ਐੱਸ ਏ ਐੱਸ ਨਗਰ (ਮੁਹਾਲੀ) : ਇੱਥੇ ਬਲਬੀਰ ਸਿੰਘ ਸੀਨੀਅਰ ਕੌਮਾਂਤਰੀ ਹਾਕੀ ਸਟੇਡੀਅਮ ਵਿੱਚ ਚੱਲ ਰਹੀ ਪੰਜਾਬ ਹਾਕੀ ਲੀਗ ਸੀਜ਼ਨ-3 ਦੇ ਛੇਵੇਂ ਦਿਨ ਮੇਜ਼ਬਾਨ ਰਾਊਂਡਗਲਾਸ ਹਾਕੀ ਅਕੈਡਮੀ ਮੁਹਾਲੀ ਨੇ ਆਪਣੀ ਜੇਤੂ ਮੁਹਿੰਮ ਜਾਰੀ ਰੱਖਦਿਆਂ ਲਗਾਤਾਰ ਚੌਥੀ ਜਿੱਤ ਦਰਜ ਕੀਤੀ ਹੈ। ਮੇਜ਼ਬਾਨ ਟੀਮ ਨੇ ਮੇਜਰ ਧਿਆਨ ਚੰਦ ਸਪੋਰਟਸ ਕਾਲਜ ਸੈਫ਼ਈ ਨੂੰ ਇੱਕਪਾਸੜ ਮੁਕਾਬਲੇ ਵਿੱਚ 8-3 ਦੇ ਵੱਡੇ ਫ਼ਰਕ ਨਾਲ ਹਰਾ ਕੇ ਅੰਕ ਸੂਚੀ ਵਿੱਚ ਆਪਣੀ ਸਿਖਰਲੀ ਪੁਜ਼ੀਸ਼ਨ ਹੋਰ ਮਜ਼ਬੂਤ ਕਰ ਲਈ ਹੈ।
ਦਿਨ ਦੇ ਹੋਰ ਮੁਕਾਬਲਿਆਂ ਵਿਚ ਉੜੀਸਾ ਨੇਵਲ ਟਾਟਾ ਹਾਕੀ ਹਾਈ ਪਰਫਾਰਮੈਂਸ ਸੈਂਟਰ ਭੁਵਨੇਸ਼ਵਰ ਨੇ ਨੇਵਲ ਟਾਟਾ ਹਾਕੀ ਅਕੈਡਮੀ ਜਮਸ਼ੇਦਪੁਰ ਨੂੰ 3-1 ਨਾਲ ਹਰਾਇਆ। ਪਹਿਲੇ ਕੁਆਰਟਰ ਵਿੱਚ ਦੋਵਾਂ ਟੀਮਾਂ ਵਿਚਾਲੇ ਸਖ਼ਤ ਮੁਕਾਬਲਾ ਦੇਖਣ ਨੂੰ ਮਿਲਿਆ ਅਤੇ ਕੋਈ ਵੀ ਟੀਮ ਗੋਲ ਨਹੀਂ ਕਰ ਸਕੀ। ਬਾਅਦ ਦੇ ਮੁਕਾਬਲੇ ਵਿਚ ਉੜੀਸਾ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਜਿੱਤ ਹਾਸਲ ਕੀਤੀ। ਇਸੇ ਤਰ੍ਹਾਂ ਸੁਰਜੀਤ ਹਾਕੀ ਅਕੈਡਮੀ ਜਲੰਧਰ ਨੇ ਸਪੋਰਟਸ ਡਿਵੈਲਪਮੈਂਟ ਅਥਾਰਟੀ ਆਫ ਤਾਮਿਲ ਨਾਡੂ ਨੂੰ 4-0 ਨਾਲ ਹਰਾਇਆ। ਦਿਲਚਸਪ ਮੁਕਾਬਲੇ ਵਿੱਚ ਨਾਮਧਾਰੀ ਇਲੈਵਨ ਨੇ ਗੌਰਮਿੰਟ ਹਾਕੀ ਅਕੈਡਮੀ ਸੋਨੀਪਤ ਨੂੰ ਸ਼ਿਕਸਤ ਦਿੱਤੀ। ਨਿਰਧਾਰਿਤ ਸਮੇਂ ਦੌਰਾਨ ਦੋਵੇਂ ਟੀਮਾਂ 3-3 ਨਾਲ ਬਰਾਬਰ ਰਹੀਆਂ, ਪਰ ਸ਼ੂਟਆਊਟ ਰਾਹੀਂ ਨਾਮਧਾਰੀ ਇਲੈਵਨ ਨੇ ਗੌਰਮਿੰਟ ਹਾਕੀ ਅਕੈਡਮੀ ਨੂੰ 5-4 ਨਾਲ ਹਰਾ ਦਿੱਤਾ।

