ਨਵੀਂ ਦਿੱਲੀ : ਦਿੱਲੀ ਦੇ ਪ੍ਰੀਤ ਵਿਹਾਰ ਇਲਾਕੇ ਵਿੱਚ ਸਥਿਤ ਇੱਕ ਕੈਫੇ ਅੰਦਰ ਬੰਦ ਹੋਣ ਦੇ ਸਮੇਂ ਤੋਂ ਬਾਅਦ ਕਥਿਤ ਤੌਰ ’ਤੇ ਪਾਰਟੀ ਕਰਨ ਮਗਰੋਂ 22 ਸਾਲਾ ਮੁਟਿਆਰ ਨਾਲ ਸਮੂਹਿਕ ਜਬਰ-ਜਨਾਹ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਦਿੱਲੀ ਪੁਲੀਸ ਨੇ ਇਸ ਮਾਮਲੇ ਵਿੱਚ ਕਾਰਵਾਈ ਕਰਦਿਆਂ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਫ਼ਰਾਰ ਚੱਲ ਰਹੇ ਬਾਕੀ ਮੁਲਜ਼ਮਾਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਪੁਲੀਸ ਅਧਿਕਾਰੀਆਂ ਅਨੁਸਾਰ, ਅੱਠ ਵਿਅਕਤੀਆਂ ਦਾ ਇੱਕ ਸਮੂਹ ਬੀਤੀ ਰਾਤ ਪ੍ਰੀਤ ਵਿਹਾਰ ਸਥਿਤ ਇੱਕ ਕੈਫੇ ਵਿੱਚ ਗਿਆ ਸੀ। ਕੈਫੇ ਰਾਤ 11:30 ਵਜੇ ਬੰਦ ਹੋ ਚੁੱਕਾ ਸੀ, ਪਰ ਸਮੂਹ ਵਿੱਚ ਸ਼ਾਮਲ ਇੱਕ ਵਿਅਕਤੀ ਕੋਲ ਕੈਫੇ ਦੀਆਂ ਚਾਬੀਆਂ ਸਨ, ਜਿਸ ਦੀ ਮਦਦ ਨਾਲ ਉਨ੍ਹਾਂ ਨੇ ਤਾਲਾ ਖੋਲ੍ਹਿਆ ਅਤੇ ਅੰਦਰ ਪਾਰਟੀ ਕੀਤੀ।
ਤੜਕੇ ਕੈਫੇ ’ਚੋਂ ਬਾਹਰ ਨਿਕਲਣ ਮਗਰੋਂ ਵਾਪਰੀ ਘਟਨਾ
ਦਿੱਲੀ ਪੁਲੀਸ ਨੇ ਘਟਨਾਕ੍ਰਮ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਮੁਲਜ਼ਮਾਂ ਨੇ ਕੈਫੇ ਦੇ ਅੰਦਰ ਕਈ ਘੰਟਿਆਂ ਤੱਕ ਸ਼ਰਾਬ ਪੀਤੀ ਅਤੇ ਤੜਕੇ ਕਰੀਬ 3:30 ਵਜੇ ਉੱਥੋਂ ਬਾਹਰ ਨਿਕਲੇ। ਕੈਫੇ ਤੋਂ ਬਾਹਰ ਆਉਣ ਤੋਂ ਤੁਰੰਤ ਬਾਅਦ ਉਨ੍ਹਾਂ ਨੇ ਆਪਣੇ ਹੀ ਸਮੂਹ ਵਿੱਚ ਸ਼ਾਮਲ 22 ਸਾਲਾ ਲੜਕੀ ਨਾਲ ਕਥਿਤ ਤੌਰ ’ਤੇ ਸਮੂਹਿਕ ਜਬਰ-ਜਨਾਹ ਕੀਤਾ। ਪੁਲੀਸ ਨੇ ਦੱਸਿਆ ਕਿ ਪੀੜਤਾ ਮੁਲਜ਼ਮਾਂ ਦੀ ਜਾਣਕਾਰ ਸੀ ਅਤੇ ਉਨ੍ਹਾਂ ਦੇ ਨਾਲ ਹੀ ਪਾਰਟੀ ਵਿੱਚ ਸ਼ਾਮਲ ਹੋਣ ਲਈ ਗਈ ਸੀ। ਪੁਲੀਸ ਵੱਲੋਂ ਸਮੂਹਿਕ ਜਬਰ-ਜਨਾਹ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਤਿੰਨ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਗਿਆ ਹੈ ਅਤੇ ਬਾਕੀ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਵੱਖ-ਵੱਖ ਟੀਮਾਂ ਵੱਲੋਂ ਭਾਲ ਜਾਰੀ ਹੈ। ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।

