ਕ੍ਰਾਈਸਟਚਰਚ : ਮਹਾਨ ਬੱਲੇਬਾਜ਼ ਸੁਨੀਲ ਗਾਵਸਕਰ ਦਾ ਮੰਨਣਾ ਹੈ ਕਿ ਭਾਰਤ ਨੇ ਨਿਊਜ਼ੀਲੈਂਡ ਖ਼ਿਲਾਫ਼ ਦੂਜੇ ਟੈਸਟ ਮੈਚ ਵਿੱਚੋਂ ਰਵਿੰਦਰ ਜਡੇਜਾ ਨੂੰ ਬਾਹਰ ਰੱਖ ਕੇ ਗ਼ਲਤੀ ਕੀਤੀ ਹੈ। ਉਨ੍ਹਾਂ ਦਲੀਲ ਦਿੱਤੀ ਕਿ ਮੈਚ ਦੇ ਆਖਰੀ ਦੋ ਦਿਨਾਂ ਵਿੱਚ ਇਸ ਹਰਫ਼ਨਮੌਲਾ ਖਿਡਾਰੀ ਦੀ ਸਪਿਨ ਗੇਂਦਬਾਜ਼ੀ ਕਾਫ਼ੀ ਕਾਰਗਰ ਸਾਬਤ ਹੋ ਸਕਦੀ ਸੀ। ਜਡੇਜਾ ਅਤੇ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਨੂੰ ਲਗਾਤਾਰ ਦੂਜੇ ਟੈਸਟ ਮੈਚ ਦੀ ਪਲੇਇੰਗ ਇਲੈਵਨ ਵਿੱਚੋਂ ਬਾਹਰ ਰੱਖਿਆ ਗਿਆ ਹੈ ਅਤੇ ਉਨ੍ਹਾਂ ਦੀ ਥਾਂ ਭਾਰਤ ਨੇ ਤੇਜ਼ ਗੇਂਦਬਾਜ਼ ਗੁਰਨੂਰ ਬਰਾੜ ਨੂੰ ਡੈਬਿਊ ਕਰਨ ਦਾ ਮੌਕਾ ਦਿੱਤਾ ਹੈ। ਗਾਵਸਕਰ ਨੇ ਮੇਜ਼ਬਾਨ ਪ੍ਰਸਾਰਕ ਨਾਲ ਗੱਲਬਾਤ ਕਰਦਿਆਂ ਕਿਹਾ, “ਤੁਸੀਂ ਸਿਰਾਜ ਦੀ ਗੱਲ ਕਰ ਰਹੇ ਹੋ, ਪਰ ਜਡੇਜਾ ਬਾਰੇ ਕੀ ਕਹੋਗੇ? ਉਹ 33 ਵਿਕਟਾਂ ਨਾਲ ਉੱਥੇ ਤੀਜੇ ਨੰਬਰ ’ਤੇ ਹੈ ਅਤੇ ਮੇਰਾ ਮੰਨਣਾ ਹੈ ਕਿ ਚੌਥੇ ਅਤੇ ਪੰਜਵੇਂ ਦਿਨ ਉਸ ਦੀ ਸਪਿਨ ਕਾਫ਼ੀ ਫਾਇਦੇਮੰਦ ਹੋ ਸਕਦੀ ਸੀ ਕਿਉਂਕਿ ਉਹ ਗੇਂਦ ਨੂੰ ਚੰਗਾ ਘੁਮਾਉਂਦਾ ਹੈ।”
ਉਨ੍ਹਾਂ ਕਿਹਾ, “ਉਹ ਉਨ੍ਹਾਂ ਗੇਂਦਬਾਜ਼ਾਂ ਵਿੱਚੋਂ ਨਹੀਂ ਹੈ ਜੋ ਗੇਂਦ ਨੂੰ ਜ਼ਿਆਦਾ ਹਵਾ ਦਿੰਦੇ ਹਨ, ਪਰ ਉਹ ਸਭ ਤੋਂ ਸ਼ਾਂਤ ਪਿੱਚਾਂ ’ਤੇ ਵੀ ਗੇਂਦ ਨੂੰ ਪਕੜ ਬਣਾਉਣ ਅਤੇ ਟਰਨ ਕਰਵਾਉਣ ਲਈ ਜਾਣਿਆ ਜਾਂਦਾ ਹੈ।”
ਇਸ ਤੋਂ ਪਹਿਲਾਂ ਪਹਿਲੇ ਟੈਸਟ ਵਿੱਚੋਂ ਸਿਰਾਜ ਨੂੰ ਬਾਹਰ ਰੱਖਣ ’ਤੇ ਸਵਾਲ ਚੁੱਕਣ ਵਾਲੇ ਗਾਵਸਕਰ ਨੇ ਕਿਹਾ ਕਿ ਮੁੜ ਨਜ਼ਰਅੰਦਾਜ਼ ਕੀਤਾ ਜਾਣਾ ਇਨ੍ਹਾਂ ਦੋਵਾਂ ਤਜਰਬੇਕਾਰ ਖਿਡਾਰੀਆਂ ਲਈ ਨਿਰਾਸ਼ਾਜਨਕ ਹੋਵੇਗਾ।
ਉਨ੍ਹਾਂ ਅੱਗੇ ਕਿਹਾ, “ਇਸ ਲਈ ਮੇਰੇ ਖਿਆਲ ਵਿੱਚ ਉਸ ਦੇ ਨਾਲ-ਨਾਲ ਮੁਹੰਮਦ ਸਿਰਾਜ ਲਈ ਵੀ ਇਹ ਮੁਸ਼ਕਲ ਸਮਾਂ ਹੈ। ਮੁਹੰਮਦ ਸਿਰਾਜ ਵੀ ਇਸ ਚੱਕਰ (ਸਾਈਕਲ) ਵਿੱਚ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ਾਂ ਵਿੱਚ ਸ਼ਾਮਲ ਹੈ। ਇਸ ਲਈ, ਆਓ ਇੰਤਜ਼ਾਰ ਕਰੀਏ ਅਤੇ ਦੇਖੀਏ।”
ਗਾਵਸਕਰ ਨੇ ਕਿਹਾ, “ਮੇਰਾ ਹਮੇਸ਼ਾ ਇਹੀ ਨਜ਼ਰੀਆ ਰਿਹਾ ਹੈ ਕਿ ਪਲੇਇੰਗ ਇਲੈਵਨ, 14 ਜਾਂ 16 ਖਿਡਾਰੀਆਂ ਦੀ ਚੋਣ ਬਾਰੇ ਤੁਹਾਡੇ ਜੋ ਵੀ ਇਤਰਾਜ਼ ਹੋਣ, ਇੱਕ ਵਾਰ ਜਦੋਂ ਟੀਮ ਚੁਣੀ ਜਾਂਦੀ ਹੈ, ਤਾਂ ਉਹ ਤੁਹਾਡੀ ਅਤੇ ਮੇਰੀ ਟੀਮ ਹੁੰਦੀ ਹੈ। ਇਹ ਇੱਕ ਭਾਰਤੀ ਟੀਮ ਹੈ। ਇਸ ਲਈ ਹੁਣ ਜਦੋਂ ਉਨ੍ਹਾਂ ਨੇ ਇਹ ਪਲੇਇੰਗ ਇਲੈਵਨ ਚੁਣ ਲਈ ਹੈ, ਤਾਂ ਮੈਂ ਇਸ ਟੀਮ ਦਾ ਸਮਰਥਨ ਕਰਦਾ ਹਾਂ ਅਤੇ ਪ੍ਰਾਰਥਨਾ ਕਰਦਾ ਹਾਂ ਕਿ ਇਹ ਟੀਮ ਚੰਗਾ ਪ੍ਰਦਰਸ਼ਨ ਕਰੇ।”
ਦੂਜੇ ਪਾਸੇ, ਭਾਰਤ ਦੇ ਸਾਬਕਾ ਬੱਲੇਬਾਜ਼ ਮੁਹੰਮਦ ਕੈਫ਼ ਨੇ ਸਿਰਾਜ ਨੂੰ ਬਾਹਰ ਰੱਖੇ ਜਾਣ ਦੀ ਵਧੇਰੇ ਸਪੱਸ਼ਟ ਸ਼ਬਦਾਂ ਵਿੱਚ ਆਲੋਚਨਾ ਕਰਦਿਆਂ ਜ਼ੋਰ ਦੇ ਕੇ ਕਿਹਾ ਕਿ ਵਿਦੇਸ਼ੀ ਟੈਸਟ ਦੌਰਿਆਂ ਲਈ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੇ ਨਾਲ ਸਿਰਾਜ ਦੀ ਚੋਣ ਸੁਭਾਵਿਕ ਤੌਰ ’ਤੇ ਹੋਣੀ ਚਾਹੀਦੀ ਹੈ।
ਕੈਫ਼ ਨੇ ‘ਐਕਸ’ (X) ’ਤੇ ਪੋਸਟ ਕਰਦਿਆਂ ਲਿਖਿਆ, “ਇਹ ਵਿਸ਼ਵਾਸ ਕਰਨਾ ਔਖਾ ਹੈ ਕਿ ਭਾਰਤ ਦੇ ਪ੍ਰਮੁੱਖ ਤੇਜ਼ ਗੇਂਦਬਾਜ਼ਾਂ ਵਿੱਚੋਂ ਇੱਕ ਮੁਹੰਮਦ ਸਿਰਾਜ ਨੂੰ ਮੁੜ ਬਾਹਰ ਕਰ ਦਿੱਤਾ ਗਿਆ ਹੈ। ਵਿਦੇਸ਼ੀ ਟੈਸਟ ਗੇਂਦਬਾਜ਼ੀ ਹਮਲੇ ਵਿੱਚ ਬੁਮਰਾਹ ਦੇ ਨਾਲ ਸਿਰਾਜ ਦਾ ਨਾਮ ਸਭ ਤੋਂ ਪਹਿਲਾਂ ਵਿਚਾਰਿਆ ਜਾਣਾ ਚਾਹੀਦਾ ਹੈ।”
ਉਨ੍ਹਾਂ ਅੱਗੇ ਲਿਖਿਆ, “ਦਿਲਚਸਪ ਗੱਲ ਇਹ ਹੈ ਕਿ ਗੇਂਦਬਾਜ਼ੀ ਕੋਚ ਮੋਰਨੇ ਮੋਰਕਲ ਨੇ ਖੁਦ ਸਿਰਾਜ ਨੂੰ ਵਿਸ਼ਵ ਪੱਧਰੀ ਗੇਂਦਬਾਜ਼ ਦੱਸਿਆ ਸੀ ਅਤੇ ਕਿਹਾ ਸੀ ਕਿ ਉਹ ਚੰਗੀ ਗੇਂਦਬਾਜ਼ੀ ਕਰ ਰਿਹਾ ਹੈ।”

