ਚੰਡੀਗੜ੍ਹ : ਕੇਂਦਰੀ ਕੈਬਨਿਟ ਨੇ ਸ਼ੁੱਕਰਵਾਰ ਨੂੰ ਔਰਤਾਂ ਦੇ ਰਾਖਵੇਂਕਰਨ ਨੂੰ ਹੱਦਬੰਦੀ (Delimitation) ਨਾਲ ਜੋੜਨ ਵਾਲੇ ਇੱਕ ਨਵੇਂ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਤਹਿਤ ਦੇਸ਼ ਦੇ ਸਾਰੇ ਸੂਬਿਆਂ ਵਿੱਚ ਲੋਕ ਸਭਾ ਸੀਟਾਂ ਵਿੱਚ ਇਕਸਾਰ 50 ਫ਼ੀਸਦ ਵਾਧਾ ਕਰਨ ਦਾ ਪ੍ਰਸਤਾਵ ਰੱਖਿਆ ਗਿਆ ਹੈ। ਇਹ ਬਿੱਲ ਅਗਲੇ ਹਫ਼ਤੇ (30 ਨਵੰਬਰ ਤੋਂ) ਸ਼ੁਰੂ ਹੋਣ ਵਾਲੇ ਸੰਸਦ ਦੇ ਵਿਸ਼ੇਸ਼ ਇਜਲਾਸ ਦੌਰਾਨ ਪੇਸ਼ ਕੀਤੇ ਜਾਣ ਦੀ ਸੰਭਾਵਨਾ ਹੈ।
ਹੱਦਬੰਦੀ (Delimitation) ਕੀ ਹੁੰਦੀ ਹੈ?
ਹੱਦਬੰਦੀ ਕਿਸੇ ਦੇਸ਼ ਜਾਂ ਵਿਧਾਨ ਸਭਾ ਵਾਲੇ ਸੂਬੇ ਵਿੱਚ ਇਲਾਕਾਈ ਚੋਣ ਹਲਕਿਆਂ ਦੀਆਂ ਹੱਦਾਂ ਜਾਂ ਸੀਮਾਵਾਂ ਤੈਅ ਕਰਨ ਦੀ ਪ੍ਰਕਿਰਿਆ ਹੈ। ਇਸ ਦਾ ਮੁੱਖ ਮਕਸਦ ਆਬਾਦੀ ਵਿੱਚ ਹੋਏ ਬਦਲਾਅ ਅਨੁਸਾਰ ਹਲਕਿਆਂ ਦੀ ਮੁੜ ਵੰਡ ਕਰਨਾ ਹੁੰਦਾ ਹੈ।
ਹਲਕਿਆਂ ਦੀਆਂ ਹੱਦਾਂ ਕੌਣ ਤੈਅ ਕਰਦਾ ਹੈ?
ਹੱਦਬੰਦੀ ਦਾ ਕੰਮ ਇੱਕ ਉੱਚ-ਅਧਿਕਾਰ ਪ੍ਰਾਪਤ ਸੰਸਥਾ ਨੂੰ ਸੌਂਪਿਆ ਜਾਂਦਾ ਹੈ, ਜਿਸ ਨੂੰ ‘ਹੱਦਬੰਦੀ ਕਮਿਸ਼ਨ’ (Delimitation Commission) ਕਿਹਾ ਜਾਂਦਾ ਹੈ। ਭਾਰਤ ਵਿੱਚ ਹੱਦਬੰਦੀ ਕਮਿਸ਼ਨ ਐਕਟ ਤਹਿਤ ਹੁਣ ਤੱਕ ਚਾਰ ਵਾਰ, 1952, 1963, 1973 ਅਤੇ 2002 ਵਿੱਚ ਅਜਿਹੇ ਕਮਿਸ਼ਨ ਗਠਿਤ ਕੀਤੇ ਜਾ ਚੁੱਕੇ ਹਨ। ਇਸ ਕਮਿਸ਼ਨ ਦੇ ਹੁਕਮਾਂ ਨੂੰ ਕਾਨੂੰਨ ਦੀ ਤਾਕਤ ਹਾਸਲ ਹੁੰਦੀ ਹੈ ਅਤੇ ਇਨ੍ਹਾਂ ਨੂੰ ਕਿਸੇ ਵੀ ਅਦਾਲਤ ਵਿੱਚ ਚੁਣੌਤੀ ਨਹੀਂ ਦਿੱਤੀ ਜਾ ਸਕਦੀ। ਰਾਸ਼ਟਰਪਤੀ ਵੱਲੋਂ ਨਿਰਧਾਰਤ ਮਿਤੀ ਤੋਂ ਇਹ ਹੁਕਮ ਲਾਗੂ ਹੋ ਜਾਂਦੇ ਹਨ। ਇਸ ਦੀਆਂ ਕਾਪੀਆਂ ਸੰਸਦ ਅਤੇ ਸਬੰਧਤ ਵਿਧਾਨ ਸਭਾਵਾਂ ਵਿੱਚ ਰੱਖੀਆਂ ਜਾਂਦੀਆਂ ਹਨ, ਪਰ ਉਹ ਇਨ੍ਹਾਂ ਵਿੱਚ ਕੋਈ ਸੋਧ ਨਹੀਂ ਕਰ ਸਕਦੀਆਂ।
ਇਸ ਬਿੱਲ ਨੂੰ ਲੈ ਕੇ ਵਿਵਾਦ ਕੀ ਹੈ?
ਸਰਕਾਰ ਨੇ ਇਸ ਸਾਲ ਅਪਰੈਲ ਵਿੱਚ ਸੰਸਦ ਦੇ ਵਿਸ਼ੇਸ਼ ਇਜਲਾਸ ਦੌਰਾਨ 2002 ਦੇ ਕਾਨੂੰਨ ਦੀ ਥਾਂ ‘ਦਿ ਡੀਲਿਮੀਟੇਸ਼ਨ ਬਿੱਲ, 2026’ (The Delimitation Bill, 2026) ਪੇਸ਼ ਕੀਤਾ ਸੀ। ਇਸ ਤਹਿਤ ਕੇਂਦਰ ਸਰਕਾਰ ਕੋਲ ‘ਤਾਜ਼ਾ ਮਰਦਮਸ਼ੁਮਾਰੀ ਦੇ ਅੰਕੜਿਆਂ’ ਦੇ ਆਧਾਰ ’ਤੇ ਲੋਕ ਸਭਾ ਅਤੇ ਵਿਧਾਨ ਸਭਾਵਾਂ ਦੀਆਂ ਸੀਟਾਂ ਵੰਡਣ ਲਈ ਹੱਦਬੰਦੀ ਕਮਿਸ਼ਨ ਬਣਾਉਣ ਦਾ ਅਧਿਕਾਰ ਹੋਵੇਗਾ।
ਇਹ ਬਿੱਲ ਹੁਣ ਤੱਕ ਲਟਕਿਆ ਕਿਉਂ ਰਿਹਾ?
2029 ਦੀਆਂ ਆਮ ਚੋਣਾਂ ਤੋਂ ਪਹਿਲਾਂ ਔਰਤਾਂ ਦੇ ਰਾਖਵੇਂਕਰਨ (Women’s Quota) ਕਾਨੂੰਨ ਨੂੰ ਲਾਗੂ ਕਰਨ ਨਾਲ ਸਬੰਧਤ ਸੰਵਿਧਾਨ ਸੋਧ ਬਿੱਲ ਅਪਰੈਲ ਵਿੱਚ ਲੋੜੀਂਦੇ ਬਹੁਮਤ ਦੀ ਘਾਟ ਕਾਰਨ ਲੋਕ ਸਭਾ ਵਿੱਚ ਡਿੱਗ ਪਿਆ ਸੀ। ਇਸ ਕਾਰਨ ਹੱਦਬੰਦੀ ਬਿੱਲ ’ਤੇ ਵੋਟਿੰਗ ਨਹੀਂ ਹੋ ਸਕੀ ਸੀ ਅਤੇ ਸਰਕਾਰ ਨੇ ਇਸ ਨੂੰ ਹੇਠਲੇ ਸਦਨ ਵਿੱਚ ਲੰਬਿਤ ਰੱਖਣ ਦਾ ਫ਼ੈਸਲਾ ਕੀਤਾ ਸੀ।
ਨਵੇਂ ਬਿੱਲ ਦੀਆਂ ਮੁੱਖ ਵਿਵਸਥਾਵਾਂ ਕੀ ਹਨ?
ਨਵੇਂ ਹੱਦਬੰਦੀ ਬਿੱਲ ਦੀਆਂ ਕਈ ਵਿਵਸਥਾਵਾਂ 2002 ਦੇ ਕਾਨੂੰਨ ਵਰਗੀਆਂ ਹੀ ਹਨ। ਬਿੱਲ ਅਨੁਸਾਰ, ਕੇਂਦਰ ਸਰਕਾਰ ਨੋਟੀਫਿਕੇਸ਼ਨ ਰਾਹੀਂ ਹੱਦਬੰਦੀ ਕਮਿਸ਼ਨ ਦਾ ਗਠਨ ਕਰੇਗੀ, ਜਿਸ ਵਿੱਚ ਹੇਠ ਲਿਖੇ ਮੈਂਬਰ ਸ਼ਾਮਲ ਹੋਣਗੇ:
- ਸੁਪਰੀਮ ਕੋਰਟ ਦੇ ਮੌਜੂਦਾ ਜਾਂ ਸਾਬਕਾ ਜੱਜ, ਜਿਨ੍ਹਾਂ ਨੂੰ ਕੇਂਦਰ ਵੱਲੋਂ ਕਮਿਸ਼ਨ ਦਾ ਚੇਅਰਪਰਸਨ ਨਿਯੁਕਤ ਕੀਤਾ ਜਾਵੇਗਾ।
- ਮੁੱਖ ਚੋਣ ਕਮਿਸ਼ਨਰ ਜਾਂ ਉਨ੍ਹਾਂ ਵੱਲੋਂ ਨਾਮਜ਼ਦ ਚੋਣ ਕਮਿਸ਼ਨਰ (ਐਕਸ-ਆਫੀਸ਼ੀਓ ਮੈਂਬਰ)।
- ਸਬੰਧਤ ਸੂਬੇ ਦੇ ਰਾਜ ਚੋਣ ਕਮਿਸ਼ਨਰ (ਐਕਸ-ਆਫੀਸ਼ੀਓ ਮੈਂਬਰ)।
ਇਸ ਤੋਂ ਇਲਾਵਾ, ਕਮਿਸ਼ਨ ਹਰੇਕ ਸੂਬੇ ਵਿੱਚ ਆਪਣੇ ਕੰਮ ਵਿੱਚ ਸਹਾਇਤਾ ਲਈ 10 ਮੈਂਬਰਾਂ (5 ਲੋਕ ਸਭਾ ਮੈਂਬਰ ਅਤੇ 5 ਵਿਧਾਨ ਸਭਾ ਮੈਂਬਰ) ਨੂੰ ਆਪਣੇ ਨਾਲ ਜੋੜੇਗਾ। ਬਿੱਲ ਵਿੱਚ ਇਹ ਵੀ ਵਿਵਸਥਾ ਹੈ ਕਿ ਜਦੋਂ ਪਾਕਿਸਤਾਨ ਦੇ ਕਬਜ਼ੇ ਹੇਠਲਾ ਜੰਮੂ-ਕਸ਼ਮੀਰ ਦਾ ਹਿੱਸਾ ਕਬਜ਼ੇ ਤੋਂ ਮੁਕਤ ਹੋਵੇਗਾ, ਤਾਂ ਉੱਥੋਂ ਦੇ ਵਿਧਾਨ ਸਭਾ ਹਲਕਿਆਂ ਦੀ ਹੱਦਬੰਦੀ ਲਈ ਚੋਣ ਕਮਿਸ਼ਨ ਹੀ ਹੱਦਬੰਦੀ ਕਮਿਸ਼ਨ ਵਜੋਂ ਕੰਮ ਕਰੇਗਾ।
ਵਿਰੋਧੀ ਧਿਰਾਂ ਦਾ ਕੀ ਸਟੈਂਡ ਹੈ?
ਵਿਰੋਧੀ ਪਾਰਟੀਆਂ ਨੇ ਅਸਾਮ ਅਤੇ ਜੰਮੂ-ਕਸ਼ਮੀਰ ਵਿੱਚ ਹੋਈ ਹੱਦਬੰਦੀ ਦੀਆਂ ਮਿਸਾਲਾਂ ਦਿੰਦਿਆਂ ‘ਜੈਰੀਮੈਂਡਰਿੰਗ’ (Gerrymandering)—ਯਾਨੀ ਚੋਣ ਲਾਹਾ ਲੈਣ ਲਈ ਹਲਕਿਆਂ ਦੀਆਂ ਹੱਦਾਂ ਨਾਲ ਛੇੜਛਾੜ ਕਰਨ ਦਾ ਖ਼ਦਸ਼ਾ ਜਤਾਇਆ ਹੈ। ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਭਾਜਪਾ ’ਤੇ 2029 ਦੀਆਂ ਆਮ ਚੋਣਾਂ ਤੋਂ ਪਹਿਲਾਂ ਆਪਣੇ ਫ਼ਾਇਦੇ ਲਈ ਦੇਸ਼ ਦਾ ਚੋਣ ਨਕਸ਼ਾ ਮੁੜ ਉਲੀਕਣ ਦਾ ਦੋਸ਼ ਲਾਇਆ ਹੈ, ਜਿਸ ਨੂੰ ਸਰਕਾਰ ਨੇ ਰੱਦ ਕਰ ਦਿੱਤਾ ਹੈ।
ਵਿਰੋਧੀਆਂ ਦਾ ਮੰਨਣਾ ਹੈ ਕਿ ਭਾਵੇਂ ਲੋਕ ਸਭਾ ਵਿੱਚ ਸੂਬਿਆਂ ਦਾ ਮੌਜੂਦਾ ਹਿੱਸਾ ਸੁਰੱਖਿਅਤ ਰੱਖਿਆ ਜਾਵੇ, ਪਰ ਸੂਬਿਆਂ ਦੇ ਅੰਦਰ ਹਲਕਿਆਂ ਦੀਆਂ ਹੱਦਾਂ ਮੁੜ ਤੈਅ ਕਰਨ ਦਾ ਤਰੀਕਾ ਵਿਵਾਦ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਸਬੰਧੀ ਸਾਂਝੀ ਰਣਨੀਤੀ ਬਣਾਉਣ ਲਈ ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਮਲਿਕਾਰਜੁਨ ਖੜਗੇ ਨੇ ਸ਼ਨੀਵਾਰ ਨੂੰ ਆਪਣੀ ਰਿਹਾਇਸ਼ ’ਤੇ ਸਮੂਹ ਵਿਰੋਧੀ ਧਿਰਾਂ (INDIA ਗੱਠਜੋੜ ਤੋਂ ਇਲਾਵਾ ਡੀ.ਐੱਮ.ਕੇ., ‘ਆਪ’ ਅਤੇ ਬੀ.ਜੇ.ਡੀ. ਸਮੇਤ) ਦੇ ਆਗੂਆਂ ਦੀ ਮੀਟਿੰਗ ਸੱਦੀ ਹੈ।
2011 ਦੀ ਮਰਦਮਸ਼ੁਮਾਰੀ ਵਰਤਣ ਪਿੱਛੇ ਸਰਕਾਰ ਦੀ ਕੀ ਦਲੀਲ ਹੈ?
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅਪਰੈਲ ਵਿੱਚ ਲੋਕ ਸਭਾ ਵਿੱਚ ਦਲੀਲ ਦਿੱਤੀ ਸੀ ਕਿ ਨਵੀਂ ਮਰਦਮਸ਼ੁਮਾਰੀ ਤੋਂ ਬਾਅਦ ਹੱਦਬੰਦੀ ਦੀ ਪ੍ਰਕਿਰਿਆ ਸ਼ੁਰੂ ਕਰਨ ਵਿੱਚ ਕਾਫ਼ੀ ਸਮਾਂ ਲੱਗੇਗਾ, ਜਿਸ ਨਾਲ ਔਰਤਾਂ ਦੇ ਰਾਖਵੇਂਕਰਨ ਕਾਨੂੰਨ ਨੂੰ ਜਲਦੀ ਲਾਗੂ ਕਰਨ ਵਿੱਚ ਦੇਰੀ ਹੋਵੇਗੀ। ਉਨ੍ਹਾਂ ਕਿਹਾ ਸੀ ਕਿ ਇਸ ਪ੍ਰਕਿਰਿਆ ਵਿੱਚ ਵਿਆਪਕ ਜਨਤਕ ਸਲਾਹ-ਮਸ਼ਵਰਾ ਸ਼ਾਮਲ ਹੋਣ ਕਾਰਨ 2029 ਦੀਆਂ ਚੋਣਾਂ ਤੋਂ ਪਹਿਲਾਂ ਇਸ ਨੂੰ ਪੂਰਾ ਕਰਨਾ ਸੰਭਵ ਨਹੀਂ ਹੋਵੇਗਾ।

