Cabinet Delimitation Bill: ਕੇਂਦਰੀ ਕੈਬਨਿਟ ਵੱਲੋਂ ਹੱਦਬੰਦੀ ਤੇ 33 ਫ਼ੀਸਦ ਮਹਿਲਾ ਰਾਖਵਾਂਕਰਨ ਬਿੱਲਾਂ ਨੂੰ ਮਨਜ਼ੂਰੀ; ਲੋਕ ਸਭਾ ਸੀਟਾਂ ’ਚ ਹੋਵੇਗਾ 50 ਫ਼ੀਸਦ ਵਾਧਾ

Cabinet Delimitation Bill: ਕੇਂਦਰੀ ਕੈਬਨਿਟ ਵੱਲੋਂ ਹੱਦਬੰਦੀ ਤੇ 33 ਫ਼ੀਸਦ ਮਹਿਲਾ ਰਾਖਵਾਂਕਰਨ ਬਿੱਲਾਂ ਨੂੰ ਮਨਜ਼ੂਰੀ; ਲੋਕ ਸਭਾ ਸੀਟਾਂ ’ਚ ਹੋਵੇਗਾ 50 ਫ਼ੀਸਦ ਵਾਧਾ

ਨਵੀਂ ਦਿੱਲੀ : ਕੇਂਦਰੀ ਕੈਬਨਿਟ ਨੇ ਅੱਜ 2029 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਹੱਦਬੰਦੀ (Delimitation) ਅਤੇ ਔਰਤਾਂ ਲਈ 33 ਫ਼ੀਸਦ ਰਾਖਵਾਂਕਰਨ ਲਾਗੂ ਕਰਨ ਸਬੰਧੀ ਸੰਵਿਧਾਨ ਸੋਧ ਬਿੱਲਾਂ ਨੂੰ ਹਰੀ ਝੰਡੀ ਦੇ ਦਿੱਤੀ ਹੈ। ਪ੍ਰਧਾਨ ਮੰਤਰੀ ਦੀ ਪ੍ਰਧਾਨਗੀ ਹੇਠ ਹੋਈ ਕੈਬਨਿਟ ਮੀਟਿੰਗ ਵਿੱਚ ਇਨ੍ਹਾਂ ਬਿੱਲਾਂ ਨੂੰ ਮਨਜ਼ੂਰੀ ਦਿੱਤੀ ਗਈ, ਜਿਸ ਤਹਿਤ ਸੂਬਿਆਂ ਦੀਆਂ ਮੌਜੂਦਾ ਲੋਕ ਸਭਾ ਸੀਟਾਂ ਵਿੱਚ 50 ਫ਼ੀਸਦ ਵਾਧਾ ਕਰਨ ਅਤੇ ਔਰਤਾਂ ਲਈ 33 ਫ਼ੀਸਦ ਸੀਟਾਂ ਰਾਖਵੀਆਂ ਕਰਨ ਦਾ ਰਾਹ ਪੱਧਰਾ ਕਰਨ ਵਾਸਤੇ ਲੋਕ ਸਭਾ ਦੀ ਕੁੱਲ ਸਮਰੱਥਾ 850 ਤੱਕ ਸੀਮਤ ਕਰਨ ਦੀ ਵਿਵਸਥਾ ਕੀਤੀ ਗਈ ਹੈ।

2011 ਦੀ ਮਰਦਮਸ਼ੁਮਾਰੀ ਮੁਤਾਬਕ ਵਧਣਗੀਆਂ ਸੀਟਾਂ

ਪ੍ਰਾਪਤ ਜਾਣਕਾਰੀ ਅਨੁਸਾਰ, ਸੂਬਿਆਂ ਦੀਆਂ ਲੋਕ ਸਭਾ ਸੀਟਾਂ ਵਿੱਚ ਇਹ 50 ਫ਼ੀਸਦ ਵਾਧਾ 2011 ਦੀ ਮਰਦਮਸ਼ੁਮਾਰੀ ਦੇ ਆਬਾਦੀ ਅੰਕੜਿਆਂ ਦੇ ਮੌਜੂਦਾ ਪੱਧਰ ’ਤੇ ਹੀ ਕੀਤਾ ਜਾਵੇਗਾ। ਇਹ ਵੀ ਪਤਾ ਲੱਗਾ ਹੈ ਕਿ 2001 ਦੀ ਤਰਜ਼ ’ਤੇ ਹੀ ਵਾਧੂ ਚੋਣ ਹਲਕੇ ਬਣਾਉਣ ਲਈ ਜ਼ਿਲ੍ਹਿਆਂ ਦੀਆਂ ਹੱਦਾਂ ਨੂੰ ਮੁੜ ਉਲੀਕਿਆ ਜਾ ਸਕਦਾ ਹੈ। ਸੂਤਰਾਂ ਮੁਤਾਬਕ, ਕੈਬਨਿਟ ਨੇ ਸੰਭਾਵੀ ਤੌਰ ’ਤੇ ਆਬਾਦੀ ਆਧਾਰਿਤ ਹੱਦਬੰਦੀ ਨੂੰ ਅਗਲੇ 25 ਸਾਲਾਂ ਲਈ ਸਥਿਰ (Freeze) ਰੱਖਣ ਦਾ ਫ਼ੈਸਲਾ ਲਿਆ ਹੈ ਅਤੇ ਔਰਤਾਂ ਦੀ ਨੁਮਾਇੰਦਗੀ ਯਕੀਨੀ ਬਣਾਉਣ ਵਾਸਤੇ ਨਵੇਂ ਚੋਣ ਹਲਕੇ ਸਿਰਜਣ ਲਈ ਭੂਗੋਲਿਕ ਹੱਦਾਂ ਦੀ ਮੁੜ ਵਿਉਂਤਬੰਦੀ ਨੂੰ ਮਨਜ਼ੂਰੀ ਦਿੱਤੀ ਹੈ।

ਸੰਸਦ ’ਚ ਦੋ-ਤਿਹਾਈ ਬਹੁਮਤ ਜੁਟਾਉਣ ਲਈ ਚੁੱਕਿਆ ਗਿਆ ਇਹ ਕਦਮ

ਸਿਆਸੀ ਹਲਕਿਆਂ ਅਨੁਸਾਰ, ਆਬਾਦੀ ਦੇ ਮੌਜੂਦਾ ਪੱਧਰ ’ਤੇ ਹੀ ਸਾਰੇ ਸੂਬਿਆਂ ਦੀਆਂ ਸੀਟਾਂ ਵਿੱਚ ਬਰਾਬਰ 50 ਫ਼ੀਸਦ ਵਾਧਾ ਕਰਨ ਦਾ ਇਹ ਫ਼ੈਸਲਾ ਇਸ ਲਈ ਲਿਆ ਗਿਆ ਹੈ ਤਾਂ ਜੋ ਸੰਸਦ ਦੇ ਦੋਵਾਂ ਸਦਨਾਂ ਵਿੱਚ ਇਨ੍ਹਾਂ ਸੰਵਿਧਾਨ ਸੋਧ ਬਿੱਲਾਂ ਨੂੰ ਪਾਸ ਕਰਵਾਉਣ ਲਈ ਲੋੜੀਂਦਾ ਸਮਰਥਨ ਹਾਸਲ ਕੀਤਾ ਜਾ ਸਕੇ। ਜ਼ਿਕਰਯੋਗ ਹੈ ਕਿ ਸੰਵਿਧਾਨ ਸੋਧ ਬਿੱਲ ਨੂੰ ਪਾਸ ਕਰਨ ਲਈ ਦੋਵਾਂ ਸਦਨਾਂ ਵਿੱਚ ਹਾਜ਼ਰ ਅਤੇ ਵੋਟ ਪਾਉਣ ਵਾਲੇ ਮੈਂਬਰਾਂ ਦਾ ਦੋ-ਤਿਹਾਈ ਬਹੁਮਤ ਹੋਣਾ ਲਾਜ਼ਮੀ ਹੈ। ਇਸ ਤੋਂ ਪਹਿਲਾਂ ਸਾਲ 2001 ਵਿੱਚ ਵੀ ਇਸੇ ਤਰ੍ਹਾਂ ਚੋਣ ਹਲਕਿਆਂ ਦੀਆਂ ਹੱਦਾਂ ਦੀ ਮੁੜ ਵਿਉਂਤਬੰਦੀ ਕੀਤੀ ਗਈ ਸੀ।

Share: