Indian Stock Market: ਸ਼ੇਅਰ ਬਾਜ਼ਾਰ ’ਚ ਤੇਜ਼ੀ, ਸੈਂਸੈਕਸ 1,097 ਅੰਕ ਚੜ੍ਹਿਆ

Indian Stock Market: ਸ਼ੇਅਰ ਬਾਜ਼ਾਰ ’ਚ ਤੇਜ਼ੀ, ਸੈਂਸੈਕਸ 1,097 ਅੰਕ ਚੜ੍ਹਿਆ

ਮੁੰਬਈ : ਭਾਰਤੀ ਸ਼ੇਅਰ ਬਾਜ਼ਾਰ ਵਿੱਚ ਬੁੱਧਵਾਰ ਨੂੰ ਕਾਰੋਬਾਰ ਸ਼ੁਰੂ ਹੁੰਦਿਆਂ ਹੀ ਜ਼ੋਰਦਾਰ ਤੇਜ਼ੀ ਦੇਖਣ ਨੂੰ ਮਿਲੀ। ਵਿਦੇਸ਼ੀ ਨਿਵੇਸ਼ਕਾਂ ਵੱਲੋਂ ਲਗਾਤਾਰ ਖਰੀਦਦਾਰੀ, ਕੰਪਨੀਆਂ ਦੇ ਦੂਜੀ ਤਿਮਾਹੀ ਦੇ ਉਮੀਦ ਨਾਲੋਂ ਬਿਹਤਰ ਨਤੀਜਿਆਂ ਅਤੇ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਲਗਾਤਾਰ ਨਰਮੀ ਕਾਰਨ ਬਾਜ਼ਾਰ ਦੇ ਦੋਵੇਂ ਮੁੱਖ ਸੂਚਕ ਅੰਕ ਚੜ੍ਹ ਗਏ। ਬੰਬਈ ਸਟਾਕ ਐਕਸਚੇਂਜ (ਬੀਐੱਸਈ) ਦਾ 30 ਸ਼ੇਅਰਾਂ ਵਾਲਾ ਸੈਂਸੈਕਸ ਸ਼ੁਰੂਆਤੀ ਕਾਰੋਬਾਰ ਵਿੱਚ 1,097.33 ਅੰਕ ਵਧ ਕੇ 82,186.92 ’ਤੇ ਪਹੁੰਚ ਗਿਆ। ਇਸੇ ਤਰ੍ਹਾਂ ਨੈਸ਼ਨਲ ਸਟਾਕ ਐਕਸਚੇਂਜ (ਐੱਨਐੱਸਈ) ਦਾ ਨਿਫਟੀ 274.30 ਅੰਕਾਂ ਦੇ ਵਾਧੇ ਨਾਲ 25,317.55 ’ਤੇ ਕਾਰੋਬਾਰ ਕਰਦਾ ਰਿਹਾ। ਸੈਂਸੈਕਸ ਦੀਆਂ 30 ਕੰਪਨੀਆਂ ਵਿੱਚੋਂ ਇੰਟਰਗਲੋਬ ਐਵੀਏਸ਼ਨ, ਮਹਿੰਦਰਾ ਐਂਡ ਮਹਿੰਦਰਾ, ਐੱਚਡੀਐੱਫਸੀ ਬੈਂਕ, ਪਾਵਰ ਗਰਿੱਡ ਅਤੇ ਭਾਰਤੀ ਏਅਰਟੈੱਲ ਦੇ ਸ਼ੇਅਰਾਂ ਵਿੱਚ ਸਭ ਤੋਂ ਵੱਧ ਤੇਜ਼ੀ ਰਹੀ। ਦੂਜੇ ਪਾਸੇ ਟਾਈਟਨ ਇਕਲੌਤੀ ਕੰਪਨੀ ਰਹੀ, ਜਿਸ ਦੇ ਸ਼ੇਅਰਾਂ ਵਿੱਚ ਗਿਰਾਵਟ ਦਰਜ ਕੀਤੀ ਗਈ। ਸਟਾਕ ਐਕਸਚੇਂਜ ਦੇ ਅੰਕੜਿਆਂ ਅਨੁਸਾਰ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਨੇ ਸੋਮਵਾਰ ਨੂੰ 7,212.22 ਕਰੋੜ ਰੁਪਏ ਦੇ ਸ਼ੇਅਰ ਖਰੀਦੇ। ਗਲੋਬਲ ਪੱਧਰ ’ਤੇ ਕੱਚੇ ਤੇਲ ਦੀ ਕੀਮਤ ਵੀ ਘਟੀ ਹੈ। ਕੌਮਾਂਤਰੀ ਮਾਪਦੰਡ ਬ੍ਰੈਂਟ ਕਰੂਡ 92.44 ਡਾਲਰ ਪ੍ਰਤੀ ਬੈਰਲ ਦੇ ਪੱਧਰ ’ਤੇ ਕਾਰੋਬਾਰ ਕਰ ਰਿਹਾ ਸੀ।

ਜੀਓਜੀਤ ਇਨਵੈਸਟਮੈਂਟਸ ਲਿਮਟਿਡ ਦੇ ਮੁੱਖ ਨਿਵੇਸ਼ ਰਣਨੀਤੀਕਾਰ ਵੀ ਕੇ ਵਿਜੈ ਕੁਮਾਰ ਨੇ ਕਿਹਾ ਕਿ ਨਿਫਟੀ ਇਸ ਮਹੀਨੇ ਦੇ ਸਿਰਫ਼ ਸੱਤ ਕਾਰੋਬਾਰੀ ਦਿਨਾਂ ਵਿੱਚ 8.6 ਫ਼ੀਸਦੀ ਚੜ੍ਹ ਚੁੱਕਾ ਹੈ। ਇਸ ਤੇਜ਼ੀ ਦਾ ਮੁੱਖ ਕਾਰਨ ਵਿਦੇਸ਼ੀ ਨਿਵੇਸ਼ਕਾਂ ਵੱਲੋਂ ਇਸ ਮਹੀਨੇ ਹੁਣ ਤੱਕ 53,170 ਕਰੋੜ ਰੁਪਏ ਦੀ ਖਰੀਦਦਾਰੀ ਹੈ। ਹਾਲਾਂਕਿ ਬਾਜ਼ਾਰ ਦੀ ਤੇਜ਼ੀ ਨੂੰ ਅਸਲ ਮਜ਼ਬੂਤੀ ਕੰਪਨੀਆਂ ਦੇ ਦੂਜੀ ਤਿਮਾਹੀ ਦੇ ਉਮੀਦ ਨਾਲੋਂ ਚੰਗੇ ਨਤੀਜਿਆਂ ਤੋਂ ਮਿਲੀ ਹੈ।

ਉਨ੍ਹਾਂ ਕਿਹਾ ਕਿ ਮੌਜੂਦਾ ਹਾਲਾਤ ਵਿੱਚ ਵਿਦੇਸ਼ੀ ਨਿਵੇਸ਼ਕਾਂ ਵੱਲੋਂ ਖਰੀਦਦਾਰੀ ਜਾਰੀ ਰਹਿਣ ਦੀ ਉਮੀਦ ਹੈ। ਇਸ ਨਾਲ ਬੈਂਕਿੰਗ, ਵਿੱਤੀ ਸੇਵਾਵਾਂ, ਦੂਰਸੰਚਾਰ, ਵਾਹਨ ਅਤੇ ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਦੇ ਸ਼ੇਅਰਾਂ ਨੂੰ ਮਜ਼ਬੂਤੀ ਮਿਲ ਸਕਦੀ ਹੈ।

ਕੱਚੇ ਤੇਲ ਦੀਆਂ ਕੀਮਤਾਂ ਘਟਣ ਨਾਲ ਭਾਰਤ ਨੂੰ ਰਾਹਤ

ਐਨਰਿਚ ਮਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਪੋਨਮੁਡੀ ਆਰ ਨੇ ਕਿਹਾ ਕਿ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਕਮੀ ਅਤੇ ਵਿਦੇਸ਼ੀ ਨਿਵੇਸ਼ਕਾਂ ਦੀ ਵਾਪਸੀ ਨਾਲ ਭਾਰਤੀ ਬਾਜ਼ਾਰ ਨੂੰ ਸਹਾਰਾ ਮਿਲ ਰਿਹਾ ਹੈ। ਅਮਰੀਕੀ ਕੱਚਾ ਤੇਲ ਡਬਲਿਊਟੀਆਈ ਕਰੀਬ 86 ਡਾਲਰ ਅਤੇ ਬ੍ਰੈਂਟ 91 ਤੋਂ 92 ਡਾਲਰ ਪ੍ਰਤੀ ਬੈਰਲ ਦੇ ਵਿਚਕਾਰ ਰਿਹਾ। ਇਸ ਨਾਲ ਊਰਜਾ ਦੀਆਂ ਉੱਚੀਆਂ ਕੀਮਤਾਂ, ਮਹਿੰਗਾਈ ਅਤੇ ਦੇਸ਼ ਦੇ ਵਿਦੇਸ਼ੀ ਵਪਾਰਕ ਸੰਤੁਲਨ ’ਤੇ ਦਬਾਅ ਘਟਣ ਦੀ ਉਮੀਦ ਹੈ।

Share: