ਲਾਹੌਲ/ਸਪੀਤੀ : ਹਿਮਾਚਲ ਪ੍ਰਦੇਸ਼ ਦੇ ਲਾਹੌਲ ਅਤੇ ਸਪੀਤੀ ਜ਼ਿਲ੍ਹੇ ਦੇ ਅਧਿਕਾਰੀਆਂ ਨੇ ਵੀਰਵਾਰ ਰਾਤ ਤੋਂ ਹੋ ਰਹੀ ਲਗਾਤਾਰ ਬਰਫ਼ਬਾਰੀ ਤੋਂ ਬਾਅਦ ਸ਼ਿੰਕੁਲਾ ਦੱਰਾ, ਬਾਰਾਲਾਚਾ ਦੱਰਾ, ਕੁੰਜ਼ੁਮ ਟੌਪ ਅਤੇ ਹੋਰ ਉੱਚੇ ਇਲਾਕਿਆਂ ਵਿੱਚ ਸੜਕਾਂ ਦੀ ਅਸੁਰੱਖਿਅਤ ਸਥਿਤੀ ਦਾ ਹਵਾਲਾ ਦਿੰਦੇ ਹੋਏ ਕਈ ਉੱਚ-ਉਚਾਈ ਵਾਲੀਆਂ ਸੜਕਾਂ ਨੂੰ ਵਾਹਨਾਂ ਦੀ ਆਵਾਜਾਈ ਲਈ ਬੰਦ ਕਰ ਦਿੱਤਾ ਹੈ। ਲਾਹੌਲ ਅਤੇ ਸਪੀਤੀ ਪੁਲੀਸ ਵੱਲੋਂ ਜਾਰੀ ਜਨਤਕ ਐਡਵਾਈਜ਼ਰੀ ਅਨੁਸਾਰ, ਸ਼ਿੰਕੁਲਾ ਟੌਪ ਅਤੇ ਬਾਰਾਲਾਚਾ ਟੌਪ ਵੱਲ ਜਾਣ ਵਾਲੇ ਸਾਰੇ ਵਾਹਨਾਂ ਨੂੰ ਦਾਰਚਾ ਪੁਲੀਸ ਚੌਕੀ ‘ਤੇ ਰੋਕ ਦਿੱਤਾ ਗਿਆ ਹੈ। ਇਸੇ ਤਰ੍ਹਾਂ ਕੁੰਜ਼ੁਮ ਟੌਪ ਵੱਲ ਜਾਣ ਵਾਲੇ ਵਾਹਨਾਂ ਦੀ ਆਵਾਜਾਈ ਨੂੰ ਲੋਸਰ ਚੈੱਕ ਪੋਸਟ ‘ਤੇ ਰੋਕ ਦਿੱਤਾ ਗਿਆ ਹੈ, ਜਦਕਿ ਗ੍ਰਾਮਫੂ ਤੋਂ ਛਤਰੂ ਅਤੇ ਕੁੰਜ਼ੁਮ ਟੌਪ ਵੱਲ ਜਾਣ ਵਾਲੀ ਸੜਕ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ। ਪੁਲੀਸ ਨੇ ਕਿਹਾ ਕਿ ਐਮਰਜੈਂਸੀ ਸਥਿਤੀਆਂ ਵਿੱਚ, ਸੜਕ ਅਤੇ ਮੌਸਮ ਦੀ ਸਥਿਤੀ ਦੇ ਆਧਾਰ ‘ਤੇ ਸਿਰਫ਼ ਸਹੀ ਸਨੋਅ ਚੇਨ (ਬਰਫ਼ ਵਾਲੀਆਂ ਜ਼ੰਜੀਰਾਂ) ਲੱਗੇ 4×4 ਵਾਹਨਾਂ ਨੂੰ ਹੀ ਜਾਣ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ। ਸੈਲਾਨੀਆਂ ਅਤੇ ਆਮ ਜਨਤਾ ਨੂੰ ਅਪੀਲ ਕਰਦਿਆਂ ਪੁਲੀਸ ਨੇ ਲੋਕਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਵੱਲੋਂ ਜਾਰੀ ਐਡਵਾਈਜ਼ਰੀ ਦੀ ਸਖ਼ਤੀ ਨਾਲ ਪਾਲਣਾ ਕਰਨ ਅਤੇ ਮੌਸਮ ਤੇ ਸੜਕਾਂ ਦੀ ਸਥਿਤੀ ਵਿੱਚ ਸੁਧਾਰ ਹੋਣ ਤੱਕ ਉੱਚ-ਉਚਾਈ ਵਾਲੇ ਇਲਾਕਿਆਂ ਦੀ ਯਾਤਰਾ ਕਰਨ ਤੋਂ ਬਚਣ ਦੀ ਤਾਕੀਦ ਕੀਤੀ ਹੈ।
ਐਡਵਾਈਜ਼ਰੀ ਵਿੱਚ ਅੱਗੇ ਕਿਹਾ ਗਿਆ ਹੈ ਕਿ ਜਿਨ੍ਹਾਂ ਲੋਕਾਂ ਨੂੰ ਜ਼ਰੂਰੀ ਕਾਰਨਾਂ ਕਰਕੇ ਇਨ੍ਹਾਂ ਇਲਾਕਿਆਂ ਵਿੱਚ ਯਾਤਰਾ ਕਰਨੀ ਪੈਂਦੀ ਹੈ, ਉਨ੍ਹਾਂ ਨੂੰ ਇਜਾਜ਼ਤ ਲੈਣੀ ਚਾਹੀਦੀ ਹੈ, ਸਿਰਫ਼ ਸਨੋਅ ਚੇਨ ਲੱਗੇ 4×4 ਵਾਹਨਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਲੋੜੀਂਦੇ ਗਰਮ ਕੱਪੜੇ ਨਾਲ ਰੱਖਣੇ ਚਾਹੀਦੇ ਹਨ।
ਇਸ ਦੌਰਾਨ ਸ਼ੁੱਕਰਵਾਰ ਤੜਕੇ ਰੋਹਤਾਂਗ ਦੱਰਾ ਅਤੇ ਮੜ੍ਹੀ ਵਿਖੇ ਵੀ ਤਾਜ਼ਾ ਬਰਫ਼ਬਾਰੀ ਸ਼ੁਰੂ ਹੋ ਗਈ, ਜਿਸ ਵਿੱਚ ਰੋਹਤਾਂਗ ਦੱਰੇ ‘ਤੇ ਲਗਪਗ 4-5 ਇੰਚ ਅਤੇ ਮੜ੍ਹੀ ਵਿਖੇ ਲਗਪਗ ਇੱਕ ਇੰਚ ਬਰਫ਼ ਰਿਕਾਰਡ ਕੀਤੀ ਗਈ। ਮਨਾਲੀ ਪੁਲੀਸ ਅਨੁਸਾਰ ਜਨਤਾ ਅਤੇ ਸੈਲਾਨੀਆਂ ਦੀ ਸੁਰੱਖਿਆ ਦੇ ਮੱਦੇਨਜ਼ਰ, ਮੜ੍ਹੀ ਤੋਂ ਰੋਹਤਾਂਗ ਦੱਰੇ ਵੱਲ ਜਾਣ ਵਾਲੇ ਵਾਹਨਾਂ ਦੀ ਆਵਾਜਾਈ ਨੂੰ ਪੂਰੀ ਤਰ੍ਹਾਂ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਸਿਰਫ਼ ਐਮਰਜੈਂਸੀ ਵਾਹਨਾਂ ਨੂੰ ਹੀ ਜਾਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ। ਗੁਲਾਬਾ ਬੈਰੀਅਰ ‘ਤੇ ਵੀ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ, ਜਦਕਿ ਜਿਹੜੇ ਵਾਹਨ ਪਹਿਲਾਂ ਹੀ ਮੜ੍ਹੀ ਪਹੁੰਚ ਚੁੱਕੇ ਸਨ, ਉਨ੍ਹਾਂ ਨੂੰ ਸੁਰੱਖਿਅਤ ਢੰਗ ਨਾਲ ਵਾਪਸ ਮਨਾਲੀ ਵੱਲ ਭੇਜਿਆ ਜਾ ਰਿਹਾ ਹੈ।

