Shahkot Road Accident: ਸੰਘਣੀ ਧੁੰਦ ਕਾਰਨ ਸੱਤ ਵਾਹਨ ਆਪਸ ’ਚ ਟਕਰਾਏ; ਇਕ ਹਲਾਕ

Shahkot Road Accident: ਸੰਘਣੀ ਧੁੰਦ ਕਾਰਨ ਸੱਤ ਵਾਹਨ ਆਪਸ ’ਚ ਟਕਰਾਏ; ਇਕ ਹਲਾਕ

ਜਲੰਧਰ (ਮਨੀਸ਼ ਰਿਹਾਨ)-  ਜਲੰਧਰ-ਮੋਗਾ ਕੌਮੀ ਮਾਰਗ ’ਤੇ ਸ਼ਾਹਕੋਟ ਨੇੜੇ ਅੱਜ ਸਵੇਰੇ ਸੰਘਣੀ ਧੁੰਦ ਕਾਰਨ ਵਾਪਰੇ ਸੜਕ ਹਾਦਸੇ ਵਿੱਚ ਇਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਕਰੀਬ 10 ਹੋਰ ਜ਼ਖ਼ਮੀ ਹੋ ਗਏ। ਹਾਦਸੇ ਦੌਰਾਨ ਅੱਧੀ ਦਰਜਨ ਤੋਂ ਵੱਧ ਵਾਹਨ ਇਕ-ਦੂਜੇ ਨਾਲ ਟਕਰਾ ਗਏ। ਮ੍ਰਿਤਕ ਦੀ ਪਛਾਣ ਡੱਬਵਾਲੀ ਵਾਸੀ ਪ੍ਰਗਟ ਸਿੰਘ ਵਜੋਂ ਹੋਈ ਹੈ।

ਜਾਣਕਾਰੀ ਅਨੁਸਾਰ ਸਵੇਰੇ ਮੋਗਾ ਤੋਂ ਜਲੰਧਰ ਵੱਲ ਜਾ ਰਿਹਾ ਇਕ ਟਿੱਪਰ ਸ਼ਾਹਕੋਟ ਦੇ ਪਹਿਲੇ ਫਲਾਈਓਵਰ ਤੋਂ ਉਤਰਦਿਆਂ ਕਿਸੇ ਵੱਡੇ ਵਾਹਨ ਨਾਲ ਟਕਰਾ ਗਿਆ ਅਤੇ ਸੜਕ ਵਿਚਕਾਰ ਖੜ੍ਹਾ ਹੋ ਗਿਆ। ਇਸੇ ਦੌਰਾਨ ਇਕ ਕਾਰ ਧੁੰਦ ਕਾਰਨ ਟਿੱਪਰ ਦੇ ਪਿਛਲੇ ਹਿੱਸੇ ਨਾਲ ਜਾ ਟਕਰਾਈ। ਇਸ ਕਾਰ ਨੂੰ ਪ੍ਰਗਟ ਸਿੰਘ ਚਲਾ ਰਿਹਾ ਸੀ। ਇਸ ਕਾਰ ਵਿੱਚ ਚਾਰ ਜਣੇ ਹੋਰ ਵੀ ਸਵਾਰ ਸਨ। ਇਹ ਸਾਰੇ ਮੁਲਾਜ਼ਮ ਦੱਸੇ ਜਾਂਦੇ ਹਨ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਅਤੇ ਚਾਲਕ ਅੰਦਰ ਫਸ ਗਿਆ। ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਬਾਕੀ ਸਵਾਰ ਗੰਭੀਰ ਜ਼ਖ਼ਮੀ ਹੋ ਗਏ।

ਕਾਰ ਵੀ ਟਿੱਪਰ ਨਾਲ ਟਕਰਾਈ

ਇਸੇ ਦੌਰਾਨ ਇਕ ਹੋਰ ਆਲਟੋ ਕਾਰ ਵੀ ਟਿੱਪਰ ਨਾਲ ਟਕਰਾ ਗਈ। ਇਸ ਹਾਦਸੇ ਵਿੱਚ ਪਰਿਵਾਰ ਦੇ ਸਾਰੇ ਪੰਜ ਮੈਂਬਰ ਜ਼ਖ਼ਮੀ ਹੋ ਗਏ। ਇਕ ਹੋਰ ਆਲਟੋ ਕਾਰ ਵੀ ਹਾਦਸਾਗ੍ਰਸਤ ਵਾਹਨਾਂ ਨਾਲ ਟਕਰਾ ਕੇ ਪਲਟ ਗਈ। ਇਸ ਵਿਚ ਸਵਾਰ ਦੋ ਜਣੇ ਜ਼ਖ਼ਮੀ ਹੋ ਗਏ। ਇਸ ਤੋਂ ਇਲਾਵਾ ਹੋਰ ਵਾਹਨ ਵੀ ਨੁਕਸਾਨੇ ਗਏ।

ਡੇਢ ਘੰਟੇ ਬਾਅਦ ਸ਼ੁਰੂ ਹੋਇਆ ਇਲਾਜ

ਸੂਚਨਾ ਮਿਲਣ ’ਤੇ 108 ਐਂਬੂਲੈਂਸ ਦੇ ਚਾਲਕ ਨੇ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਸ਼ਾਹਕੋਟ ਪਹੁੰਚਾਇਆ। ਹਸਪਤਾਲ ਦੇ ਮੁਲਾਜ਼ਮਾਂ ਨੇ ਮੁੱਢਲੀ ਸਹਾਇਤਾ ਦਿੱਤੀ। ਗੰਭੀਰ ਜ਼ਖ਼ਮੀਆਂ ਵਿੱਚੋਂ ਕੁਝ ਨੂੰ ਹੋਰ ਹਸਪਤਾਲਾਂ ਵਿੱਚ ਰੈਫਰ ਕਰ ਦਿੱਤਾ ਗਿਆ।

ਮੌਕੇ ’ਤੇ ਪੁੱਜੀ ਪੁਲੀਸ ਅਤੇ ਸੜਕ ਸੁਰੱਖਿਆ ਫੋਰਸ ਨੇ ਕਾਰਵਾਈ ਸ਼ੁਰੂ ਕੀਤੀ। ਮ੍ਰਿਤਕ ਦੀ ਦੇਹ ਪੋਸਟਮਾਰਟਮ ਲਈ ਸਿਵਲ ਹਸਪਤਾਲ ਨਕੋਦਰ ਭੇਜ ਦਿੱਤੀ ਗਈ। ਪੁਲੀਸ ਵੱਲੋਂ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ। ਟਿੱਪਰ ਚਾਲਕ ਦੀ ਭਾਲ ਵੀ ਕੀਤੀ ਜਾ ਰਹੀ ਹੈ।

Share: