Sheesh Mahal: ਦਿੱਲੀ ਸਰਕਾਰ ਨੇ ‘ਸ਼ੀਸ਼ ਮਹਿਲ’ ਮੀਡੀਆ ਲਈ ਖੋਲ੍ਹਿਆ

Sheesh Mahal: ਦਿੱਲੀ ਸਰਕਾਰ ਨੇ ‘ਸ਼ੀਸ਼ ਮਹਿਲ’ ਮੀਡੀਆ ਲਈ ਖੋਲ੍ਹਿਆ

ਨਵੀਂ ਦਿੱਲੀ : ਭਾਜਪਾ ਸਰਕਾਰ ਨੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪੁਰਾਣੀ ਸਰਕਾਰੀ ਰਿਹਾਇਸ਼ ਨੂੰ ਅੱਜ ਮੀਡੀਆ ਲਈ ਖੋਲ੍ਹ ਦਿੱਤਾ ਹੈ। ਭਾਜਪਾ ਨੇ ਇਸ ਬੰਗਲੇ ਨੂੰ ‘ਸ਼ੀਸ਼ ਮਹਿਲ’ ਦਾ ਨਾਮ ਦਿੱਤਾ ਹੈ। ਇਸ ਦੌਰਾਨ ਦਿੱਲੀ ਦੇ ਲੋਕ ਨਿਰਮਾਣ ਮੰਤਰੀ ਪਰਵੇਸ਼ ਵਰਮਾ ਨੇ 5.8 ਲੱਖ ਰੁਪਏ ਦੀ ਲਾਗਤ ਵਾਲੇ ਆਧੁਨਿਕ ਪਖਾਨੇ, 41 ਲੱਖ ਰੁਪਏ ਦੀ ਲਾਗਤ ਵਾਲੇ ਬੈਠਕ ਕਮਰੇ ਅਤੇ ਕਰੀਬ 7.5 ਲੱਖ ਰੁਪਏ ਦੀ ਲਾਗਤ ਨਾਲ ਬਣੇ ਲੌਬੀ ਖੇਤਰ ਨੂੰ ਵੀ ਦਿਖਾਇਆ। ਜਾਣਕਾਰੀ ਅਨੁਸਾਰ ਇਹ ਬੰਗਲਾ ਅਗਲੇ ਮਹੀਨੇ ਲੋਕਾਂ ਲਈ ਖੋਲ੍ਹਿਆ ਜਾਵੇਗਾ, ਜਿਸ ਲਈ ਔਨਲਾਈਨ ਟਿਕਟ ਦਾ ਪ੍ਰਬੰਧ ਹੋਵੇਗਾ। ਟਿਕਟ ਦੀ ਕੀਮਤ ਕਰੀਬ 20 ਰੁਪਏ ਹੋਣ ਦੀ ਸੰਭਾਵਨਾ ਹੈ, ਜਦਕਿ ਸੀਨੀਅਰ ਨਾਗਰਿਕਾਂ ਅਤੇ ਕਾਲਜ ਦੇ ਵਿਦਿਆਰਥੀਆਂ ਨੂੰ ਮੁਫ਼ਤ ਦਾਖਲੇ ਦੀ ਇਜਾਜ਼ਤ ਹੋਵੇਗੀ।

ਕੈਬਨਿਟ ਮੰਤਰੀ ਪ੍ਰਵੇਸ਼ ਵਰਮਾ ਨੇ ਪੁਸ਼ਟੀ ਕੀਤੀ ਕਿ ਦਿੱਲੀ ਸਰਕਾਰ ਕੋਲ ਸਾਬਕਾ ਮੁੱਖ ਮੰਤਰੀ ਦੀ ਰਿਹਾਇਸ਼ ਲਈ ਕੀਤੀ ਗਈ ਖਰੀਦਦਾਰੀ ਦੇ ਬਿੱਲਾਂ ਅਤੇ ਰਸੀਦਾਂ ਸਮੇਤ ਪੂਰਾ ਰਿਕਾਰਡ ਮੌਜੂਦ ਹੈ। ਵਰਮਾ ਨੇ ਦੱਸਿਆ ਕਿ 8 ਕਰੋੜ ਰੁਪਏ ਦਾ ਸ਼ੁਰੂਆਤੀ ਬਜਟ ਵਧ ਕੇ 58 ਕਰੋੜ ਰੁਪਏ ਹੋ ਗਿਆ ਸੀ। ਉਨ੍ਹਾਂ ਨੇ ਜਿਮ ਦੇ ਸਾਜ਼ੋ-ਸਾਮਾਨ ਵਰਗੀਆਂ ਚੀਜ਼ਾਂ ਦੇ ਬਿੱਲ ਵੀ ਪੇਸ਼ ਕੀਤੇ, ਜਿਨ੍ਹਾਂ ਦੀ ਕੀਮਤ 16 ਲੱਖ ਰੁਪਏ ਤੋਂ ਵੱਧ ਸੀ। ਜ਼ਿਕਰਯੋਗ ਹੈ ਕਿ ਉੱਤਰੀ ਦਿੱਲੀ ਦੇ 6, ਫਲੈਗਸਟਾਫ ਰੋਡ ਸਥਿਤ ਇਸ ਬੰਗਲੇ ਵਿੱਚ ਕੇਜਰੀਵਾਲ ਦਿੱਲੀ ਦੇ ਮੁੱਖ ਮੰਤਰੀ ਵਜੋਂ ਆਪਣੇ ਕਾਰਜਕਾਲ ਦੌਰਾਨ ਰਹਿੰਦੇ ਸਨ। ਘਰ ਦੇ ਮੁੱਖ ਦਰਵਾਜ਼ੇ ’ਤੇ ਵੱਡੇ-ਵੱਡੇ ਬੋਰਡ ਲਾਏ ਗਏ ਹਨ, ਜਿਨ੍ਹਾਂ ’ਤੇ ਲਿਖਿਆ ਹੈ, ‘‘58 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਸ਼ੀਸ਼ਮਹਿਲ ਵਿੱਚ ਤੁਹਾਡਾ ਸਵਾਗਤ ਹੈ।’’ ਲੋਕ ਨਿਰਮਾਣ ਵਿਭਾਗ ਨੇ ਬੰਗਲੇ ਵਿਚਲੀ ਹਰ ਵਸਤੂ ਦਾ ਨਾਮ ਅਤੇ ਉਸ ਦੀ ਕੀਮਤ ਦਰਸਾਈ ਹੈ। ਵਿਭਾਗ ਨੇ 14 ਲੋਕਾਂ ਦੇ ਬੈਠਣ ਦੀ ਸਮਰੱਥਾ ਵਾਲੀ ‘ਡਾਈਨਿੰਗ ਟੇਬਲ’ ਦੇ ਉੱਪਰ ਲੱਗੇ ਝੂਮਰ ਦੀ ਕੀਮਤ ਕਰੀਬ 11 ਲੱਖ ਰੁਪਏ ਦੱਸੀ ਹੈ। 1,905 ਵਰਗ ਮੀਟਰ ਵਿੱਚ ਫੈਲੀ ਇਸ ਰਿਹਾਇਸ਼ ਵਿੱਚ ਅੱਠ ਬੈੱਡਰੂਮ, 13 ਬਾਥਰੂਮ ਆਦਿ ਸ਼ਾਮਲ ਹੈ। ਬੰਗਲੇ ਵਿੱਚ ‘ਸਲਾਈਡਿੰਗ’ ਦਰਵਾਜ਼ੇ ਵਾਲੇ ਬੈਠਕ ਕਮਰੇ ਦੀ ਕੀਮਤ 41.16 ਲੱਖ ਰੁਪਏ, ਪਾਊਡਰ ਰੂਮ ਦੀ ਕੀਮਤ 5.80 ਲੱਖ ਰੁਪਏ ਅਤੇ ਲੌਬੀ ਖੇਤਰ ਦੀ ਕੀਮਤ 7.58 ਲੱਖ ਰੁਪਏ ਦੱਸੀ ਗਈ ਹੈ। ਇਸੇ ਤਰ੍ਹਾਂ ਰਸੋਈ ਵਿੱਚ ਸਾਮਾਨ ਉੱਪਰ-ਹੇਠਾਂ ਲਿਜਾਣ ਲਈ ਲੱਗੀ ‘ਡੰਬਵੇਟਰ’ ਲਿਫਟ ਦੀ ਕੀਮਤ ਸੱਤ ਲੱਖ ਰੁਪਏ ਦਰਜ ਕੀਤੀ ਗਈ ਹੈ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੰਤਰੀ ਪਰਵੇਸ਼ ਵਰਮਾ ਨੇ ਕਿਹਾ ਕਿ ਕੇਜਰੀਵਾਲ ਦੀ ਸਾਬਕਾ ਰਿਹਾਇਸ਼ ਨੂੰ ਖੋਲ੍ਹਣ ਦਾ ਮਕਸਦ ਜਨਤਾ ਨੂੰ ਇਹ ਦਿਖਾਉਣਾ ਹੈ ਕਿ ‘ਆਪ’ ਸਰਕਾਰ ਨੇ ਉਨ੍ਹਾਂ ਦੇ ਟੈਕਸ ਦਾ ਪੈਸਾ ਕਿੱਥੇ ਖਰਚ ਕੀਤਾ ਹੈ। ਅਧਿਕਾਰੀਆਂ ਮੁਤਾਬਕ ਟਿਕਟ ਦੀ ਕੀਮਤ ਕਰੀਬ 20 ਰੁਪਏ ਹੋਣ ਦੀ ਸੰਭਾਵਨਾ ਹੈ, ਜਦਕਿ ਸੀਨੀਅਰ ਨਾਗਰਿਕਾਂ ਅਤੇ ਕਾਲਜ ਦੇ ਵਿਦਿਆਰਥੀਆਂ ਨੂੰ ਮੁਫ਼ਤ ਦਾਖਲੇ ਦੀ ਇਜਾਜ਼ਤ ਹੋਵੇਗੀ। ਜ਼ਿਕਰਯੋਗ ਹੈ ਕਿ ਦਿੱਲੀ ਵਿੱਚ 2025 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਨੇ ‘ਆਪ’ ਦੇ ਕੌਮੀ ਕਨਵੀਨਰ ’ਤੇ ਇਸ ਬੰਗਲੇ ਦੇ ਨਿਰਮਾਣ ਅਤੇ ਸਜਾਵਟ ਉੱਤੇ ਬੇਲੋੜਾ ਖਰਚ ਕਰਨ ਦਾ ਦੋਸ਼ ਲਗਾਇਆ ਸੀ। ਅਗਲੇ ਸਾਲ ਪੰਜਾਬ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ, ਜਿਸ ਦੇ ਮੱਦੇਨਜ਼ਰ ਭਾਜਪਾ ਦੀ ਅਗਵਾਈ ਵਾਲੀ ਦਿੱਲੀ ਸਰਕਾਰ ਨੇ ਇਸ ਮੁੱਦੇ ’ਤੇ ਆਪਣਾ ਹਮਲਾ ਹੋਰ ਤੇਜ਼ ਕਰ ਦਿੱਤਾ ਹੈ।

Share: