ਸੁਰਜੀਤ ਹਾਕੀ: ਪੀ ਐੱਨ ਬੀ ਨੇ ਆਰਮੀ ਇਲੈਵਨ ਨੂੰ 4-2 ਨਾਲ ਹਰਾਇਆ

ਸੁਰਜੀਤ ਹਾਕੀ: ਪੀ ਐੱਨ ਬੀ ਨੇ ਆਰਮੀ ਇਲੈਵਨ ਨੂੰ 4-2 ਨਾਲ ਹਰਾਇਆ

ਜਲੰਧਰ (ਮਨੀਸ਼ ਰਿਹਾਨ)-  ਇੱਥੇ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿੱਚ ਚੱਲ ਰਹੇ 43ਵੇਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਦੌਰਾਨ ਅੱਜ ਰੋਮਾਂਚਕ ਮੁਕਾਬਲਿਆਂ ਵਿੱਚ ਪੰਜਾਬ ਨੈਸ਼ਨਲ ਬੈਂਕ (ਪੀ ਐੱਨ ਬੀ) ਦਿੱਲੀ ਅਤੇ ਕੈਗ ਦਿੱਲੀ ਨੇ ਸ਼ਾਨਦਾਰ ਜਿੱਤਾਂ ਦਰਜ ਕੀਤੀਆਂ। ਪੂਲ ‘ਬੀ’ ਵਿੱਚ ਪੀ ਐੱਨ ਬੀ ਦਿੱਲੀ ਨੇ ਆਰਮੀ ਇਲੈਵਨ ਦਿੱਲੀ ਨੂੰ 4-2 ਗੋਲਾਂ ਨਾਲ ਹਰਾਇਆ। ਮੈਚ ਦੇ ਚੌਥੇ ਮਿੰਟ ਵਿੱਚ ਆਰਮੀ ਦੇ ਆਗਿਆਪਾਲ ਸਿੰਘ ਨੇ ਗੋਲ ਨਾਲ ਲੀਡ ਬਣਾਈ, ਜਦਕਿ ਪੀ ਐੱਨ ਬੀ ਦੇ ਗੁਰਸਿਮਰਨ ਸਿੰਘ ਨੇ ਛੇਵੇਂ, 27ਵੇਂ ਅਤੇ 49ਵੇਂ ਮਿੰਟ ਵਿੱਚ ਹੈਟ੍ਰਿਕ ਮਾਰ ਕੇ ਟੀਮ ਦੀ ਜਿੱਤ ਪੱਕੀ ਕੀਤੀ। ਪੂਲ ‘ਸੀ’ ਵਿੱਚ ਕੈਗ ਦਿੱਲੀ ਨੇ ਇੰਡੀਅਨ ਨੇਵੀ ਮੁੰਬਈ ਨੂੰ 2-1 ਨਾਲ ਮਾਤ ਦਿੱਤੀ। ਨੇਵੀ ਵੱਲੋਂ ਜੁਗਰਾਜ ਸਿੰਘ ਨੇ 17ਵੇਂ ਮਿੰਟ ਅਤੇ ਕੈਗ ਦੇ ਸੂਰਿਆ ਐੱਨ ਐੱਮ ਨੇ 26ਵੇਂ ਅਤੇ 33ਵੇਂ ਮਿੰਟ ਵਿੱਚ ਗੋਲ ਕੀਤੇ। ਪੂਲ ‘ਡੀ’ ਦੇ ਫਸਵੇਂ ਮੁਕਾਬਲੇ ਵਿੱਚ ਇੰਡੀਅਨ ਏਅਰ ਫੋਰਸ ਅਤੇ ਸੀ ਆਰ ਪੀ ਐੱਫ ਦਿੱਲੀ ਦੀਆਂ ਟੀਮਾਂ 2-2 ਦੀ ਬਰਾਬਰੀ ’ਤੇ ਰਹੀਆਂ। ਮੁੱਖ ਮਹਿਮਾਨ ਚਰਨਜੀਤ ਸਿੰਘ ਚੰਨੀ (ਸੀ ਟੀ ਗਰੁੱਪ) ਅਤੇ ਸਾਬਕਾ ਕੌਮਾਂਤਰੀ ਖਿਡਾਰੀ ਦਲਜੀਤ ਸਿੰਘ ਨੇ ਟੀਮਾਂ ਨਾਲ ਜਾਣ-ਪਛਾਣ ਕੀਤੀ। ਬੁੱਧਵਾਰ ਨੂੰ ਬੀ ਐੱਸ ਐੱਫ ਤੇ ਆਰ ਸੀ ਐੱਫ, ਭਾਰਤ ਪੈਟਰੋਲੀਅਮ ਤੇ ਆਰਮੀ ਇਲੈਵਨ ਅਤੇ ਪੰਜਾਬ ਪੁਲੀਸ ਤੇ ਇੰਡੀਅਨ ਨੇਵੀ ਦਰਮਿਆਨ ਮੈਚ ਹੋਣਗੇ।

Share: