‘PM Modi ਆਹਮੋ-ਸਾਹਮਣੇ ਆਉਣ ’ਤੇ ਅੱਖਾਂ ਮਿਲਾਉਣ ਤੋਂ ਬਚਦੇ ਹਨ’: ਸੋਨੀਆ ਗਾਂਧੀ

‘PM Modi ਆਹਮੋ-ਸਾਹਮਣੇ ਆਉਣ ’ਤੇ ਅੱਖਾਂ ਮਿਲਾਉਣ ਤੋਂ ਬਚਦੇ ਹਨ’: ਸੋਨੀਆ ਗਾਂਧੀ

ਨਵੀਂ ਦਿੱਲੀ : ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਨੇ ਆਪਣੀ ਨਵੀਂ ਸਵੈ-ਜੀਵਨੀ ‘ਬਲੌਂਗਿੰਗ: ਅ ਜਰਨੀ ਆਫ਼ ਲਵ’\B ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਆਪਣੇ ਸਬੰਧਾਂ ਅਤੇ ਦੋਵਾਂ ਦੀਆਂ ਵੱਖ-ਵੱਖ ਵਿਚਾਰਧਾਰਾਵਾਂ ਬਾਰੇ ਵੱਡੇ ਖ਼ੁਲਾਸੇ ਕੀਤੇ ਹਨ। ਮੰਗਲਵਾਰ ਨੂੰ ਬਾਜ਼ਾਰ ਵਿੱਚ ਆਈ ਹਾਰਪਰਕਾਲਿਨਜ਼ ਇੰਡੀਆ ਵੱਲੋਂ ਪ੍ਰਕਾਸ਼ਿਤ ਇਸ ਕਿਤਾਬ ਵਿੱਚ ਸੋਨੀਆ ਗਾਂਧੀ ਨੇ ਲਿਖਿਆ ਹੈ ਕਿ ਪ੍ਰਧਾਨ ਮੰਤਰੀ ਮੋਦੀ ਭਾਰਤ ਬਾਰੇ ਆਪਣੀ ਸੋਚ ਲਈ ਲੜ ਰਹੇ ਹਨ ਅਤੇ ਉਹ ਆਪਣੇ ਦ੍ਰਿਸ਼ਟੀਕੋਣ ਲਈ। ਸੋਨੀਆ ਗਾਂਧੀ ਅਨੁਸਾਰ, ਪ੍ਰਧਾਨ ਮੰਤਰੀ ਵਜੋਂ ਮੋਦੀ ਦੇ 12 ਸਾਲਾਂ ਤੋਂ ਵੱਧ ਦੇ ਤੀਜੇ ਕਾਰਜਕਾਲ ਦੌਰਾਨ ਵੀ ਉਨ੍ਹਾਂ ਦਾ ਆਪਸ ਵਿੱਚ “ਕੋਈ ਅਸਲ ਰਾਬਤਾ” ਨਹੀਂ ਰਿਹਾ। ਉਹ ਸੰਸਦੀ ਸੈਸ਼ਨਾਂ ਦੇ ਅੰਤ ਵਿੱਚ ਸਪੀਕਰ ਦੇ ਚੈਂਬਰ ਵਰਗੀਆਂ ਅੱਧ-ਸਰਕਾਰੀ ਬੈਠਕਾਂ ਵਿੱਚ ਮਿਲਦੇ ਹਨ, ਪਰ ਆਹਮੋ-ਸਾਹਮਣੇ ਹੋਣ ’ਤੇ ਮੋਦੀ ਸਿਰਫ਼ ਰਸਮੀ ‘ਨਮਸਤੇ’ ਕਰਦੇ ਹਨ ਅਤੇ ਅੱਖਾਂ ਮਿਲਾਉਣ ਤੋਂ ਬਚਦੇ ਹੋਏ ਪਰ੍ਹੇ ਵੇਖਣ ਲੱਗਦੇ ਹਨ। ਉਨ੍ਹਾਂ ਕਿਹਾ ਕਿ ਇਹ ਅਤੀਤ ਦੇ ਆਗੂਆਂ ਨਾਲੋਂ ਵੱਖਰਾ ਹੈ, ਜੋ ਵੱਖ-ਵੱਖ ਪਾਰਟੀਆਂ ਦੇ ਹੋਣ ਦੇ ਬਾਵਜੂਦ ਸੁਖਾਵੇਂ ਸਬੰਧ ਰੱਖਦੇ ਸਨ। ਹਸਪਤਾਲ ਤੋਂ ਵਾਪਸੀ ਸਮੇਂ ਮੋਦੀ ਵੱਲੋਂ ਹਾਲ-ਚਾਲ ਪੁੱਛਣ ਅਤੇ ਜਨਮਦਿਨ ਤੇ ਨਵੇਂ ਸਾਲ ਦੀਆਂ ਸ਼ੁਭਕਾਮਨਾਵਾਂ ਤੋਂ ਇਲਾਵਾ ਉਨ੍ਹਾਂ ਵਿਚਕਾਰ ਕਦੇ ਕੋਈ ਵਿਸਥਾਰਤ ਗੱਲਬਾਤ ਨਹੀਂ ਹੋਈ। ਕਿਤਾਬ ਵਿੱਚ ਸੋਨੀਆ ਗਾਂਧੀ ਨੇ ਲਿਖਿਆ ਕਿ ਮੋਦੀ ਆਰਐੱਸਐੱਸ (RSS) ਦੇ ਵਿਚਾਰਧਾਰਕਾਂ ਅਤੇ ਆਪਣੇ ਪਾਲਣ-ਪੋਸ਼ਣ ਤੋਂ ਤਿਆਰ ਹੋਏ ਅਜਿਹੇ ਦ੍ਰਿਸ਼ਟੀਕੋਣ ਦੀ ਨੁਮਾਇੰਦਗੀ ਕਰਦੇ ਹਨ, ਜਿਸ ਵਿੱਚ ਉਨ੍ਹਾਂ ਦਾ ਧਰਮ ਅਤੇ ਸੱਭਿਆਚਾਰ ਬਾਕੀ ਸਾਰਿਆਂ ਨਾਲੋਂ ਉੱਪਰ ਹੈ ਅਤੇ ਜਿੱਥੇ ਲੜੀਵਾਰ ਢਾਂਚਾ (Hierarchy) ਤੇ ਨਿਯੰਤਰਣ ਕੇਂਦਰੀ ਹਨ। ਇਸ ਦੇ ਉਲਟ, ਉਨ੍ਹਾਂ ਦਾ ਆਪਣਾ ਦ੍ਰਿਸ਼ਟੀਕੋਣ ਪਰਿਵਾਰ ਦੇ ਦੇਸ਼-ਸਮਰਪਣ ਅਤੇ ਬਹੁ-ਸੱਭਿਆਚਾਰਕ, ਧਰਮ ਨਿਰਪੱਖ ਤੇ ਸਮਾਜਿਕ ਨਿਆਂ ਵਾਲੇ ਭਾਰਤ ਵਿੱਚ ਵਿਸ਼ਵਾਸ ’ਤੇ ਅਧਾਰਤ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਇਹ ਕੋਈ ਨਿੱਜੀ ਲੜਾਈ ਨਹੀਂ ਸੀ, ਸਗੋਂ ਭਾਰਤ ਦੇ ਭਵਿੱਖ ਨਾਲ ਜੁੜੀਆਂ ਦੋ ਵੱਖ-ਵੱਖ ਵਿਚਾਰਧਾਰਾਵਾਂ ਦੀ ਲੜਾਈ ਸੀ।

Share: