ਰਾਹੁਲ ਨੇ ਆਰ ਐੱਸ ਐੱਸ ਤੇ ਭਾਜਪਾ ’ਤੇ ਨਿਸ਼ਾਨਾ ਸੇਧਿਆ

ਰਾਹੁਲ ਨੇ ਆਰ ਐੱਸ ਐੱਸ ਤੇ ਭਾਜਪਾ ’ਤੇ ਨਿਸ਼ਾਨਾ ਸੇਧਿਆ

ਵਡੋਦਰਾ: ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਆਦਿਵਾਸੀਆਂ ਲਈ ਵਣਵਾਸੀ ਸ਼ਬਦ ਦੇ ਇਸਤੇਮਾਲ ’ਤੇ ਅੱਜ ਭਾਜਪਾ ਅਤੇ ਰਾਸ਼ਟਰੀ ਸਵੈਮਸੇਵਕ ਸੰਘ (ਆਰ ਐੱਸ ਐੱਸ) ਉਤੇ ਨਿਸ਼ਾਨਾ ਸੇਧਿਆ। ਕਾਂਗਰਸ ਨੇਤਾ ਨੇ ਦਾਅਵਾ ਕੀਤਾ ਕਿ ਉਨ੍ਹਾਂ ਇਹ ਸ਼ਬਦ ਇਸ ਲਈ ਘੜਿਆ ਹੈ ਤਾਂ ਕਿ ਪਾਣੀ, ਜੰਗਲ ਤੇ ਜ਼ਮੀਨ ਉਤੇ ਆਦਿਵਾਸੀਆਂ ਦੀ ਮੂਲ ਮਲਕੀਅਤ ਨੂੰ ਨਕਾਰਿਆ ਜਾ ਸਕੇ ਜੋ ਸਦੀਆਂ ਤੋਂ ਉਨ੍ਹਾਂ ਦੀ ਹੈ। ਵਡੋਦਰਾ ਵਿਚ ਕਰਵਾਏ ਗਏ ਆਦਿਵਾਸੀ ਅਧਿਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਜਾਤ ਮਰਦਮਸ਼ੁਮਾਰੀ ਦੀ ਆਪਣੀ ਮੰਗ ਨੂੰ ਦੁਹਰਾਇਆ। ਉਨ੍ਹਾਂ ਕਿਹਾ ਕਿ ਆਦਿਵਾਸੀਆਂ ਲਈ ਇਹ ਮਹੱਤਵਪੂਰਨ ਹੈ ਕਿਉਂਕਿ ਇਸ ਨਾਲ ਹੀ ਉਨ੍ਹਾਂ ਨੂੰ ਦੇਸ਼ ਦੀ ਸੱਤਾ ਤੇ ਸੰਪਤੀ ਵਿਚ ਆਪਣਾ ਹਿੱਸਾ ਮਿਲੇਗਾ।

ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਨੇ ਸੰਮੇਲਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ‘ਆਦਿਵਾਸੀਆਂ ਤੋਂ ਭਾਵ ਭਾਰਤ ਦੇ ਮੂਲ ਨਿਵਾਸੀਆਂ ਤੋਂ ਹੈ। ਜੇ ਤੁਸੀਂ ਇਸ ਧਰਤੀ ਉਤੇ 1,000, 2000 ਜਾਂ ਇੱਥੋਂ ਤੱਕ ਕਿ 5 ਹਜ਼ਾਰ ਸਾਲ ਪਹਿਲਾਂ ਵੀ ਆਉਂਦੇ ਤਾਂ ਤੁਹਾਨੂੰ ਪਤਾ ਲੱਗਦਾ ਕਿ ਜ਼ਮੀਨ ਦਾ ਇਕ-ਇਕ ਇੰਚ ਆਦਿਵਾਸੀਆਂ ਦੇ ਹੱਥਾਂ ’ਚ ਸੀ।’’ ਉਨ੍ਹਾਂ ਕਿਹਾ ਕਿ ਹੁਣ 21ਵੀਂ ਸਦੀ ਵਿਚ ਇਕ ਨਵਾਂ ਸ਼ਬਦ ਸਾਹਮਣੇ ਆਇਆ ਹੈ- ਆਰ ਐੱਸ ਐੱਸ ਤੇ ਭਾਜਪਾ ਵੱਲੋਂ ਘੜਿਆ ਗਿਆ ਸ਼ਬਦ ‘ਵਣਵਾਸੀ’। ਵਣਵਾਸੀ ਸ਼ਬਦ ਦਾ ਮਤਲਬ ਹੈ ਕਿ ਤੁਸੀਂ ਇਸ ਭੂਮੀ ਦੇ ਮੂਲ ਮਾਲਕ ਨਹੀਂ ਸੀ। ਦੂਜੇ ਪਾਸੇ ਆਦਿਵਾਸੀ ਸ਼ਬਦ ਦਾ ਅਰਥ ਹੈ ਕਿ ਇਹ ਦੇਸ਼ ਤੁਹਾਡਾ ਸੀ। ਇਸ ਦਾ ਜਲ, ਜੰਗਲ ਤੇ ਜ਼ਮੀਨ ਸਹੀ ਮਾਅਨਿਆਂ ਵਿਚ ਤੁਹਾਡੇ ਸਨ। ਰਾਹੁਲ ਨੇ ਕਿਹਾ ਕਿ ਆਦਿਵਾਸੀਆਂ ਨੂੰ ਵਣਵਾਸੀ ਕਹਿਣਾ ਸੰਵਿਧਾਨ ’ਤੇ ਹਮਲੇ ਵਰਗਾ ਹੈ।

Share: