਈ ਨੂੰ ਆਪਣੀ ਆਜ਼ਾਦੀ ਦੀ 250ਵੀਂ ਵਰ੍ਹੇਗੰਢ ਮਨਾ ਰਿਹਾ ਹੈ, ਜਿਸ ਕਾਰਨ ਟਰੰਪ ਕਈ ਜਨਤਕ ਰੈਲੀਆਂ ਵਿੱਚ ਹਿੱਸਾ ਲੈਣ ਵਾਲੇ ਹਨ। ਸੂਜ਼ਨ ਵਾਈਲਜ਼ ਵੱਲੋਂ ਸੱਦੀ ਗਈ ਮੀਟਿੰਗ ਵਿੱਚ ਇਨ੍ਹਾਂ ਸਮਾਗਮਾਂ ਲਈ ਨਵੀਂ ਰਣਨੀਤੀ ਉਲੀਕੀ ਜਾਵੇਗੀ। ਅਧਿਕਾਰੀਆਂ ਨੇ ਸਾਫ ਕੀਤਾ ਹੈ ਕਿ ਭਾਵੇਂ ਸੀਕਰੇਟ ਸਰਵਿਸ ਆਪਣੀ ਕਾਰਜਪ੍ਰਣਾਲੀ ਜਨਤਕ ਨਹੀਂ ਕਰਦੀ, ਪਰ ਰਾਸ਼ਟਰਪਤੀ ਦੀ ਜਾਨ ਦੀ ਰਾਖੀ ਲਈ ਹਰ ਜ਼ਰੂਰੀ ਬਦਲਾਅ ਕੀਤਾ ਜਾਵੇਗਾ।

Share: