ਨਵੀਂ ਦਿੱਲੀ : ਪੰਜਾਬ ਚੋਣਾਂ ਲਈ ਭਾਜਪਾ ਵੱਲੋਂ ਚੋਣ ਮਨੋਰਥ ਪੱਤਰ (ਮੈਨੀਫੈਸਟੋ) ਅਤੇ ਚਾਰਜਸ਼ੀਟ ਕਮੇਟੀਆਂ ਦੇ ਗਠਨ ਦੇ ਐਲਾਨ ਤੋਂ ਠੀਕ ਇੱਕ ਦਿਨ ਬਾਅਦ, ਕੇਂਦਰੀ ਲੀਡਰਸ਼ਿਪ ਨੇ ਅੱਜ ਇਨ੍ਹਾਂ ਦੋਵਾਂ ਕਮੇਟੀਆਂ ਦੀ ਪਹਿਲੀ ਮੀਟਿੰਗ ਕੀਤੀ। ਅੱਜ ਸਵੇਰੇ ਵਰਚੁਅਲ ਤਰੀਕੇ ਨਾਲ ਹੋਈਆਂ ਇਨ੍ਹਾਂ ਦੋਵਾਂ ਮੀਟਿੰਗਾਂ ਦੀ ਪ੍ਰਧਾਨਗੀ ਪੰਜਾਬ ਭਾਜਪਾ ਦੇ ਇੰਚਾਰਜ ਸਤੀਸ਼ ਪੂਨੀਆ ਨੇ ਕੀਤੀ। ਇਸ ਦੌਰਾਨ ਸਹਿ-ਇੰਚਾਰਜ ਵਰਿੰਦਰ ਸਚਦੇਵਾ ਵੀ ਔਨਲਾਈਨ ਸ਼ਾਮਲ ਹੋਏ। ਮੀਟਿੰਗ ਵਿੱਚ ਮੈਨੀਫੈਸਟੋ ਕਮੇਟੀ ਦੇ ਚੇਅਰਮੈਨ ਅਵਿਨਾਸ਼ ਰਾਏ ਖੰਨਾ, ਭਾਜਪਾ ਦੇ ਕੌਮੀ ਮੀਤ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ, ਸਾਬਕਾ ਸੂਬਾ ਮੰਤਰੀ ਮਨੋਰੰਜਨ ਕਾਲੀਆ ਅਤੇ ਰਾਣਾ ਗੁਰਮੀਤ ਸਿੰਘ ਸੋਢੀ, ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼, ਸੰਸਦ ਮੈਂਬਰ ਸਤਨਾਮ ਸਿੰਘ ਸੰਧੂ ਅਤੇ ਸੂਬਾਈ ਆਗੂ ਅਸ਼ਵਨੀ ਸੇਖੜੀ ਸਮੇਤ ਸਾਰੇ ਮੈਂਬਰ ਹਾਜ਼ਰ ਸਨ।
ਇਸ ਮੌਕੇ ਆਮ ਆਦਮੀ ਪਾਰਟੀ ਦੇ ਸਾਬਕਾ ਆਗੂ ਜੋ ਹੁਣ ਭਾਜਪਾ ਵਿੱਚ ਸ਼ਾਮਲ ਹੋ ਚੁੱਕੇ ਹਨ, ਵੀ ਮੌਜੂਦ ਸਨ। ਇਨ੍ਹਾਂ ਵਿੱਚ ਸੰਸਦ ਮੈਂਬਰ ਰਾਘਵ ਚੱਢਾ, ਰਜਿੰਦਰ ਗੁਪਤਾ, ਹਰਭਜਨ ਸਿੰਘ ਅਤੇ ਪੰਜਾਬ ਵਿਧਾਨ ਸਭਾ ਦੇ ਸਾਬਕਾ ਵਿਰੋਧੀ ਧਿਰ ਦੇ ਨੇਤਾ ਐੱਚ ਐੱਸ ਫੂਲਕਾ ਸ਼ਾਮਲ ਸਨ।
ਸਟੇਟ ਸੈੱਲਾਂ ਦੀ ਸੰਯੁਕਤ ਕੋਆਰਡੀਨੇਟਰ ਪਰਮਪਾਲ ਕੌਰ ਨੇ ਵੀ ਇਸ ਮੀਟਿੰਗ ਵਿੱਚ ਹਿੱਸਾ ਲਿਆ। ਸੂਤਰਾਂ ਅਨੁਸਾਰ, ਆਗੂਆਂ ਨੂੰ ਸਮਾਜ ਦੇ ਵੱਖ-ਵੱਖ ਵਰਗਾਂ- ਜਿਵੇਂ ਕਿਸਾਨਾਂ, ਨੌਜਵਾਨਾਂ, ਔਰਤਾਂ, ਗਰੀਬਾਂ ਅਤੇ ਪੱਛੜੇ ਵਰਗਾਂ ਨਾਲ ਰਾਬਤਾ ਕਾਇਮ ਕਰਨ ਲਈ ਕਿਹਾ ਗਿਆ ਹੈ ਤਾਂ ਜੋ ਠੋਸ ਕਦਮ ਚੁੱਕਣ ਲਈ ਉਨ੍ਹਾਂ ਦੇ ਸੁਝਾਅ ਚੇਅਰਮੈਨ ਸਾਹਮਣੇ ਪੇਸ਼ ਕੀਤੇ ਜਾ ਸਕਣ।
ਭਾਜਪਾ ਸੂਤਰਾਂ ਨੇ ਅੱਜ ‘ਟ੍ਰਿਬਿਊਨ ਸਮੂਹ’ ਨੂੰ ਦੱਸਿਆ, “ਸੁਨੇਹਾ ਬਿਲਕੁਲ ਸਪਸ਼ਟ ਸੀ। ਅਸੀਂ ਲੋਕਾਂ ਦਾ ਆਪਣਾ ਮੈਨੀਫੈਸਟੋ ਤਿਆਰ ਕਰਾਂਗੇ ਅਤੇ ਇਹ ਯਕੀਨੀ ਬਣਾਵਾਂਗੇ ਕਿ ਸਾਡੇ ਵੱਲੋਂ ਕੀਤੇ ਜਾਣ ਵਾਲੇ ਵਾਅਦਿਆਂ ਵਿੱਚ ਪੰਜਾਬ ਦੇ ਲੋਕਾਂ ਦੀਆਂ ਉਮੀਦਾਂ ਦੀ ਝਲਕ ਦਿਖਾਈ ਦੇਵੇ। ਅਸੀਂ ਇਨ੍ਹਾਂ ਵਾਅਦਿਆਂ ਨੂੰ ਅਮਲੀ ਜਾਮਾ ਪਹਿਨਾਉਣ ਲਈ ਇੱਕ ਮੁਕੰਮਲ ਰੂਪ-ਰੇਖਾ (ਰੋਡਮੈਪ) ਵੀ ਪੇਸ਼ ਕਰਾਂਗੇ।”
ਮੈਨੀਫੈਸਟੋ ਕਮੇਟੀ ਤੋਂ ਬਾਅਦ, ਸਤੀਸ਼ ਪੂਨੀਆ ਨੇ ਸਟੇਟ ਚਾਰਜਸ਼ੀਟ ਕਮੇਟੀ ਦੀ ਮੀਟਿੰਗ ਦੀ ਵੀ ਪ੍ਰਧਾਨਗੀ ਕੀਤੀ। ਇਸ ਕਮੇਟੀ ਦੀ ਅਗਵਾਈ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਕਰ ਰਹੇ ਹਨ। ਇਸ ਕਮੇਟੀ ਨੂੰ ਸੂਬੇ ਦੀ ਸੱਤਾਧਾਰੀ ‘ਆਮ ਆਦਮੀ ਪਾਰਟੀ’ ਸਰਕਾਰ ਦੀਆਂ ਕਥਿਤ ਨਾਕਾਮੀਆਂ ਖਾਸ ਕਰਕੇ ਭ੍ਰਿਸ਼ਟਾਚਾਰ, ਵਿਗੜਦੀ ਕਾਨੂੰਨ ਵਿਵਸਥਾ ਅਤੇ ਨਸ਼ਿਆਂ ਦੇ ਮੁੱਦਿਆਂ ‘ਤੇ ਇੱਕ ਵਿਸਤ੍ਰਿਤ ਰਿਪੋਰਟ ਤਿਆਰ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।

