ਜੈਪੁਰ : ਸਿਆਸਤ ਵਿੱਚ ਕਦੋਂ ਕੀ ਹੋ ਜਾਵੇ, ਕੋਈ ਨਹੀਂ ਜਾਣਦਾ, ਇਸੇੇ ਸਬੰਧੀ ਇੱਕ ਪੰਚਾਇਤ ਸੰਮਤੀ ਪ੍ਰਧਾਨ ਦੀ ਚੋਣ ਦੌਰਾਨ ਅਜਿਹਾ ਦਿਲਚਸਪ ਅਤੇ ਹੈਰਾਨ ਕਰਨ ਵਾਲਾ ਸਿਆਸੀ ਡਰਾਮਾ ਦੇਖਣ ਨੂੰ ਮਿਲਿਆ, ਜਿਸ ਨੇ ਹਰ ਕਿਸੇ ਨੂੰ ਚੱਕਰਾਂ ਵਿੱਚ ਪਾ ਦਿੱਤਾ। ਇੱਕ ਮਹਿਲਾ ਉਮੀਦਵਾਰ ਨੇ ਇੱਕੋ ਦਿਨ ਵਿੱਚ ਕਾਂਗਰਸ, ਭਾਜਪਾ ਅਤੇ ਆਜ਼ਾਦ ਉਮੀਦਵਾਰ ਵਜੋਂ ਤਿੰਨ ਵੱਖ-ਵੱਖ ਨਾਮਜ਼ਦਗੀਆਂ ਦਾਖਲ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ।
ਪਰ ਕਹਾਣੀ ਵਿੱਚ ਅਸਲ ਮੋੜ ਉਦੋਂ ਆਇਆ ਜਦੋਂ ਉਹ ਅਖ਼ੀਰ ਵਿੱਚ ਭਾਜਪਾ ਦੇ ਚੋਣ ਨਿਸ਼ਾਨ ‘ਤੇ ਬਿਨਾਂ ਮੁਕਾਬਲਾ ਪ੍ਰਧਾਨ ਚੁਣੀ ਗਈ। ਇਸ ‘ਖੇਡ’ ਤੋਂ ਨਾਰਾਜ਼ ਅਤੇ ਨਿਰਾਸ਼ ਹੋ ਕੇ ਕਾਂਗਰਸ ਦੇ ਸਾਬਕਾ ਵਿਧਾਇਕ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ।
ਕਿਵੇਂ ਬਦਲਿਆ ਪੂਰਾ ਘਟਨਾਕ੍ਰਮ?
ਇਹ ਪੂਰਾ ਮਾਮਲਾ ਡੀਗ ਜ਼ਿਲ੍ਹੇ ਦੀ ਬ੍ਰਿਜ ਨਗਰ ਪੰਚਾਇਤ ਸੰਮਤੀ ਦੇ ਪ੍ਰਧਾਨ ਦੀ ਚੋਣ ਨਾਲ ਜੁੜਿਆ ਹੋਇਆ ਹੈ। ਚੋਣ ਪ੍ਰਕਿਰਿਆ ਦੌਰਾਨ ਬਾਤੀ ਕੁਮਾਰੀ ਨਾਮ ਦੀ ਮਹਿਲਾ ਉਮੀਦਵਾਰ ਸਭ ਤੋਂ ਪਹਿਲਾਂ ਸਾਬਕਾ ਕਾਂਗਰਸ ਵਿਧਾਇਕ ਵਾਜਿਬ ਅਲੀ ਦੀ ਮੌਜੂਦਗੀ ਵਿੱਚ (ਸਾੜੀ ਪਹਿਨੇ ਹੋਏ)ਪਹੁੰਚੀ ਅਤੇ ਕਾਂਗਰਸ ਦੀ ਟਿਕਟ ‘ਤੇ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ। ਕਾਂਗਰਸੀ ਖੇਮੇ ਵਿੱਚ ਖੁਸ਼ੀ ਦੀ ਲਹਿਰ ਸੀ, ਪਰ ਇਹ ਖੁਸ਼ੀ ਬਹੁਤੀ ਦੇਰ ਟਿਕ ਨਾ ਸਕੀ।
ਕੁਝ ਹੀ ਸਮੇਂ ਬਾਅਦ ਸਿਆਸੀ ਹਵਾ ਅਜਿਹੀ ਬਦਲੀ ਕਿ ਉਹੀ ਬਾਤੀ ਕੁਮਾਰੀ ਭਾਜਪਾ ਆਗੂ ਜਵਾਹਰ ਸਿੰਘ ਬੇਢਮ ਦੇ ਨਾਲ ਰਿਟਰਨਿੰਗ ਅਫ਼ਸਰ ਕੋਲ ਪਹੁੰਚੀ ਅਤੇ ਭਾਜਪਾ ਉਮੀਦਵਾਰ ਵਜੋਂ ਦੂਜੀ ਨਾਮਜ਼ਦਗੀ ਭਰ ਦਿੱਤੀ। ਇੰਨਾ ਹੀ ਨਹੀਂ, ਉਨ੍ਹਾਂ ਨੇ ਫਿਰ ਸਲਵਾਰ ਸੂਟ ਪਾ ਕੇ ਆਜ਼ਾਦ ਉਮੀਦਵਾਰ ਵਜੋਂ ਤੀਜਾ ਪਰਚਾ ਵੀ ਦਾਖਲ ਕਰ ਦਿੱਤਾ। ਮੈਦਾਨ ਵਿੱਚ ਕੋਈ ਹੋਰ ਵਿਰੋਧੀ ਉਮੀਦਵਾਰ ਨਾ ਹੋਣ ਕਾਰਨ, ਬਾਤੀ ਕੁਮਾਰੀ ਨੇ ਆਪਣੀਆਂ ਕਾਂਗਰਸ ਅਤੇ ਆਜ਼ਾਦ ਨਾਮਜ਼ਦਗੀਆਂ ਵਾਪਸ ਲੈ ਲਈਆਂ ਅਤੇ ਭਾਜਪਾ ਦੀ ਟਿਕਟ ‘ਤੇ ਬਿਨਾਂ ਮੁਕਾਬਲਾ ਜੇਤੂ ਐਲਾਨ ਦਿੱਤੀ ਗਈ।
“ਸਾੜੀ ਪਾ ਕੇ ਸਾਡੇ ਨਾਲ ਆਈ ਸੀ, ਭਾਜਪਾ ਨੇ ਕੱਪੜੇ ਬਦਲਵਾ ਦਿੱਤੇ”
ਇਸ ਅਚਾਨਕ ਹੋਏ ਉਲਟਫੇਰ ਤੋਂ ਬਾਅਦ ਸਾਬਕਾ ਕਾਂਗਰਸ ਵਿਧਾਇਕ ਵਾਜਿਬ ਅਲੀ ਨੇ ਭਾਜਪਾ ‘ਤੇ ਤਿੱਖੇ ਹਮਲੇ ਕੀਤੇ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਨੇ ਲੋਕਤੰਤਰੀ ਕਦਰਾਂ-ਕੀਮਤਾਂ ਦਾ ਘਾਣ ਕਰਦਿਆਂ ਪੈਸੇ ਅਤੇ ਸੱਤਾ ਦੀ ਦੁਰਵਰਤੋਂ ਨਾਲ ਇਹ ਜਿੱਤ ਹਾਸਲ ਕੀਤੀ ਹੈ।
ਅਲੀ ਨੇ ਕਿਹਾ, “ਕਾਂਗਰਸ ਉਮੀਦਵਾਰ ਸਾਡੇ ਨਾਲ ਸਾੜੀ ਪਾ ਕੇ ਨਾਮਜ਼ਦਗੀ ਭਰਨ ਆਈ ਸੀ, ਪਰ ਭਾਜਪਾ ਵਾਲਿਆਂ ਨੇ ਉਸ ਦੇ ਕੱਪੜੇ ਬਦਲਵਾਏ ਅਤੇ ਚੋਣ ਜਿੱਤਣ ਲਈ ਉਸ ਨੂੰ ਆਪਣਾ ਉਮੀਦਵਾਰ ਬਣਾ ਕੇ ਵਾਪਸ ਲੈ ਆਏ।” ਉਨ੍ਹਾਂ ਕਿਹਾ ਕਿ ਲੋਕਾਂ ਦਾ ਫ਼ਤਵਾ ਕਾਂਗਰਸ ਦੇ ਹੱਕ ਵਿੱਚ ਸੀ, ਪਰ ਭਾਜਪਾ ਨੇ ਪੂਰਾ ਡਰਾਮਾ ਰਚ ਕੇ ਉਨ੍ਹਾਂ ਦਾ ਉਮੀਦਵਾਰ ਖੋਹ ਲਿਆ।
ਨੈਤਿਕ ਜ਼ਿੰਮੇਵਾਰੀ ਲੈਂਦਿਆਂ ਅਸਤੀਫ਼ਾ
ਪਾਰਟੀ ਦੀ ਇਸ ਹਾਰ ਦੀ ਨੈਤਿਕ ਜ਼ਿੰਮੇਵਾਰੀ ਲੈਂਦਿਆਂ ਵਾਜਿਬ ਅਲੀ ਨੇ ਪ੍ਰਦੇਸ਼ ਕਾਂਗਰਸ ਕਮੇਟੀ (PCC) ਦੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ। ਉਨ੍ਹਾਂ ਨਿਰਾਸ਼ ਹੋਏ ਪਾਰਟੀ ਵਰਕਰਾਂ ਤੋਂ ਮੁਆਫ਼ੀ ਮੰਗਦਿਆਂ ਸਪੱਸ਼ਟ ਕੀਤਾ ਕਿ ਉਹ ਬਿਨਾਂ ਕਿਸੇ ਅਹੁਦੇ ਦੇ ਇੱਕ ਆਮ ਵਰਕਰ ਵਜੋਂ ਪਾਰਟੀ ਦੀ ਸੇਵਾ ਕਰਦੇ ਰਹਿਣਗੇ।
ਭਾਜਪਾ ਨੇ ਕਿਹਾ, ‘ਇਹ ਸ਼ਾਨਦਾਰ ਜਿੱਤ ਹੈ’
ਦੂਜੇ ਪਾਸੇ, ਭਾਜਪਾ ਨੇ ਕਾਂਗਰਸ ਦੇ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ। ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸਤੀਸ਼ ਬਾਂਸਲ ਨੇ ਇਸ ਨੂੰ ਬ੍ਰਿਜ ਨਗਰ ਵਿੱਚ ਪਾਰਟੀ ਦੀ ਸ਼ਾਨਦਾਰ ਜਿੱਤ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਬਾਤੀ ਕੁਮਾਰੀ ਨੇ ਭਾਜਪਾ ਉਮੀਦਵਾਰ ਵਜੋਂ ਪਰਚਾ ਭਰਿਆ ਅਤੇ ਬਿਨਾਂ ਮੁਕਾਬਲਾ ਜਿੱਤ ਦਰਜ ਕੀਤੀ। ਬਾਂਸਲ ਨੇ ਵਾਜਿਬ ਅਲੀ ਦੇ ਦੋਸ਼ਾਂ ਨੂੰ ਬੇਬੁਨਿਆਦ ਦੱਸਦਿਆਂ ਉਨ੍ਹਾਂ ਨੂੰ ਸਿਆਸਤ ਵਿੱਚ ਸੰਜਮ ਵਾਲੀ ਭਾਸ਼ਾ ਵਰਤਣ ਦੀ ਸਲਾਹ ਦਿੱਤੀ।
