ਪਹਾੜਗੰਜ ਵਿੱਚ ਇਮਾਰਤ ਡਿੱਗਣ ਕਾਰਨ 8 ਜ਼ਖਮੀ

ਪਹਾੜਗੰਜ ਵਿੱਚ ਇਮਾਰਤ ਡਿੱਗਣ ਕਾਰਨ 8 ਜ਼ਖਮੀ

ਨਵੀਂ ਦਿੱਲੀ : ਮੱਧ ਦਿੱਲੀ ਦੇ ਪਹਾੜਗੰਜ ਵਿੱਚ ਸੋਮਵਾਰ ਨੂੰ ਇੱਕ ਇਮਾਰਤ ਦੇ ਮਾਲਕ ਅਤੇ ਠੇਕੇਦਾਰ ਖ਼ਿਲਾਫ਼ ਐੱਫ ਆਈ ਆਰ (FIR) ਦਰਜ ਕੀਤੀ ਗਈ ਹੈ। ਇਹ ਕਾਰਵਾਈ ਉਸਾਰੀ ਦੇ ਕੰਮ ਦੌਰਾਨ ਇਮਾਰਤ ਦਾ ਇੱਕ ਹਿੱਸਾ ਡਿੱਗਣ ਤੋਂ ਬਾਅਦ ਕੀਤੀ ਗਈ, ਜਿਸ ਕਾਰਨ ਅੱਠ ਲੋਕ ਜ਼ਖ਼ਮੀ ਹੋ ਗਏ। ਡੀ ਸੀ ਪੀ (ਸੈਂਟਰਲ) ਰੋਹਿਤ ਰਾਜਬੀਰ ਸਿੰਘ ਨੇ ਦੱਸਿਆ ਕਿ ਪਹਾੜਗੰਜ ਪੁਲੀਸ ਨੇ ਭਾਰਤੀ ਨਿਆ ਸੰਹਿਤਾ (BNS) ਦੀਆਂ ਧਾਰਾਵਾਂ 290, 125(ਏ), 223(ਏ) (ਸਰਕਾਰੀ ਕਰਮਚਾਰੀ ਦੁਆਰਾ ਜਾਰੀ ਹੁਕਮਾਂ ਦੀ ਉਲੰਘਣਾ) ਅਤੇ 3(5) (ਸਾਂਝਾ ਇਰਾਦਾ) ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਉਨ੍ਹਾਂ ਕਿਹਾ, “ਇਮਾਰਤ ਦੇ ਮਾਲਕ ਰਮਨ ਅਤੇ ਠੇਕੇਦਾਰ ਅਨਵਰ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਅਤੇ ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।”

ਇਹ ਘਟਨਾ ਐਤਵਾਰ ਸ਼ਾਮ ਨੂੰ ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੇ ਸਾਹਮਣੇ, ਕਸੇਰੂਵਾਲਾਨ, ਸੰਗਤਰਾਸ਼ਨ ਵਿਖੇ ਜਾਇਦਾਦ ਨੰਬਰ 3992-3993 ਵਿੱਚ ਵਾਪਰੀ, ਜਿੱਥੇ ਉਸਾਰੀ ਦਾ ਕੰਮ ਚੱਲ ਰਿਹਾ ਸੀ। ਪੁਲੀਸ ਅਨੁਸਾਰ, ਜਦੋਂ ਦੂਜੀ ਮੰਜ਼ਿਲ ਦੀ ਛੱਤ ਦਾ ਲੈਂਟਰ ਪਾਇਆ ਜਾ ਰਿਹਾ ਸੀ ਤਾਂ ਢਾਂਚੇ ਦਾ ਇੱਕ ਹਿੱਸਾ ਡਿੱਗ ਗਿਆ, ਜਿਸ ਕਾਰਨ ਅੱਠ ਵਿਅਕਤੀ ਜ਼ਖ਼ਮੀ ਹੋ ਗਏ। ਪੁਲੀਸ ਨੇ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਇਮਾਰਤ ਦੇ ਸਹਾਰੇ ਲਈ ਖੜ੍ਹੇ ਕੀਤੇ ਗਏ ਥੰਮ੍ਹ ਗਿੱਲੇ ਪਾਏ ਗਏ ਅਤੇ ਇਮਾਰਤ ਦਾ ਢਾਂਚਾ ਇੱਕ ਪਾਸੇ ਝੁਕਿਆ ਹੋਇਆ ਪ੍ਰਤੀਤ ਹੋ ਰਿਹਾ ਸੀ।

Share: