Punjab ਸਿਹਤ ਕ੍ਰਾਂਤੀ: ਮਾਨਸਾ ਵਿੱਚ ਐਂਬੂਲੈਂਸ ਨਾ ਪੁੱਜਣ ਕਾਰਨ ਰੇਹੜੀ ’ਤੇ ਹਸਪਤਾਲ ਲਿਆਂਦੀ ਲਾਸ਼

Punjab ਸਿਹਤ ਕ੍ਰਾਂਤੀ: ਮਾਨਸਾ ਵਿੱਚ ਐਂਬੂਲੈਂਸ ਨਾ ਪੁੱਜਣ ਕਾਰਨ ਰੇਹੜੀ ’ਤੇ ਹਸਪਤਾਲ ਲਿਆਂਦੀ ਲਾਸ਼

ਮਾਨਸਾ : ਮਾਨਸਾ ਵਿੱਚ ਪੰਜਾਬ ਸਰਕਾਰ ਦੀ ‘ਸਿਹਤ ਕ੍ਰਾਂਤੀ’ ਦੇ ਦਾਅਵਿਆਂ ’ਤੇ ਸਵਾਲ ਖੜ੍ਹੇ ਕਰਦੀ ਇੱਕ ਦਰਦਨਾਕ ਘਟਨਾ ਸਾਹਮਣੇ ਆਈ ਹੈ। ਜਿੱਥੇ ਇੱਕ ਵਿਅਕਤੀ ਦੀ ਮੌਤ ਤੋਂ ਬਾਅਦ ਉਸ ਦੀ ਲਾਸ਼ ਨੂੰ ਹਸਪਤਾਲ ਪਹੁੰਚਾਉਣ ਲਈ ਐਂਬੂਲੈਂਸ ਦੀ ਬਜਾਏ ਰੇਹੜੀ ਦਾ ਸਹਾਰਾ ਲੈਣਾ ਪਿਆ। ਜਾਣਕਾਰੀ ਅਨੁਸਾਰ ਮਾਨਸਾ ਦੀ ਨਿਊ ਕੋਰਟ ਰੋਡ ’ਤੇ ਰਾਤ ਸਮੇਂ ਇੱਕ ਵਿਅਕਤੀ ਗੰਦੇ ਨਾਲੇ ਵਿੱਚ ਡਿੱਗ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ।  ਮੌਕੇ ’ਤੇ ਮੌਜੂਦ ਲੋਕਾਂ ਵੱਲੋਂ ਹਸਪਤਾਲ ਵਿੱਚ ਫੋਨ ਕਰਕੇ ਐਂਬੂਲੈਂਸ ਦੀ ਮੰਗ ਕੀਤੀ ਗਈ। ਦੱਸਿਆ ਜਾ ਰਿਹਾ ਹੈ ਕਿ ਕਾਫ਼ੀ ਕੋਸ਼ਿਸ਼ਾਂ ਦੇ ਬਾਵਜੂਦ ਮੌਕੇ ’ਤੇ ਐਂਬੂਲੈਂਸ ਨਹੀਂ ਪਹੁੰਚੀ। ਇਸ ਤੋਂ ਬਾਅਦ ਮ੍ਰਿਤਕ ਦੀ ਲਾਸ਼ ਨੂੰ ਹਸਪਤਾਲ ਪਹੁੰਚਾਉਣ ਲਈ ਐਂਬੂਲੈਂਸ ਦੀ ਥਾਂ ਰੇਹੜੀ ਦਾ ਸਹਾਰਾ ਲੈਣਾ ਪਿਆ।  ਘਟਨਾ ਦੀ ਸੂਚਨਾ ਮਿਲਣ ’ਤੇ ਮੌਕੇ ’ਤੇ ਪਹੁੰਚੇ ਸਮਾਜ ਸੇਵੀ ਨੇ ਪੰਜਾਬ ਸਰਕਾਰ ਦੀ ‘ਸਿਹਤ ਕ੍ਰਾਂਤੀ’ ਦੇ ਦਾਅਵਿਆਂ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਜੇ ਕਿਸੇ ਵਿਅਕਤੀ ਦੀ ਮੌਤ ਤੋਂ ਬਾਅਦ ਉਸ ਦੀ ਲਾਸ਼ ਨੂੰ ਹਸਪਤਾਲ ਪਹੁੰਚਾਉਣ ਲਈ ਵੀ ਰੇਹੜੀ ਦੀ ਵਰਤੋਂ ਕਰਨੀ ਪਵੇ ਤਾਂ ਸਿਹਤ ਸੇਵਾਵਾਂ ਦੀ ਜ਼ਮੀਨੀ ਹਕੀਕਤ ’ਤੇ ਸਵਾਲ ਉੱਠਣੇ ਸੁਭਾਵਿਕ ਹਨ।

ਸਵਾਲ ਉੱਠ ਰਿਹਾ ਹੈ ਕਿ ਸਰਕਾਰ ਵੱਲੋਂ ਸਿਹਤ ਸੇਵਾਵਾਂ ਨੂੰ ਬਿਹਤਰ ਬਣਾਉਣ ਦੇ ਕੀਤੇ ਜਾ ਰਹੇ ਦਾਅਵਿਆਂ ਦੇ ਬਾਵਜੂਦ ਮਾਨਸਾ ਵਿੱਚ ਐਂਬੂਲੈਂਸ ਸੇਵਾ ਸਮੇਂ ਸਿਰ ਕਿਉਂ ਉਪਲਬਧ ਨਹੀਂ ਹੋ ਸਕੀ? ਸਹਾਇਕ ਸਿਵਲ ਸਰਜਨ ਡਾ ਬਲਜੀਤ ਕੌਰ ਨੇ ਕਿਹਾ ਕਿ 108 ਨੰਬਰ ਐਂਬੂਲੈਂਸ ਹਰ ਵੇਲੇ ਉਪਲਬਧ ਹੁੰਦੀ ਹੈ। ਉਹ ਇਸ ਮਾਮਲੇ ਦੀ ਪੜਤਾਲ ਕਰਵਾਉਣਗੇ ਅਤੇ ਇਸਦਾ ਪਤਾ ਕਰ ਰਹੇ ਹਨ।
Share: