ਵੈਨਕੂਵਰ : ਸਰੀ ਪੁਲੀਸ ਨੇ 18 ਸਾਲਾਂ ਦੇ ਪੰਜਾਬੀ ਮੁੰਡੇ ਨੂੰ ਨਾਜਾਇਜ਼ ਪਿਸਤੌਲ ਸਮੇਤ ਗ੍ਰਿਫ਼ਤਾਰ ਕੀਤਾ ਹੈ, ਜਿਸ ਨੇ ਪੁਲੀਸ ਨਾਕੇ ਦੀ ਪਰਵਾਹ ਕੀਤੇ ਬਗੈਰ ਕਾਰ ਭਜਾਉਣ ਦੀ ਕੋਸ਼ਿਸ਼ ਕੀਤੀ ਸੀ। ਉਸ ਦੀ ਪਛਾਣ ਸਰੀ ਦੇ ਰਹਿਣ ਵਾਲੇ ਪਰਮਵੀਰ ਸਿੰਘ ਦਿਓਲ ਵਜੋਂ ਕੀਤੀ ਗਈ ਹੈ, ਜਿਸ ਤੋਂ 9 ਐੱਮਐੱਮ ਦਾ ਨਾਜਾਇਜ਼ ਪਿਸਤੌਲ ਬਰਾਮਦ ਕੀਤਾ ਗਿਆ। ਸਰੀ ਪੁਲੀਸ ਦੇ ਬੁਲਾਰੇ ਸਰਜੈਂਟ ਅਲੀ ਗੈਲਸ ਨੇ ਦੱਸਿਆ ਕਿ ਦੀਵਾਲੀ ਦੀ ਰਾਤ ਜਦ ਪੁਲੀਸ ਪਾਰਟੀ ਨਸ਼ਾ ਕਰ ਕੇ ਵਾਹਨ ਚਲਾਉਣ ਵਾਲਿਆਂ ਦੀ ਜਾਂਚ ਕਰ ਰਹੀ ਸੀ, ਤਾਂ ਤੇਜ਼ ਰਫ਼ਤਾਰ ਚਿੱਟੇ ਰੰਗ ਦੀ ਪੋਰਸ਼ ਕਾਰ ਨੂੰ ਰੁਕਣ ਦਾ ਇਸ਼ਾਰਾ ਕਰਨ ’ਤੇ ਉਸ ਨੇ ਰੁਕਣ ਦੀ ਥਾਂ ਕਾਰ ਹੋਰ ਤੇਜ਼ ਕਰ ਲਈ। ਪਰ ਪੁਲੀਸ ਵੱਲੋਂ ਥੋੜ੍ਹੀ ਦੂਰੀ ’ਤੇ ਉਸ ਨੂੰ ਰੋਕ ਲਿਆ ਗਿਆ। ਜਦ ਕਾਰ ਦੀ ਤਲਾਸ਼ੀ ਲਈ ਗਈ ਤਾਂ ਉਸ ਵਿੱਚੋਂ 9 ਐੱਮਐੱਮ ਦਾ ਨਾਜਾਇਜ਼ ਪਿਸਤੌਲ ਬਰਾਮਦ ਹੋਇਆ। ਉਸ ਨੂੰ ਗ੍ਰਿਫ਼ਤਾਰ ਕਰ ਕੇ ਵੱਖ-ਵੱਖ ਜੁਰਮਾਂ ਦੀਆਂ 8 ਧਾਰਾਵਾਂ ਲਗਾਈਆਂ ਗਈਆਂ ਹਨ। ਅਗਲੇ ਹਫ਼ਤੇ ਉਸ ਨੂੰ ਅਦਾਲਤ ਵਿੱਚ ਜੱਜ ਸਾਹਮਣੇ ਪੇਸ਼ ਕੀਤਾ ਜਾਵੇਗਾ।
Posted inCanada
ਪੁਲੀਸ ਨਾਕਾ ਤੋੜ ਕੇ ਭੱਜਣ ਵਾਲਾ 18 ਸਾਲਾ ਪੰਜਾਬੀ ਮੁੰਡਾ ਪਿਸਤੌਲ ਸਮੇਤ ਗ੍ਰਿਫ਼ਤਾਰ

