Asia Cup Rising Stars: ਭਾਰਤ ਏ ਨੂੰ ਹਰਾ ਕੇ ਦੇ ਫਾਈਨਲ ’ਚ ਪੁੱਜੀ ਸ੍ਰੀਲੰਕਾ ਏ ਟੀਮ

Asia Cup Rising Stars: ਭਾਰਤ ਏ ਨੂੰ ਹਰਾ ਕੇ ਦੇ ਫਾਈਨਲ ’ਚ ਪੁੱਜੀ ਸ੍ਰੀਲੰਕਾ ਏ ਟੀਮ

ਦੋਹਾ : ਸਲਾਮੀ ਬੱਲੇਬਾਜ਼ਾਂ ਲਸਿਥ ਕਰੂਸਪੁੱਲੇ (116 ਦੌੜਾਂ) ਅਤੇ ਜੈਵਰਧਨੇ (105 ਦੌੜਾਂ) ਦੇ ਸ਼ਾਨਦਾਰ ਸੈਂਕੜਿਆਂ ਦੀ ਬਦੌਲਤ ਸ੍ਰੀਲੰਕਾ ਏ ਨੇ ਵੀਰਵਾਰ ਨੂੰ ਏਸ਼ੀਆ ਕੱਪ ਰਾਈਜ਼ਿੰਗ ਸਟਾਰਜ਼ ਦੇ ਸੈਮੀਫਾਈਨਲ ਵਿੱਚ ਭਾਰਤ ਏ ਨੂੰ 8 ਵਿਕਟਾਂ ਨਾਲ ਕਰਾਰੀ ਹਾਰ ਦੇ ਕੇ ਫਾਈਨਲ ਵਿੱਚ ਜਗ੍ਹਾ ਬਣਾ ਲਈ। ਭਾਰਤ ਏ ਦੀ ਟੀਮ ਵਿੱਚ ਕਈ ਕੌਮਾਂਤਰੀ ਕ੍ਰਿਕਟਰ ਸ਼ਾਮਲ ਸਨ ਪਰ ਉਹ ਸ੍ਰੀਲੰਕਾਈ ਬੱਲੇਬਾਜ਼ਾਂ ਦਾ ਮੁਕਾਬਲਾ ਨਹੀਂ ਕਰ ਸਕੇ। ਕਰੂਸਪੁੱਲੇ ਅਤੇ ਜੈਵਰਧਨੇ ਨੂੰ ਪਾਰੀ ਦੇ ਸ਼ੁਰੂ ਵਿੱਚ ਜੀਵਨਦਾਨ ਮਿਲੇ, ਜਦੋਂ ਭਾਰਤੀ ਖਿਡਾਰੀਆਂ ਨੇ ਉਨ੍ਹਾਂ ਦੇ ਕੈਚ ਛੱਡ ਦਿੱਤੇ। ਦੋਵਾਂ ਨੇ ਇਨ੍ਹਾਂ ਮੌਕਿਆਂ ਦਾ ਪੂਰਾ ਲਾਹਾ ਲੈਂਦਿਆਂ ਭਾਰਤੀ ਗੇਂਦਬਾਜ਼ਾਂ ਦੀ ਰੱਜ ਕੇ ਧੁਨਾਈ ਕੀਤੀ।

ਭਾਰਤ ਏ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 8 ਵਿਕਟਾਂ ’ਤੇ 317 ਦੌੜਾਂ ਬਣਾਈਆਂ ਸਨ। ਇਹ ਸਕੋਰ ਪਹਿਲੀ ਪਾਰੀ ਦੇ ਅੱਧ ਤੱਕ ਚੁਣੌਤੀਪੂਰਨ ਲੱਗ ਰਿਹਾ ਸੀ ਪਰ ਰੌਸ਼ਨੀ ਹੇਠ ਬੱਲੇਬਾਜ਼ੀ ਲਈ ਅਨੁਕੂਲ ਪਿੱਚ ’ਤੇ ਸ੍ਰੀਲੰਕਾਈ ਸਲਾਮੀ ਜੋੜੀ ਨੇ ਭਾਰਤੀ ਗੇਂਦਬਾਜ਼ਾਂ ਨੂੰ ਕੋਈ ਮੌਕਾ ਨਹੀਂ ਦਿੱਤਾ।

ਜੈਵਰਧਨੇ ਨੇ 70 ਗੇਂਦਾਂ ਵਿੱਚ 10 ਚੌਕਿਆਂ ਅਤੇ 6 ਛੱਕਿਆਂ ਦੀ ਮਦਦ ਨਾਲ 105 ਦੌੜਾਂ ਬਣਾਈਆਂ, ਜਦਕਿ ਕਰੂਸਪੁੱਲੇ ਨੇ 107 ਗੇਂਦਾਂ ਵਿੱਚ 12 ਚੌਕਿਆਂ ਅਤੇ 3 ਛੱਕਿਆਂ ਸਣੇ 116 ਦੌੜਾਂ ਦੀ ਪਾਰੀ ਖੇਡੀ। ਦੋਵਾਂ ਨੇ ਪਹਿਲੀ ਵਿਕਟ ਲਈ 174 ਦੌੜਾਂ ਦੀ ਸਾਂਝੇਦਾਰੀ ਕਰਕੇ ਜਿੱਤ ਦੀ ਨੀਂਹ ਰੱਖੀ।

ਸ੍ਰੀਲੰਕਾ ਏ ਨੇ 42ਵੇਂ ਓਵਰ ਵਿੱਚ ਦੋ ਵਿਕਟਾਂ ਦੇ ਨੁਕਸਾਨ ’ਤੇ 318 ਦੌੜਾਂ ਬਣਾ ਕੇ ਟੀਚਾ ਹਾਸਲ ਕਰ ਲਿਆ। ਨਿਸ਼ਾਨ ਮਦੁਸ਼ਕਾ (ਨਾਬਾਦ 58) ਅਤੇ ਪਵਨ ਰਤਨਾਇਕੇ (ਨਾਬਾਦ 31) ਨੇ ਤੀਜੀ ਵਿਕਟ ਲਈ 53 ਦੌੜਾਂ ਦੀ ਨਾਬਾਦ ਸਾਂਝੇਦਾਰੀ ਕਰਕੇ ਟੀਮ ਨੂੰ ਜਿੱਤ ਦਿਵਾਈ। ਇਸ ਤੋਂ ਪਹਿਲਾਂ ਮਦੁਸ਼ਕਾ ਨੇ ਕਰੂਸਪੁੱਲੇ ਨਾਲ ਦੂਜੀ ਵਿਕਟ ਲਈ 91 ਦੌੜਾਂ ਜੋੜੀਆਂ।

ਭਾਰਤੀ ਤੇਜ਼ ਗੇਂਦਬਾਜ਼ ਹਰਸ਼ਿਤ ਰਾਣਾ ਨੇ ਵਾਪਸੀ ਕਰਦਿਆਂ 7 ਓਵਰਾਂ ਵਿੱਚ 61 ਦੌੜਾਂ ਦੇ ਕੇ ਇੱਕ ਵਿਕਟ ਹਾਸਲ ਕੀਤੀ। ਉਸ ਨੇ ਆਪਣੇ ਪਹਿਲੇ ਛੇ ਓਵਰਾਂ ਵਿੱਚ ਹੀ 50 ਦੌੜਾਂ ਦੇ ਦਿੱਤੀਆਂ। ਭਾਰਤ ਦੇ ਬਾਕੀ ਗੇਂਦਬਾਜ਼ ਵੀ ਦੌੜਾਂ ਰੋਕਣ ਵਿੱਚ ਨਾਕਾਮ ਰਹੇ।

ਪਾਰੀ ਦੀ ਪਹਿਲੀ ਹੀ ਗੇਂਦ ’ਤੇ ਰਾਣਾ ਨੇ ਕਰੂਸਪੁੱਲੇ ਦੇ ਬੱਲੇ ਦਾ ਕਿਨਾਰਾ ਲਵਾਇਆ, ਪਰ ਗੇਂਦ ਮਿਡ-ਆਫ ’ਤੇ ਖੜ੍ਹੇ ਕਪਤਾਨ ਤਿਲਕ ਵਰਮਾ ਤੱਕ ਪਹੁੰਚਣ ਤੋਂ ਪਹਿਲਾਂ ਡਿੱਗ ਗਈ। ਦੂਜੇ ਓਵਰ ਦੀ ਪਹਿਲੀ ਗੇਂਦ ’ਤੇ ਜੈਵਰਧਨੇ ਦਾ ਸ਼ਾਟ ਵੀ ਤਨੁਸ਼ ਕੋਟੀਆਂ ਦੇ ਹੱਥਾਂ ਵਿੱਚੋਂ ਨਿਕਲ ਗਿਆ।

ਇਸ ਤੋਂ ਬਾਅਦ ਸ੍ਰੀਲੰਕਾਈ ਬੱਲੇਬਾਜ਼ਾਂ ਨੇ ਚੌਕਿਆਂ ਤੇ ਛੱਕਿਆਂ ਦੀ ਬਰਸਾਤ ਕਰ ਦਿੱਤੀ। ਉਨ੍ਹਾਂ ਨੇ ਪੰਜਵੇਂ ਓਵਰ ਵਿੱਚ 50 ਅਤੇ 13ਵੇਂ ਓਵਰ ਵਿੱਚ 100 ਦੌੜਾਂ ਪੂਰੀਆਂ ਕਰ ਲਈਆਂ। ਜੈਵਰਧਨੇ ਨੇ ਖ਼ਾਸ ਤੌਰ ’ਤੇ ਅਰਸ਼ਦ ਖਾਨ ਦੀ ਗੇਂਦਬਾਜ਼ੀ ’ਤੇ ਹਮਲਾ ਕੀਤਾ ਅਤੇ ਚੌਥੇ ਓਵਰ ਵਿੱਚ ਦੋ ਛੱਕਿਆਂ ਤੇ ਦੋ ਚੌਕਿਆਂ ਦੀ ਮਦਦ ਨਾਲ 21 ਦੌੜਾਂ ਬਣਾਈਆਂ।

ਨਦੀਮ ਦੇ ਨਾਬਾਦ 54 ਦੌੜਾਂ ਦੇ ਬਾਵਜੂਦ ਭਾਰਤ ਹਾਰਿਆ

ਇਸ ਤੋਂ ਪਹਿਲਾਂ ਸ਼ਾਹਬਾਜ਼ ਨਦੀਮ ਨੇ ਨਾਬਾਦ 54 ਦੌੜਾਂ ਦੀ ਪਾਰੀ ਖੇਡ ਕੇ ਭਾਰਤ ਏ ਨੂੰ 317 ਦੌੜਾਂ ਤੱਕ ਪਹੁੰਚਾਇਆ। ਉਸ ਨੇ 48 ਗੇਂਦਾਂ ਵਿੱਚ ਚਾਰ ਛੱਕੇ ਜੜੇ ਅਤੇ ਤਨੁਸ਼ ਕੋਟੀਆਂ (28) ਨਾਲ ਸੱਤਵੀਂ ਵਿਕਟ ਲਈ 73 ਦੌੜਾਂ ਜੋੜੀਆਂ। ਇੱਕ ਸਮੇਂ ਭਾਰਤ ਦਾ ਸਕੋਰ 6 ਵਿਕਟਾਂ ’ਤੇ 235 ਦੌੜਾਂ ਸੀ।

ਭਾਰਤ ਵੱਲੋਂ ਅਭਿਸ਼ੇਕ ਸ਼ਰਮਾ ਨੇ 63 ਗੇਂਦਾਂ ਵਿੱਚ 11 ਚੌਕਿਆਂ ਅਤੇ ਇੱਕ ਛੱਕੇ ਦੀ ਮਦਦ ਨਾਲ 78 ਦੌੜਾਂ ਬਣਾਈਆਂ, ਜਦਕਿ ਕਪਤਾਨ ਤਿਲਕ ਵਰਮਾ ਨੇ 66 ਗੇਂਦਾਂ ਵਿੱਚ ਤਿੰਨ ਚੌਕਿਆਂ ਅਤੇ ਇੱਕ ਛੱਕੇ ਦੀ ਮਦਦ ਨਾਲ 53 ਦੌੜਾਂ ਦਾ ਯੋਗਦਾਨ ਪਾਇਆ। ਦੋਵਾਂ ਨੇ ਦੂਜੀ ਵਿਕਟ ਲਈ 79 ਦੌੜਾਂ ਜੋੜੀਆਂ।

ਭਾਰਤ ਨੂੰ ਵੈਭਵ ਸੂਰਿਆਵੰਸ਼ੀ (40) ਅਤੇ ਅਭਿਸ਼ੇਕ ਨੇ ਪਹਿਲੀ ਵਿਕਟ ਲਈ 80 ਦੌੜਾਂ ਜੋੜ ਕੇ ਤੇਜ਼ ਸ਼ੁਰੂਆਤ ਦਿਵਾਈ। ਸੂਰਿਆਵੰਸ਼ੀ ਨੇ 26 ਗੇਂਦਾਂ ਵਿੱਚ ਚਾਰ ਚੌਕੇ ਅਤੇ ਤਿੰਨ ਛੱਕੇ ਲਾਏ।

ਹਾਲਾਂਕਿ, ਲਗਾਤਾਰ ਵਿਕਟਾਂ ਡਿੱਗਣ ਕਾਰਨ ਭਾਰਤ ਵੱਡੀਆਂ ਸਾਂਝੇਦਾਰੀਆਂ ਬਣਾਉਣ ਵਿੱਚ ਨਾਕਾਮ ਰਿਹਾ। ਅਭਿਸ਼ੇਕ 22ਵੇਂ ਓਵਰ ਵਿੱਚ ਲਾਹਿਰੂ ਸਮਰਕੂਨ ਦੀ ਹੌਲੀ ਗੇਂਦ ’ਤੇ ਲਾਂਗ-ਆਨ ਵਿੱਚ ਕੈਚ ਦੇ ਬੈਠੇ, ਜਦਕਿ ਤਿਲਕ ਵਰਮਾ ਰਵਿੰਦੂ ਫਰਨਾਂਡੋ ਦੀ ਗੇਂਦ ’ਤੇ ਸਵੀਪ ਸ਼ਾਟ ਖੇਡਣ ਦੀ ਕੋਸ਼ਿਸ਼ ਵਿੱਚ ਆਊਟ ਹੋ ਗਏ।

Share: