ਨਵੀਂ ਦਿੱਲੀ : ਦਿੱਲੀ ਸਰਕਾਰ ਵੱਲੋਂ ਉਹ ਅਸਲ ‘ਫਲੈਗਸਟਾਫ’ ਰਿਹਾਇਸ਼ ਖੋਲ੍ਹਣ ਦੀ ਪੂਰੀ ਤਿਆਰੀ ਕਰ ਲਈ ਗਈ ਹੈ, ਜੋ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਪਣੇ ਮੁੱਖ ਮੰਤਰੀ ਕਾਰਜਕਾਲ ਦੌਰਾਨ ਆਪਣੇ ਲਈ ਬਣਵਾਈ ਸੀ। ਭਾਜਪਾ ਵੱਲੋਂ ਤਨਜ਼ ਵਜੋਂ ‘ਸ਼ੀਸ਼ ਮਹਿਲ’ ਕਹੇ ਜਾਂਦੇ ਇਸ ਆਲੀਸ਼ਾਨ ਸਰਕਾਰੀ ਬੰਗਲੇ ਨੂੰ ਰੇਖਾ ਗੁਪਤਾ ਦੀ ਅਗਵਾਈ ਵਾਲੀ ਸਰਕਾਰ ਨੇ ਜਿਉਂ ਦਾ ਤਿਉਂ ਸੰਭਾਲ ਕੇ ਰੱਖਿਆ ਹੈ। ਇਸ ਕੰਪਲੈਕਸ ਨੂੰ ਅੱਜ ਪਹਿਲਾਂ ਮੀਡੀਆ ਅਤੇ ਫਿਰ ਆਮ ਲੋਕਾਂ ਲਈ ਖੋਲ੍ਹਿਆ ਜਾਵੇਗਾ।
ਇਸ ਜਾਇਦਾਦ ਦੀ ਦੇਖ-ਰੇਖ ਕਰਨ ਵਾਲੇ ਲੋਕ ਨਿਰਮਾਣ ਵਿਭਾਗ (ਪੀ.ਡਬਲਿਊ.ਡੀ.) ਦੇ ਮੰਤਰੀ ਪਰਵੇਸ਼ ਵਰਮਾ ਨੇ ਅੱਜ ਕਿਹਾ, “ਸਾਡਾ ਇੱਕੋ-ਇੱਕ ਮਕਸਦ ਇਹ ਹੈ ਕਿਉਂਕਿ ਇਸ ਵਿੱਚ ਜਨਤਾ ਦਾ ਪੈਸਾ—ਟੈਕਸਦਾਤਾਵਾਂ ਦਾ ਪੈਸਾ—ਲੱਗਿਆ ਹੈ, ਇਸ ਲਈ ਅਸੀਂ ਜਨਤਾ ਨੂੰ ਇੱਕ-ਇੱਕ ਪੈਸੇ ਦਾ ਹਿਸਾਬ ਦੇਣ ਲਈ ਜਵਾਬਦੇਹ ਹਾਂ। ਸਾਨੂੰ ਇਹ ਬਿਲਕੁਲ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਉਨ੍ਹਾਂ ਦੇ ਫੰਡ ਕਿੱਥੇ ਖਰਚ ਕੀਤੇ ਗਏ ਹਨ ਅਤੇ ਅਸਲ ਵਿੱਚ ਹਰ ਸਰਕਾਰ ਨੂੰ ਅਜਿਹਾ ਹੀ ਕਰਨਾ ਚਾਹੀਦਾ ਹੈ।” ਉਨ੍ਹਾਂ ਕਿਹਾ ਕਿ ਸਿਰਫ਼ ਇਸੇ ਮਕਸਦ ਨਾਲ ਹੀ ਇਹ ਇਮਾਰਤ ਦਿੱਲੀ ਦੇ ਲੋਕਾਂ ਲਈ ਖੋਲ੍ਹੀ ਗਈ ਹੈ। ਪੰਜਾਬ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਮੁਖੀ ਦੀ ਜੀਵਨ ਸ਼ੈਲੀ ਬਾਰੇ ਲੋਕਾਂ ਨੂੰ ਸੁਨੇਹਾ ਦੇਣ ਦੀ ਭਾਜਪਾ ਦੀ ਕੋਸ਼ਿਸ਼ ਦਰਮਿਆਨ ਵਰਮਾ ਨੇ ਕਿਹਾ, “ਅੱਜ ਅਸੀਂ ਮੀਡੀਆ ਨੂੰ ਸੱਦਾ ਦਿੱਤਾ ਹੈ; ਬਹੁਤ ਜਲਦੀ ਦਿੱਲੀ ਦੇ ਲੋਕ ਵੀ ਖੁਦ ਆ ਕੇ ਇਸ ਨੂੰ ਦੇਖ ਸਕਣਗੇ। ਅਸੀਂ ਇਸ ਪ੍ਰਾਜੈਕਟ ਲਈ ਖਰੀਦੀਆਂ ਗਈਆਂ ਵਸਤਾਂ ਬਾਰੇ ਵਿਸ਼ੇਸ਼ ਤੌਰ ’ਤੇ ਵੇਰਵੇ ਜਨਤਕ ਕੀਤੇ ਹਨ।”
ਦਿੱਲੀ ਦੇ ਸੱਭਿਆਚਾਰ ਮੰਤਰੀ ਕਪਿਲ ਮਿਸ਼ਰਾ ਨੇ ਵੀ ਕਿਹਾ ਕਿ ਅੱਜ ਤੋਂ ਦਿੱਲੀ ਅਤੇ ਦੇਸ਼ ਭਰ ਦੇ ਲੋਕ ਇਸ ‘ਸ਼ੀਸ਼ ਮਹਿਲ’ ਨੂੰ ਦੇਖ ਸਕਣਗੇ।
ਮਿਸ਼ਰਾ ਨੇ ਕਿਹਾ, “ਅੱਜ ਇਸ ਨੂੰ ਮੀਡੀਆ ਲਈ ਖੋਲ੍ਹ ਦਿੱਤਾ ਗਿਆ ਹੈ ਅਤੇ ਤੁਹਾਡੇ ਕੈਮਰਿਆਂ ਰਾਹੀਂ ਪੂਰਾ ਦੇਸ਼ ਭ੍ਰਿਸ਼ਟਾਚਾਰ ਅਤੇ ਲੁੱਟ ਦੀ ਉਸ ਘਿਨਾਉਣੀ ਖੇਡ ਨੂੰ ਦੇਖੇਗਾ, ਜੋ ਕੇਜਰੀਵਾਲ ਨੇ ਉਸ ਸਮੇਂ ਖੇਡੀ ਸੀ ਜਦੋਂ ਕੋਵਿਡ-19 ਮਹਾਂਮਾਰੀ ਦੌਰਾਨ ਦਿੱਲੀ ਆਕਸੀਜਨ ਲਈ ਤਰਸ ਰਹੀ ਸੀ।”
ਉਨ੍ਹਾਂ ਕਿਹਾ ਕਿ ਜਿਸ ਵਿਅਕਤੀ ਨੇ ਕਦੇ ਇੱਕ ਕਮਰੇ ਵਾਲੇ ਘਰ ਵਿੱਚ ਰਹਿਣ ਦਾ ਦਾਅਵਾ ਕੀਤਾ ਸੀ, ਉਸੇ ਨੇ ਜਨਤਕ ਫੰਡਾਂ ਦੀ ਵਰਤੋਂ ਕਰਕੇ ਵੱਡੇ ਪੱਧਰ ’ਤੇ ਭ੍ਰਿਸ਼ਟਾਚਾਰ ਕੀਤਾ ਹੈ। ਮੰਤਰੀ ਨੇ ਅੱਗੇ ਕਿਹਾ, “ਦੁਨੀਆ ਦੇ ਵੱਖ-ਵੱਖ ਦੇਸ਼ਾਂ ਤੋਂ ਸਾਮਾਨ ਮੰਗਵਾਇਆ ਗਿਆ ਹੈ: ਸੰਗਮਰਮਰ ਵੀਅਤਨਾਮ ਤੋਂ ਦਰਾਮਦ ਕੀਤਾ ਗਿਆ ਸੀ, ਕਰੌਕਰੀ ਕਿਸੇ ਹੋਰ ਦੇਸ਼ ਤੋਂ ਅਤੇ ਮੇਜ਼ ਕਿਸੇ ਹੋਰ ਦੇਸ਼ ਤੋਂ ਮੰਗਵਾਏ ਗਏ ਸਨ। ਅੱਜ ਤੁਹਾਡੇ ਕੈਮਰਿਆਂ ਰਾਹੀਂ ਪੂਰਾ ਦੇਸ਼ ਇਸ ਸੱਚਾਈ ਨੂੰ ਆਪਣੀਆਂ ਅੱਖਾਂ ਨਾਲ ਦੇਖੇਗਾ।”
