ਚੰਡੀਗਡ਼੍ਹ : ਮਿਲਟਰੀ ਲਿਟਰੇਚਰ ਫੈਸਟੀਵਲ ਐਸੋਸੀਏਸ਼ਨ ਵੱਲੋਂ ਚੰਡੀਗੜ੍ਹ ਵਿੱਚ ਕਰਵਾਇਆ ਗਿਆ ਤਿੰਨ ਰੋਜ਼ਾ 10ਵਾਂ ਮਿਲਟਰੀ ਲਿਟਰੇਚਰ ਫੈਸਟੀਵਲ ਅੱਜ ਸਮਾਪਤ ਹੋ ਗਿਆ। ਫੈਸਟੀਵਲ ਦੇ ਆਖ਼ਰੀ ਦਿਨ ਮਿਲਟਰੀ ਲਿਟਰੇਚਰ ਫੈਸਟੀਵਲ ਐਸੋਸੀਏਸ਼ਨ ਦੇ ਚੇਅਰਮੈਨ ਲੈਫਟੀਨੈਂਟ ਜਨਰਲ ਟੀ ਐੱਸ ਸ਼ੇਰਗਿੱਲ (ਸੇਵਾਮੁਕਤ) ਨੇ ਨੌਜਵਾਨਾਂ ਨੂੰ ਮੁਸ਼ਕਿਲ ਦੇ ਦੌਰ ਵਿੱਚ ‘ਪੀੜਤ ਮਾਨਸਿਕਤਾ’ ਤੋਂ ਬਚਣ ਦੀ ਨਸੀਹਤ ਦਿੱਤੀ। ਉਨ੍ਹਾਂ ਨੇ ਨੌਜਵਾਨਾਂ ਨੂੰ ਸਬਰ, ਸੰਤੋਖ ਅਤੇ ਦ੍ਰਿੜ੍ਹਤਾ ਨਾਲ ਹਰ ਚੁਣੌਤੀ ਦਾ ਡਟ ਕੇ ਸਾਹਮਣਾ ਕਰਨ ਲਈ ਵੀ ਪ੍ਰੇਰਿਆ।
ਲੈਫਟੀਨੈਂਟ ਜਨਰਲ ਟੀ ਐੱਸ ਸ਼ੇਰਗਿੱਲ ਨੇ ਮਿਲਟਰੀ ਲਿਟਰੇਚਰ ਫੈਸਟੀਵਲ ਵਿੱਚ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਵੱਖ-ਵੱਖ ਸਕੂਲਾਂ ਅਤੇ ਕਾਲਜਾਂ ਤੋਂ ਆਏ ਵੱਡੀ ਗਿਣਤੀ ਵਿਦਿਆਰਥੀਆਂ ਨੂੰ ਰੱਖਿਆ ਸੇਵਾਵਾਂ ਨੂੰ ਆਪਣੇ ਕਰੀਅਰ ਵਜੋਂ ਅਪਣਾਉਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਨੌਜਵਾਨ ਆਪਣੀ ਕਿਸਮਤ ਦੇ ਨਿਰਮਾਤਾ ਖ਼ੁਦ ਹਨ, ਜੋ ਆਪਣੀ ਹਿੰਮਤ ਅਤੇ ਦ੍ਰਿੜ੍ਹ ਇਰਾਦੇ ਨਾਲ ਦੇਸ਼ ਦਾ ਨਵਾਂ ਭਵਿੱਖ ਸਿਰਜ ਸਕਦੇ ਹਨ। ਮਿਲਟਰੀ ਲਿਟਰੇਚਰ ਫੈਸਟੀਵਲ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਭਾਰਤੀ ਫ਼ੌਜ ਦੇ ਇਤਿਹਾਸ ਬਾਰੇ ਜਾਣੂ ਕਰਾਉਣਾ ਅਤੇ ਦੁਨੀਆ ਦੇ ਵੱਖ-ਵੱਖ ਦੇਸ਼ਾਂ ਦੀਆਂ ਜੰਗਾਂ ਬਾਰੇ ਦੱਸਣਾ ਹੈ। ਉਨ੍ਹਾਂ ਨੌਜਵਾਨਾਂ ਨੂੂੰ ਭਾਰਤੀ ਫ਼ੌਜ ਦੇ ਇਤਿਹਾਸ ਅਤੇ ਜੰਗਾਂ ਵਿੱਚ ਆਈਆਂ ਤਬਦੀਲੀਆਂ ਬਾਰੇ ਕਿਤਾਬਾਂ ਪੜ੍ਹਨ ਲਈ ਪ੍ਰੇਰਿਆ। ਇਸ ਤੋਂ ਪਹਿਲਾਂ ਦੇਸ਼ ਅਤੇ ਦੁਨੀਆ ਦੇ ਵੱਖ-ਵੱਖ ਰੱਖਿਆ ਮਾਹਿਰਾਂ ਵੱਲੋਂ ਜੰਗਾਂ ਦੇ ਬਦਲਦੇ ਸਰੂਪ ਬਾਰੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਪਹਿਲਾਂ ਲੜਾਈ ਆਹਮੋ-ਸਾਹਮਣੇ ਹੁੰਦੀ ਸੀ, ਅੱਜ ਤਕਨੀਕ ਦੇ ਨਾਲ-ਨਾਲ ਜੰਗ ਦਾ ਮੁਹਾਂਦਰਾ ਵੀ ਬਦਲ ਗਿਆ ਹੈ। ਅੱਜ ਜੰਗ ਵਿੱਚ ਆਧੁਨਿਕ ਤਕਨੀਕ ਦੇ ਡਰੋਨ ਤੇ ਮਸਨੂਈ ਬੌਧਿਕਤਾ ਦੀ ਵੱਧ ਵਰਤੋਂ ਕੀਤੀ ਜਾਂਦੀ ਹੈ। ਕਿਸੇ ਸਮੇਂ ਭਾਰਤ ਨੂੰ ਹਥਿਆਰਾਂ ਲਈ ਦੂਜੇ ਦੇਸ਼ਾਂ ’ਤੇ ਨਿਰਭਰ ਕਰਨਾ ਪੈਂਦਾ ਸੀ ਪਰ ਅੱਜ ਭਾਰਤ ਖ਼ੁਦ ਹਥਿਆਰ ਬਣਾ ਰਿਹਾ ਹੈ। ਇਸ ਤਰ੍ਹਾਂ ਭਾਰਤ ਹੋਰ ਵੀ ਕਈ ਤਰ੍ਹਾਂ ਦੀਆਂ ਖੋਜਾਂ ਕਰ ਕੇ ਖ਼ੁਦ ਨੂੰ ਰੱਖਿਆ ਖੇਤਰ ਵਿੱਚ ਵਧੇਰੇ ਮਜ਼ਬੂਤ ਕਰ ਰਿਹਾ ਹੈ। ਫੈਸਟੀਵਲ ਦੇ ਆਖ਼ਰ ਵਿੱਚ ਵੱਖ-ਵੱਖ ਸ਼ਖਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ।
ਤਿੰਨ ਲੱਖ ਤੋਂ ਵੱਧ ਲੋਕਾਂ ਨੇ ਸ਼ਿਰਕਤ ਕੀਤੀ
ਚੰਡੀਗੜ੍ਹ ਵਿੱਚ 10ਵੇਂ ਮਿਲਟਰੀ ਲਿਟਰੇਚਰ ਫੈਸਟੀਵਲ ਵਿੱਚ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਤੋਂ ਵੱਡੀ ਗਿਣਤੀ ਨੌਜਵਾਨ ਪਹੁੰਚੇ, ਜਿਨ੍ਹਾਂ ਨੇ ਭਾਰਤੀ ਫ਼ੌਜ ਦੇ ਨਾਲ-ਨਾਲ ਫ਼ੌਜ ਦੇ ਹਥਿਆਰਾਂ ਦੀ ਜਾਣਕਾਰੀ ਹਾਸਲ ਕੀਤੀ। ਫੈਸਟੀਵਲ ਦੇ ਪ੍ਰਬੰਧਕਾਂ ਨੇ ਦਾਅਵਾ ਕੀਤਾ ਹੈ ਕਿ ਤਿੰਨ ਦਿਨਾ ਮਿਲਟਰੀ ਲਿਟਰੇਚਰ ਫੈਸਟੀਵਲ ਵਿੱਚ ਤਿੰਨ ਲੱਖ ਤੋਂ ਵੱਧ ਲੋਕਾਂ ਨੇ ਸ਼ਿਰਕਤ ਕੀਤੀ ਹੈ। ਭਵਿੱਖ ਵਿੱਚ ਫੈਸਟੀਵਲ ਨੂੰ ਹੋਰ ਨਿਵੇਕਲਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ।

