Akali-BJP Alliance: ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਮੁੜ ਇਕੱਠੇ

Akali-BJP Alliance: ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਮੁੜ ਇਕੱਠੇ

ਚੰਡੀਗਡ਼੍ਹ : ਪੰਜਾਬ ਵਿਧਾਨ ਸਭਾ ਦੀਆਂ ਅਗਲੇ ਸਾਲ ਹੋਣ ਵਾਲੀਆਂ ਚੋਣਾਂ ਲਈ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਮੁੜ ਗੱਠਜੋੜ ਦਾ ਐਲਾਨ ਕੀਤਾ ਹੈ। ਇਸ ਨਾਲ 6 ਸਾਲ ਬਾਅਦ ਅਕਾਲੀ ਦਲ ਦੀ ਐੱਨ ਡੀ ਏ ਵਿੱਚ ਵਾਪਸੀ ਹੋ ਗਈ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਭਾਜਪਾ ਪ੍ਰਧਾਨ ਨਿਤਿਨ ਨਬੀਨ ਦੀ ਸਾਂਝੀ ਪ੍ਰੈੱਸ ਕਾਨਫਰੰਸ ਦੌਰਾਨ ਸ਼ਾਹ ਨੇ ਸਾਫ਼ ਕੀਤਾ ਕਿ ਗੱਠਜੋੜ ਵਿੱਚ ਅਕਾਲੀ ਦਲ ‘ਵੱਡਾ ਭਰਾ’ ਹੋਵੇਗਾ ਅਤੇ ਮੁੱਖ ਮੰਤਰੀ ਦਾ ਅਹੁਦਾ ਅਕਾਲੀ ਦਲ ਕੋਲ ਰਹੇਗਾ। ਦੋਵੇਂ ਪਾਰਟੀਆਂ ਸਾਰੀਆਂ 117 ਸੀਟਾਂ ’ਤੇ ਰਲ ਕੇ ਚੋਣ ਲੜਨਗੀਆਂ ਅਤੇ ਨਬੀਨ ਅਨੁਸਾਰ ਸੀਟਾਂ ਦੀ ਵੰਡ ਬਾਰੇ ਗੱਲਬਾਤ ਜਲਦੀ ਹੋਵੇਗੀ।

ਸ੍ਰੀ ਸ਼ਾਹ ਨੇ ਕਿਹਾ ਕਿ ਭਾਜਪਾ ਅਤੇ ਅਕਾਲੀ ਦਲ ਦਾ ਰਿਸ਼ਤਾ ਹਮੇਸ਼ਾ ਮਜ਼ਬੂਤ ਰਿਹਾ ਹੈ। ਇਹ ਸਾਂਝ ਵਾਜਪਾਈ-ਅਡਵਾਨੀ ਦੇ ਸਮੇਂ ਤੋਂ ਹੈ। ਖੇਤੀ ਕਾਨੂੰਨ ਵਾਪਸ ਲਏ ਜਾ ਚੁੱਕੇ ਹਨ, ਇਸ ਲਈ ਹੁਣ ਉਨ੍ਹਾਂ ਕਾਰਨ ਕਿਸੇ ਵਿਵਾਦ ਦਾ ਸਵਾਲ ਹੀ ਨਹੀਂ ਉੱਠਦਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਇਸ ਵਾਪਸੀ ਤੋਂ ਬਹੁਤ ਖ਼ੁਸ਼ ਹਨ। ਅਕਾਲੀ ਦਲ ਦੇ ਮੁੜ ਆਉਣ ਨਾਲ ਐੱਨ ਡੀ ਏ ਪਰਿਵਾਰ ਮੁਕੰਮਲ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਗੱਠਜੋੜ ਬਾਰੇ ਗੱਲਬਾਤ ਵਿੱਚ ਉਮੀਦ ਨਾਲੋਂ ਵੱਧ ਸਮਾਂ ਇਸ ਲਈ ਲੱਗਾ ਕਿਉਂਕਿ ਭਾਜਪਾ ਚਾਹੁੰਦੀ ਸੀ ਕਿ ਅਕਾਲੀ ਦਲ ਐੱਨ ਡੀ ਏ ਦਾ ਪੱਕਾ ਹਿੱਸਾ ਬਣ ਕੇ ਵਾਪਸ ਆਵੇ। ਦੋਵੇਂ ਪਾਰਟੀਆਂ ਪੰਜਾਬ ਦੇ ਮਸਲਿਆਂ ਬਾਰੇ ਵਿਚਾਰ-ਵਟਾਂਦਰਾ ਕਰ ਚੁੱਕੀਆਂ ਹਨ। ਜਲਦੀ ਹੀ ਵਿਸਥਾਰਤ ਚੋਣ ਮਨੋਰਥ ਪੱਤਰ ਤਿਆਰ ਕੀਤਾ ਜਾਵੇਗਾ। ਪੰਜਾਬ ’ਚੋਂ ਨਸ਼ਿਆਂ ਦਾ ਖ਼ਾਤਮਾ, ਭ੍ਰਿਸ਼ਟਾਚਾਰ ਖ਼ਤਮ ਕਰਨਾ, ਕਾਨੂੰਨ-ਵਿਵਸਥਾ ਸੁਧਾਰਨਾ, ਕਿਸਾਨਾਂ ਦੀ ਭਲਾਈ ਅਤੇ ਹਿੰਦੂ-ਸਿੱਖ ਏਕਤਾ ਨੂੰ ਮਜ਼ਬੂਤ ਕਰਨਾ ਮੁੱਖ ਤਰਜੀਹਾਂ ਹੋਣਗੀਆਂ। ਸਰਹੱਦੀ ਸੂਬਾ ਹੋਣ ਕਰ ਕੇ ਪੰਜਾਬ ਵਿੱਚ ਸੁਰੱਖਿਆ ਅਤੇ ਕਾਨੂੰਨ-ਵਿਵਸਥਾ ਦਾ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਹੈ। ਉਨ੍ਹਾਂ 31 ਦਸੰਬਰ 2029 ਤੱਕ ਪੰਜਾਬ ਨੂੰ ਪੂਰੀ ਤਰ੍ਹਾਂ ਨਸ਼ਾ ਮੁਕਤ ਕਰਨ ਦਾ ਐਲਾਨ ਵੀ ਕੀਤਾ।

ਸ੍ਰੀ ਬਾਦਲ ਨੇ ਇਸ ਨੂੰ ‘ਭਾਵਨਾਤਮਕ ਗੱਠਜੋੜ’ ਦੱਸਦਿਆਂ ਦਾਅਵਾ ਕੀਤਾ ਕਿ ਗੱਠਜੋੜ 100 ਤੋਂ ਵੱਧ ਸੀਟਾਂ ਜਿੱਤੇਗਾ ਅਤੇ ‘ਆਪ’ ਇਕਹਿਰੇ ਅੰਕੜੇ ਤੱਕ ਸਿਮਟ ਜਾਵੇਗੀ। ਜ਼ਿਕਰਯੋਗ ਹੈ ਕਿ 3 ਖੇਤੀ ਕਾਨੂੰਨਾਂ ਖ਼ਿਲਾਫ਼ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਦੇ ਕੇਂਦਰੀ ਵਜ਼ਾਰਤ ਤੋਂ ਅਸਤੀਫ਼ੇ ਮਗਰੋਂ ਅਕਾਲੀ ਦਲ ਨੇ ਸਤੰਬਰ 2020 ਵਿੱਚ ਭਾਜਪਾ ਨਾਲੋਂ 24 ਸਾਲ ਪੁਰਾਣਾ ਨਾਤਾ ਤੋੜ ਲਿਆ ਸੀ।

ਗੱਠਜੋੜ ਪੰਜਾਬ ਦੇ ਲੋਕਾਂ ਦੀ ਪਹਿਲੀ ਪਸੰਦ: ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਕਾਲੀ ਭਾਜਪਾ ਗੱਠਜੋੜ ਦੇ ਰਸਮੀ ਐਲਾਨ ਤੋਂ ਬਾਅਦ ‘ਐਕਸ’ ’ਤੇ ਪੋਸਟ ਸਾਂਝੀ ਕਰਦਿਆਂ ਕਿਹਾ, ‘ਮੈਨੂੰ ਬੇਹੱਦ ਖ਼ੁਸ਼ੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਐੱਨ ਡੀ ਏ ਪਰਿਵਾਰ ’ਚ ਵਾਪਸ ਆ ਰਿਹਾ ਹੈ ਅਤੇ ਉਹ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ। ਅਟਲ ਜੀ, ਅਡਵਾਨੀ ਜੀ ਅਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਉੱਭਰਿਆ ਅਕਾਲੀ ਦਲ ਭਾਜਪਾ ਗੱਠਜੋੜ ਸਮੇਂ ਦੀ ਕਸੌਟੀ ’ਤੇ ਖਰਾ ਉੱਤਰਿਆ ਹੈ। ਮੈਨੂੰ ਪੂਰਾ ਭਰੋਸਾ ਹੈ ਕਿ ਸਾਡਾ ਗੱਠਜੋੜ ਪੰਜਾਬ ਦੇ ਲੋਕਾਂ ਦੀ ਪਹਿਲੀ ਪਸੰਦ ਬਣੇਗਾ।’

ਮੋਦੀ 8 ਦਸੰਬਰ ਨੂੰ ਮੋਗਾ ਰੈਲੀ ’ਚ ਸ਼ਮੂਲੀਅਤ ਕਰਨਗੇ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗੱਠਜੋੜ ਦੇ ਅਮਲ ’ਚ ਆਉਣ ਮਗਰੋਂ ਹੁਣ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੇ ਜਨਮ ਦਿਨ ਮੌਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤੀ ਜਾ ਰਹੀ ਮੋਗਾ ਰੈਲੀ ’ਚ 8 ਦਸੰਬਰ ਨੂੰ ਪਹੁੰਚਣਗੇ। ਸੁਖਬੀਰ ਸਿੰਘ ਬਾਦਲ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨੇ ਮੋਗਾ ਰੈਲੀ ’ਚ ਪਹੁੰਚਣ ਦਾ ਵਾਅਦਾ ਕੀਤਾ ਹੈ। ਉਨ੍ਹਾਂ ਮੋਦੀ ਅਤੇ ਪ੍ਰਕਾਸ਼ ਸਿੰਘ ਬਾਦਲ ਵਿਚਾਲੇ ਸਮਾਜਿਕ ਸਾਂਝ ਦੇ ਹਵਾਲੇ ਨਾਲ ਕਿਹਾ, ‘ਪ੍ਰਧਾਨ ਮੰਤਰੀ ਨੇ ਗੁਜਰਾਤ ਤੋਂ ਪ੍ਰਕਾਸ਼ ਸਿੰਘ ਬਾਦਲ ਨੂੰ ਗਾਵਾਂ ਭੇਜੀਆਂ ਸਨ, ਪਹਿਲਾਂ ਇਨ੍ਹਾਂ ਗਾਵਾਂ ਦੀ ਸੇਵਾ ਪਿਤਾ ਜੀ ਕਰਦੇ ਸਨ ਅਤੇ ਹੁਣ ਉਹ ਗਾਵਾਂ ਖੁਦ ਸਾਂਭ ਰਹੇ ਹਨ।’

ਸੀਟਾਂ ਦੀ ਵੰਡ ਅਗਲੀ ਚੁਣੌਤੀ

ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦਰਮਿਆਨ ਕਰੀਬ ਦਰਜਨ ਸੀਟਾਂ ’ਤੇ ਪੇਚ ਫਸਿਆ ਹੋਇਆ ਹੈ। ਅਹਿਮ ਸੂਤਰਾਂ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦੇ ਹਿੱਸੇ 71 ਤੋਂ 73 ਸੀਟਾਂ ਆਉਣ ਦੀ ਸੰਭਾਵਨਾ ਹੈ, ਜਦਕਿ ਭਾਜਪਾ ਦੇ ਹਿੱਸੇ 44 ਤੋਂ 46 ਸੀਟਾਂ ਰਹਿਣਗੀਆਂ। ਇਸ ਤੋਂ ਪਹਿਲਾਂ ਭਾਜਪਾ ਵਿਧਾਨ ਸਭਾ ਚੋਣਾਂ ’ਚ 23 ਸੀਟਾਂ ’ਤੇ ਚੋਣ ਲੜਦੀ ਰਹੀ ਹੈ। ਹੁਣ ਭਾਜਪਾ ਨੇ ਗੱਠਜੋੜ ’ਚ ਆਪਣੀ ਸਿਆਸੀ ਵੁੱਕਤ ਵਧਾ ਲਈ ਹੈ ਅਤੇ ਸੀਟਾਂ ਦਾ ਅੰਕੜਾ ਡਬਲ ਹੋਣ ਦੀ ਸੰਭਾਵਨਾ ਹੈ। ਭਾਜਪਾ ਨੇ ਐਤਕੀਂ ਮਾਲਵੇ ’ਚ ਨਵੀਆਂ ਸੀਟਾਂ ’ਤੇ ਦਾਅਵਾ ਜਤਾਇਆ ਹੈ।

Share: