ਪਟਿਆਲਾ : ਪੰਜਾਬ ਨੇ ਇਹ ਜਾਂਚਣ ਲਈ ਖੇਤਰੀ ਪ੍ਰਯੋਗ (ਫੀਲਡ ਟਰਾਇਲ) ਸ਼ੁਰੂ ਕੀਤੇ ਹਨ ਕਿ ਕੀ ਯੂਰੀਆ ਖਾਦ ਦੇ ਵਿਕਲਪ ਵਜੋਂ ਗ੍ਰੀਨ ਅਮੋਨੀਆ ਦੀ ਵਰਤੋਂ ਕੀਤੀ ਜਾ ਸਕਦੀ ਹੈ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (PAU), ਲੁਧਿਆਣਾ ਦੇ ਕ੍ਰਿਸ਼ੀ ਵਿਗਿਆਨ ਕੇਂਦਰ (KVK), ਸੰਗਰੂਰ ਵੱਲੋਂ ਆਪਣੇ ਚੱਲ ਰਹੇ ‘ਖੇਤ ਬਚਾਓ ਅਭਿਆਨ’ ਤਹਿਤ ਕਣਕ ਵਿੱਚ ਯੂਰੀਆ ਖਾਦ ਦੇ ਬਦਲ ਵਜੋਂ ਗ੍ਰੀਨ ਅਮੋਨੀਆ ਦੀ ਸਮਰੱਥਾ ਦਾ ਮੁਲਾਂਕਣ ਕਰਨ ਲਈ ਖੇਤਰੀ ਪ੍ਰਯੋਗ ਕੀਤੇ ਜਾ ਰਹੇ ਹਨ। ‘ਦਿ ਟ੍ਰਿਬਿਊਨ’ ਨਾਲ ਗੱਲਬਾਤ ਕਰਦਿਆਂ ਪੀਏਯੂ-ਕੇਵੀਕੇ, ਸੰਗਰੂਰ ਦੇ ਇੰਚਾਰਜ ਡਾ. ਮਨਦੀਪ ਸਿੰਘ ਨੇ ਦੱਸਿਆ ਕਿ ਸੰਗਰੂਰ ਜ਼ਿਲ੍ਹੇ ਵਿੱਚ ਇਹ ਮੁਲਾਂਕਣ ਵਿਸ਼ੇਸ਼ ਤੌਰ ’ਤੇ ‘ਆਨ-ਫਾਰਮ ਟੈਸਟਿੰਗ’ (OFT) ਰਾਹੀਂ ਕੀਤਾ ਜਾ ਰਿਹਾ ਹੈ। ਇਹ ਪ੍ਰਯੋਗ ਆਈਸੀਏਆਰ-ਐਗਰੀਕਲਚਰਲ ਤਕਨਾਲੋਜੀ ਐਪਲੀਕੇਸ਼ਨ ਰਿਸਰਚ ਇੰਸਟੀਚਿਊਟ (ICAR-ATARI), ਜ਼ੋਨ 1, ਲੁਧਿਆਣਾ ਅਤੇ ਪੀਏਯੂ-ਕੇਵੀਕੇ, ਸੰਗਰੂਰ ਦਾ ਇੱਕ ਸਾਂਝਾ ਉੱਦਮ ਹੈ।
ਡਾ. ਸਿੰਘ ਨੇ ਦੱਸਿਆ ਕਿ ਇਹ ਪ੍ਰਯੋਗ ਇਸ ਗੱਲ ਦਾ ਮੁਲਾਂਕਣ ਕਰਨਗੇ ਕਿ ਗ੍ਰੀਨ ਅਮੋਨੀਆ ਕਣਕ ਨੂੰ ਕਿੰਨੇ ਪ੍ਰਭਾਵਸ਼ਾਲੀ ਢੰਗ ਨਾਲ ਨਾਈਟ੍ਰੋਜਨ ਦੀ ਪੂਰਤੀ ਕਰਦਾ ਹੈ ਅਤੇ ਫੀਲਡ ਸਥਿਤੀਆਂ ਵਿੱਚ ਇਸ ਦੀ ਵਰਤੋਂ ਫਸਲ ਦੇ ਵਾਧੇ ਤੇ ਝਾੜ ’ਤੇ ਕੀ ਅਸਰ ਪਾਉਂਦੀ ਹੈ। ਉਨ੍ਹਾਂ ਸਪੱਸ਼ਟ ਕੀਤਾ, “ਕੋਈ ਵੀ ਸਿਫ਼ਾਰਸ਼ ਕਰਨ ’ਤੇ ਵਿਚਾਰ ਕਰਨ ਤੋਂ ਪਹਿਲਾਂ ਇਹ ਨਤੀਜੇ ਇਹ ਨਿਰਧਾਰਤ ਕਰਨ ਵਿੱਚ ਮਦਦ ਕਰਨਗੇ ਕਿ ਕੀ ਗ੍ਰੀਨ ਅਮੋਨੀਆ ਕਣਕ ਵਿੱਚ ਵਰਤੋਂ ਲਈ ਢੁਕਵਾਂ ਹੈ ਜਾਂ ਨਹੀਂ।”
ਹਾਲਾਂਕਿ ਡਾ. ਸਿੰਘ ਨੇ ਇਹ ਸਾਫ਼ ਕੀਤਾ ਕਿ “ਪੀਏਯੂ (PAU) ਨੇ ਕਣਕ ਵਿੱਚ ਗ੍ਰੀਨ ਅਮੋਨੀਆ ਦੀ ਵਰਤੋਂ ਦੀ ਸਿਫ਼ਾਰਸ਼ ਨਹੀਂ ਕੀਤੀ ਹੈ।” ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਕਣਕ ਵਿੱਚ ਨਾਈਟ੍ਰੋਜਨ ਪ੍ਰਬੰਧਨ ਲਈ ਯੂਨੀਵਰਸਿਟੀ ਦੀਆਂ ਮੌਜੂਦਾ ਸਿਫ਼ਾਰਸ਼ਾਂ ਦਾ ਹੀ ਪਾਲਣ ਕਰਨ ਅਤੇ ਇਸ ਪੜਾਅ ’ਤੇ ਯੂਰੀਆ ਦੇ ਬਦਲ ਵਜੋਂ ਗ੍ਰੀਨ ਅਮੋਨੀਆ ਦੀ ਵਰਤੋਂ ਕਰਨ ਤੋਂ ਗੁਰੇਜ਼ ਕਰਨ।
ਇਹ ਖੇਤਰੀ ਪ੍ਰਯੋਗ ਪੰਜਾਬ ਵਰਗੇ ਸੂਬੇ ਲਈ ਬਹੁਤ ਮਹੱਤਵਪੂਰਨ ਹਨ ਜੋ ਯੂਰੀਆ ਦੀ ਘਾਟ ਦਾ ਸਾਹਮਣਾ ਕਰਦਾ ਹੈ, ਜੋ ਕਿ ਹਰ ਸੀਜ਼ਨ ਵਿੱਚ ਪੰਜਾਬ ਵਿੱਚ 35 ਲੱਖ ਹੈਕਟੇਅਰ ਵਿੱਚ ਬੀਜੀ ਜਾਣ ਵਾਲੀ ਕਣਕ ’ਤੇ ਵਰਤਿਆ ਜਾਂਦਾ ਹੈ। ਜਾਣਕਾਰੀ ਅਨੁਸਾਰ, ਪੰਜਾਬ ਨੂੰ ਹਾੜੀ ਦੇ ਮੰਡੀਕਰਨ ਸੀਜ਼ਨ ਲਈ 5 ਲੱਖ ਮੀਟਰਿਕ ਟਨ (LMT) ਯੂਰੀਆ ਦੀ ਲੋੜ ਹੁੰਦੀ ਹੈ ਅਤੇ ਦਸੰਬਰ ਤੇ ਜਨਵਰੀ ਦੇ ਆਸ-ਪਾਸ ਸਪਲਾਈ ਬਹਾਲ ਹੋਣ ਤੋਂ ਪਹਿਲਾਂ ਸ਼ੁਰੂ ਵਿੱਚ ਆਮ ਤੌਰ ’ਤੇ ਲਗਪਗ 1.25 ਲੱਖ ਮੀਟਰਿਕ ਟਨ ਦੀ ਘਾਟ ਦਾ ਸਾਹਮਣਾ ਕਰਨਾ ਪੈਂਦਾ ਹੈ। ਕੇਂਦਰ ਸਰਕਾਰ ਵੱਲੋਂ ਅਲਾਟਮੈਂਟ ਮਹੀਨੇਵਾਰ ਕੀਤੀ ਜਾਂਦੀ ਹੈ।

