ਜੰਮੂ : ਐਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਸ਼ੁੱਕਰਵਾਰ ਨੂੰ ਸ਼ਸਤਰ ਸੀਮਾ ਬਲ (SSB) ਦੇ ਇੱਕ ਸਾਬਕਾ ਅਧਿਕਾਰੀ ਵਿਰੁੱਧ ਮਨੀ ਲਾਂਡਰਿੰਗ (ਕਾਲੇ ਧਨ ਨੂੰ ਸਫ਼ੈਦ ਕਰਨ) ਦੀ ਜਾਂਚ ਦੇ ਹਿੱਸੇ ਵਜੋਂ ਜੰਮੂ-ਕਸ਼ਮੀਰ ਅਤੇ ਪੰਜਾਬ ਵਿੱਚ ਕਈ ਥਾਵਾਂ ’ਤੇ ਛਾਪੇ ਮਾਰੇ ਹਨ। ਇਸ ਸਾਬਕਾ ਅਧਿਕਾਰੀ ਨੇ ਅਰਧ ਸੈਨਿਕ ਬਲ ਦੇ ਜਵਾਨਾਂ ਸਮੇਤ ਕਈ ਨਿਵੇਸ਼ਕਾਂ ਨਾਲ ਕਥਿਤ ਤੌਰ ’ਤੇ ਠੱਗੀ ਮਾਰੀ ਸੀ।
ਅਧਿਕਾਰੀਆਂ ਨੇ ਦੱਸਿਆ ਕਿ ਮਨੀ ਲਾਂਡਰਿੰਗ ਰੋਕੂ ਐਕਟ (PMLA) ਤਹਿਤ ਕੀਤੀ ਗਈ ਇਸ ਕਾਰਵਾਈ ਦੇ ਹਿੱਸੇ ਵਜੋਂ ਜੰਮੂ, ਕਠੂਆ, ਊਧਮਪੁਰ ਅਤੇ ਪਠਾਨਕੋਟ ਵਿੱਚ ਕੁੱਲ ਅੱਠ ਟਿਕਾਣਿਆਂ ’ਤੇ ਛਾਪੇ ਮਾਰੇ ਗਏ। ਉਨ੍ਹਾਂ ਦੱਸਿਆ ਕਿ ਇਹ ਜਾਂਚ ਸ਼ਸਤਰ ਸੀਮਾ ਬਲ (SSB) ਦੇ ਸਾਬਕਾ ਮੁਲਾਜ਼ਮ ਗੁਰਮੀਤ ਸਿੰਘ ਅਤੇ ਉਸ ਦੇ ਸਾਥੀਆਂ ਵੱਲੋਂ ਚਲਾਈ ਗਈ ਇੱਕ ਫ਼ਰਜ਼ੀ ‘ਮਨੀ ਮਲਟੀਪਲਾਇਰ’/ਨਿਵੇਸ਼ ਸਕੀਮ ਨਾਲ ਸਬੰਧਤ ਹੈ। ਈ.ਡੀ. ਦਾ ਇਹ ਮਾਮਲਾ ਜੰਮੂ-ਕਸ਼ਮੀਰ, ਉੱਤਰਾਖੰਡ, ਉੱਤਰ ਪ੍ਰਦੇਸ਼, ਰਾਜਸਥਾਨ, ਹਰਿਆਣਾ ਅਤੇ ਬਿਹਾਰ ਦੇ ਵੱਖ-ਵੱਖ ਪੁਲੀਸ ਅਧਿਕਾਰੀਆਂ ਵੱਲੋਂ ਦਰਜ ਕੀਤੀਆਂ ਗਈਆਂ ਕਈ ਐੱਫ.ਆਈ.ਆਰਜ਼ (FIR) ’ਤੇ ਅਧਾਰਿਤ ਹੈ। ਇਹ ਮਾਮਲੇ ਆਮ ਲੋਕਾਂ ਸਮੇਤ ਸੇਵਾ ਨਿਭਾਅ ਰਹੇ ਅਤੇ ਸੇਵਾਮੁਕਤ ਐੱਸ.ਐੱਸ.ਬੀ. ਮੁਲਾਜ਼ਮਾਂ ਨਾਲ “ਧੋਖਾਧੜੀ” ਕਰਨ ਸਬੰਧੀ ਦਰਜ ਕੀਤੇ ਗਏ ਸਨ, ਜਿਨ੍ਹਾਂ ਨੂੰ ਮੋਟਾ ਅਤੇ ਯਕੀਨੀ ਮਹੀਨਾਵਾਰ ਮੁਨਾਫ਼ਾ ਦੇਣ ਦੇ ਝੂਠੇ ਵਾਅਦੇ ਕਰਕੇ ਨਿਵੇਸ਼ ਕਰਨ ਲਈ ਪ੍ਰੇਰਿਤ ਕੀਤਾ ਗਿਆ ਸੀ।
ਅਧਿਕਾਰੀਆਂ ਨੇ ਦੱਸਿਆ ਕਿ ਵੱਖ-ਵੱਖ ਸੰਸਥਾਵਾਂ ਅਤੇ ਕੰਪਨੀਆਂ ਰਾਹੀਂ ਨਿਵੇਸ਼ਕਾਂ ਤੋਂ ਕਰੋੜਾਂ ਰੁਪਏ ਦੀ ਵੱਡੀ ਰਕਮ ਇਕੱਠੀ ਕੀਤੀ ਗਈ ਸੀ।

