ਜੈਪੁਰ: ਰਾਜਸਥਾਨ ਦੇ ਅਲਵਰ ਜ਼ਿਲ੍ਹੇ ਵਿੱਚ ਦਿੱਲੀ-ਮੁੰਬਈ ਐਕਸਪ੍ਰੈਸਵੇਅ ‘ਤੇ ਇੱਕ ਚਲਦੀ ਕਾਰ ਨੂੰ ਅੱਗ ਲੱਗਣ ਕਾਰਨ ਪੰਜ ਲੋਕਾਂ ਦੀ ਸੜ ਕੇ ਮੌਤ ਹੋ ਗਈ, ਜਦੋਂ ਕਿ ਇੱਕ ਹੋਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਪੁਲੀਸ ਨੇ ਵੀਰਵਾਰ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਘਟਨਾ ਬੁੱਧਵਾਰ ਰਾਤ ਮੌਜਪੁਰ ਦੇ ਨੇੜੇ ਵਾਪਰੀ ਜਦੋਂ ਪੀੜਤ ਵੈਸ਼ਨੋ ਦੇਵੀ ਦੀ ਤੀਰਥ ਯਾਤਰਾ ਤੋਂ ਵਾਪਸ ਆ ਰਹੇ ਸਨ।
ਵਧੀਕ ਪੁਲੀਸ ਸੁਪਰਡੈਂਟ ਪ੍ਰਿਅੰਕਾ ਰਘੂਵੰਸ਼ੀ ਨੇ ਦੱਸਿਆ ਕਿ ਅੱਗ ਬੁਝਾਊ ਗੱਡੀਆਂ ਮੌਕੇ ‘ਤੇ ਭੇਜੀਆਂ ਗਈਆਂ ਅਤੇ 15 ਮਿੰਟਾਂ ਵਿੱਚ ਅੱਗ ‘ਤੇ ਕਾਬੂ ਪਾ ਲਿਆ ਗਿਆ, ਪਰ ਉਦੋਂ ਤੱਕ ਕਾਰ ਪੂਰੀ ਤਰ੍ਹਾਂ ਸੜ ਚੁੱਕੀ ਸੀ। ਮਰਨ ਵਾਲਿਆਂ ਵਿੱਚ ਤਿੰਨ ਔਰਤਾਂ, ਇੱਕ ਨਾਬਾਲਗ ਲੜਕੀ ਅਤੇ ਇੱਕ ਮਰਦ ਸ਼ਾਮਲ ਸੀ। ਉਹ ਸਾਰੇ ਮੱਧ ਪ੍ਰਦੇਸ਼ ਦੇ ਸ਼ਿਓਪੁਰ ਜ਼ਿਲ੍ਹੇ ਦੇ ਰਹਿਣ ਵਾਲੇ ਸਨ।
ਡਿਪਟੀ ਸੁਪਰਡੈਂਟ ਆਫ਼ ਪੁਲੀਸ ਕੈਲਾਸ਼ ਜਿੰਦਲ ਨੇ ਦੱਸਿਆ ਕਿ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਹੋਣ ਦਾ ਖਦਸ਼ਾ ਹੈ। ਸੀ ਐੱਨ ਜੀ ਵਾਹਨ ਹੋਣ ਕਾਰਨ ਅੱਗ ਤੇਜ਼ੀ ਨਾਲ ਫੈਲ ਗਈ, ਜਿਸ ਨਾਲ ਸਵਾਰੀਆਂ ਨੂੰ ਬਚਣ ਦਾ ਸਮਾਂ ਨਹੀਂ ਮਿਲਿਆ। ਉਨ੍ਹਾਂ ਕਿਹਾ, “ਵਾਹਨ ਵਿੱਚੋਂ ਸਿਰਫ਼ ਪਿੰਜਰ ਹੀ ਬਰਾਮਦ ਹੋਏ ਹਨ, ਜਿਨ੍ਹਾਂ ਨੂੰ ਵੱਖਰੇ ਤੌਰ ‘ਤੇ ਸੁਰੱਖਿਅਤ ਰੱਖਿਆ ਗਿਆ ਹੈ। ਉਨ੍ਹਾਂ ਦੀ ਪਛਾਣ ਸਥਾਪਿਤ ਕਰਨ ਲਈ ਡੀ ਐੱਨ ਏ ਟੈਸਟ ਕੀਤੇ ਜਾਣਗੇ।”
ਅਧਿਕਾਰੀਆਂ ਨੇ ਦੱਸਿਆ ਕਿ ਕਾਰ ਚਾਲਕ, ਜਿਸ ਦੀ ਪਛਾਣ ਵਿਨੋਦ ਕੁਮਾਰ ਮੇਹਰ ਵਜੋਂ ਹੋਈ ਹੈ, ਵਾਹਨ ਤੋਂ ਬਾਹਰ ਛਾਲ ਮਾਰਨ ਵਿੱਚ ਕਾਮਯਾਬ ਰਿਹਾ ਪਰ ਉਹ ਲਗਪਗ 80 ਫੀਸਦੀ ਸੜ ਗਿਆ ਹੈ। ਉਸ ਨੂੰ ਪਹਿਲਾਂ ਨੇੜਲੇ ਸਿਹਤ ਕੇਂਦਰ ਲਿਜਾਇਆ ਗਿਆ ਅਤੇ ਬਾਅਦ ਵਿੱਚ ਉੱਚ ਪੱਧਰੀ ਇਲਾਜ ਲਈ ਜੈਪੁਰ ਰੈਫਰ ਕਰ ਦਿੱਤਾ ਗਿਆ। ਅਗਲੇਰੀ ਜਾਂਚ ਜਾਰੀ ਹੈ।
