ਨਵੀਂ ਦਿੱਲੀ : ਇਹ ਟਿੱਪਣੀ ਕਰਦਿਆਂ ਕਿ ਤਾਮਿਲ ਨਾਡੂ ਕਾਰਜਪਾਲਿਕਾ ਅਧਿਕਾਰੀਆਂ ਨੇ ਆਪਣੇ ਸਿਆਸੀ ਆਕਾਵਾਂ ਦੇ ਹੁਕਮਾਂ ’ਤੇ ਕੰਮ ਕੀਤਾ ਹੈ, ਸੁਪਰੀਮ ਕੋਰਟ ਨੇ ਅੱਜ 20 ਨਵੰਬਰ ਦੇ ‘ਕਾਰਤਿਗਈ ਦੀਪਮ’ ਹੁਕਮਾਂ ਦੀ ਉਲੰਘਣਾ ਕਰਨ ’ਤੇ ਤਾਮਿਲ ਨਾਡੂ ਦੇ ਮੁੱਖ ਸਕੱਤਰ, ਡੀ ਜੀ ਪੀ, ਮਦੁਰਈ ਦੇ ਕੁਲੈਕਟਰ ਅਤੇ ਹੋਰਾਂ ਨੂੰ ਅਦਾਲਤੀ ਹੁਕਮਾਂ ਦੀ ਹੱਤਕ ਦਾ ਨੋਟਿਸ ਜਾਰੀ ਕੀਤਾ ਹੈ। ਸਿਖਰਲੀ ਅਦਾਲਤ ਨੇ ਅਰੁਲਮਿਗੂ ਸੁਬਰਾਮਨੀਆਸਵਾਮੀ ਮੰਦਰ ਦੇ ਟਰੱਸਟੀ ਬੋਰਡ ਨੂੰ ਮੁਅੱਤਲ ਕਰ ਦਿੱਤਾ ਅਤੇ ਉਚਾਈਪਿੱਲੈਯਾਰ ਮੰਡਪਮ ਵਿੱਚ ਜਗਾਈ ਗਈ ਜੋਤ ਦੀ ਵਰਤੋਂ ਕਰਦਿਆਂ ਥਿਰੂਪਰਨਕੁੰਦਰਮ ਦੀਪਾਥੂਨ ਵਿਖੇ ਸ਼ਨਿਚਰਵਾਰ ਨੂੰ ਦੀਵਾ ਜਗਾਉਣ ਦਾ ਹੁਕਮ ਦਿੱਤਾ। ਤਾਮਿਲ ਨਾਡੂ ਦੇ ਮੁੱਖ ਸਕੱਤਰ ਨੂੰ ਨਿੱਜੀ ਤੌਰ ’ਤੇ ਪੇਸ਼ ਹੋਣ ਲਈ ਕਹਿੰਦਿਆਂ, ਜਸਟਿਸ ਅਰਵਿੰਦ ਕੁਮਾਰ ਅਤੇ ਜਸਟਿਸ ਵਿਪੁਲ ਐੱਮ ਪੰਚੋਲੀ ਦੇ ਬੈਂਚ ਨੇ ਉਨ੍ਹਾਂ ਨੂੰ ਅਧਿਕਾਰੀਆਂ ਵਿਚਕਾਰ ਹੋਈਆਂ ਈ-ਮੇਲਾਂ, ਫੋਨ ਕਾਲਾਂ ਅਤੇ ਸੁਨੇਹਿਆਂ ਦਾ ਵੇਰਵਾ ਦਿੰਦਾ ਹਲਫ਼ਨਾਮਾ ਦਾਖ਼ਲ ਕਰਨ ਦਾ ਹੁਕਮ ਵੀ ਦਿੱਤਾ ਹੈ। ਸਿਖਰਲੀ ਅਦਾਲਤ ਨੇ ਹੁਕਮ ਲਾਗੂ ਕਰਨ ’ਚ ਤਾਮਿਲ ਨਾਡੂ ਪੁਲੀਸ ਦੀ ਨਾਕਾਮੀ ਦਾ ਹਵਾਲਾ ਦਿੰਦਿਆਂ ਅਰੁਲਮਿਗੂ ਸੁਬਰਾਮਨੀਆਸਵਾਮੀ ਮੰਦਰ ਅਤੇ ਥਿਰੂਪਰਨਕੁੰਦਰਮ ਪਹਾੜੀ ਦੀ ਸੁਰੱਖਿਆ ਸੀ ਆਰ ਪੀ ਐੱਫ ਹਵਾਲੇ ਕਰ ਦਿੱਤੀ। ਅਦਾਲਤ ਨੇ ਕਿਹਾ ਕਿ ਜੇ ਉਸ ਦੇ ਹੁਕਮਾਂ ਦੀ ਪਾਲਣਾ ਨਹੀਂ ਹੁੰਦੀ ਹੈ ਤਾਂ ਉਹ ਚੁੱਪ ਨਹੀਂ ਬੈਠ ਸਕਦੇ ਅਤੇ ਇਹ ਵੀ ਸਪੱਸ਼ਟ ਕੀਤਾ ਕਿ ਹੁਕਮ ਗੱਲਬਾਤ ਜਾਂ ਸੌਦੇਬਾਜ਼ੀ ਦਾ ਸੱਦਾ ਨਹੀਂ ਸਗੋਂ ਇਹ ਸੂਬਾ ਸਰਕਾਰ, ਅਧਿਕਾਰੀਆਂ ਅਤੇ ਹਰ ਧਾਰਮਿਕ ਸੰਸਥਾ ਲਈ ਲਾਜ਼ਮੀ ਹੈ। ਅਦਾਲਤ ਨੇ ਸਖ਼ਤ ਟਿੱਪਣੀ ਕਰਦਿਆਂ ਕਿਹਾ ਕਿ ਕਿਸੇ ਵੀ ਵਿਅਕਤੀ ਵੱਲੋਂ, ਭਾਵੇਂ ਉਹ ਕਿੰਨੇ ਵੀ ਉੱਚੇ ਅਹੁਦੇ ’ਤੇ ਕਿਉਂ ਨਾ ਹੋਵੇ, ਨਿਆਂ ਪ੍ਰਣਾਲੀ ਨੂੰ ਪ੍ਰਭਾਵਿਤ ਕਰਨ ਦੀ ਕਿਸੇ ਵੀ ਕੋਸ਼ਿਸ਼ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਸਿਖਰਲੀ ਅਦਾਲਤ ਨੇ ਕਿਹਾ ਕਿ ਅਧਿਕਾਰੀਆਂ ਦਾ ਵਤੀਰਾ ਪਹਿਲੀ ਨਜ਼ਰ ’ਚ ਤਾਮਿਲ ਨਾਡੂ ਵਿੱਚ ਪ੍ਰਸ਼ਾਸਨਿਕ ਬਦਅਮਨੀ ਦੇ ਹਾਲਾਤ ਨੂੰ ਦਰਸਾਉਂਦਾ ਹੈ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਤਾਮਿਲ ਨਾਡੂ ਸਰਕਾਰ ਨੇ ਜੋਤ ਨਾ ਜਗਾਉਣ ਲਈ ਸੁਪਰੀਮ ਕੋਰਟ ਤੋਂ ਮੁਆਫ਼ੀ ਮੰਗੀ ਸੀ।
Posted inNew Delhi
Deepam Dispute: ਮੁੱਖ ਸਕੱਤਰ, ਡੀ ਜੀ ਪੀ ਤੇ ਕੁਲੈਕਟਰ ਨੂੰ ਹੱਤਕ ਦਾ ਨੋਟਿਸ ਜਾਰੀ

