ਵੈਨਕੂਵਰ : ਵਿਦੇਸ਼ ਬੈਠੇ ਲੋਕਾਂ ਵੱਲੋਂ ਫ਼ੋਨ ਰਾਹੀਂ ਕੈਨੇਡਾ ਦੇ ਲੋਕਾਂ ਨੂੰ ਠੱਗਣ ਦਾ ਕੰਮ ਤਾਂ ਕਈ ਸਾਲਾਂ ਤੋਂ ਚੱਲ ਰਿਹਾ ਸੀ, ਪਰ ਹੁਣ ਕਾਰ ਗਾਹਕਾਂ ਨਾਲ ਵੀ ਠੱਗੀ ਵੱਜਣ ਲੱਗੀ ਹੈ। ਠੱਗੇ ਗਏ ਲੋਕਾਂ ਵੱਲੋਂ ਖ਼ਦਸ਼ਾ ਪ੍ਰਗਟਾਇਆ ਜਾਣ ਲੱਗਾ ਹੈ ਕਿ ਇਸ ਤਰ੍ਹਾਂ ਦੀ ਠੱਗੀ ਵਿੱਚ ਯੂਜ਼ਡ ਕਾਰਾਂ ਵੇਚਣ ਵਾਲੇ ਕੁਝ ਡੀਲਰਾਂ ਦੀ ਭਾਈਵਾਲੀ ਵੀ ਹੋ ਸਕਦੀ ਹੈ, ਜਿਸ ਦੀ ਪੜਤਾਲ ਪੁਲੀਸ ਨੂੰ ਕਰਨੀ ਚਾਹੀਦੀ ਹੈ। ਇਸ ਢੰਗ ਨਾਲ ਠੱਗੇ ਗਏ ਅੱਬੋਟਸਫੋਰਡ (Abbotsford) ਰਹਿੰਦੇ ਵਿਅਕਤੀ ਨੇ ਨਾਂ ਨਾ ਛਾਪਣ ਦੀ ਬੇਨਤੀ ’ਤੇ ਦੱਸਿਆ ਕਿ ਉਹ ਪੁਰਾਣੀ ਕਾਰ ਦੀ ਭਾਲ ਵਿੱਚ ਸੀ। ਸਤੰਬਰ ਦੇ ਤੀਜੇ ਹਫ਼ਤੇ ਉਸ ਨੇ ਮਾਰਕੀਟ ਪਲੇਸ ਉੱਤੇ ਜੀਪ ਕੰਪਨੀ ਦੀ 2019 ਮਾਡਲ ਕਾਰ ਦਾ ਇਸ਼ਤਿਹਾਰ ਵੇਖ ਕੇ ਵੇਚਣ ਵਾਲੇ ਨਾਲ ਸੰਪਰਕ ਕੀਤਾ। ਕਾਰ ਪਸੰਦ ਆਈ ਤਾਂ ਉਸ ਨੇ ਕਾਗਜ਼ਾਤ ਅਤੇ ਮਾਲਕੀ ਚੈੱਕ ਕਰਵਾਈ, ਜਿਸ ਨੂੰ ਆਈਸੀਬੀਸੀ (ICBC) ਨੇ ਸਹੀ ਦੱਸਿਆ। ਤਸੱਲੀ ਹੋਣ ’ਤੇ ਉਸ ਨੇ ਵੇਚਣ ਵਾਲੇ ਨੂੰ ਅਦਾਇਗੀ ਕਰ ਕੇ ਉਸ ਤੋਂ ਵਿਕਰੀ ਪੱਤਰ ਲੈ ਲਿਆ ਅਤੇ ਆਈਸੀਬੀਸੀ ਡੀਲਰ ਕੋਲ ਜਾ ਕੇ ਮਾਲਕੀ ਆਪਣੇ ਨਾਂ ਬਦਲਵਾ ਕੇ ਪਲੇਟਾਂ ਲੈ ਲਈਆਂ। ਉਸ ਦੀ ਪਤਨੀ ਕਰੀਬ ਇੱਕ ਮਹੀਨਾ ਕਾਰ ਚਲਾਉਂਦੀ ਰਹੀ। ਪਰ ਉਸ ਨੂੰ ਉਸ ਵੇਲੇ ਹੈਰਾਨੀ ਹੋਈ ਜਦੋਂ ਕੁਝ ਵਿਅਕਤੀਆਂ ਨੇ ਕਾਰ ਦਾ ਪਿੱਛਾ ਕੀਤਾ ਅਤੇ ਆਪਣੇ ਆਪ ਨੂੰ ਰਿਕਵਰੀ ਵਾਲੇ ਦੱਸ ਕੇ ਜਬਰੀ ਕਾਰ ਟੋਅ (Tow) ਕਰ ਕੇ ਲੈ ਗਏ। ਪੀੜਤ ਦੀ ਪਤਨੀ ਨੇ ਪੁਲੀਸ ਨੂੰ ਫ਼ੋਨ ਕੀਤਾ, ਪਰ ਤਦ ਤੱਕ ਉਹ ਕਾਰ ਲਿਜਾ ਚੁੱਕੇ ਸਨ। ਬਾਅਦ ਵਿੱਚ ਸਰੀ ਦੀ 80 ਐਵੇਨਿਊ ਤੋਂ ਯੂਜ਼ਡ ਕਾਰ ਡੀਲਰ ਦਾ ਫ਼ੋਨ ਆਇਆ ਕਿ ਕਾਰ ਉੱਤੇ ਉਸ ਦੀ ਲੀਅਨ (Lien) ਸੀ, ਇਸ ਲਈ ਉਸ ਨੇ ਵਾਪਸ ਲਿਆਂਦੀ ਹੈ।
ਪੀੜਤ ਦਾ ਕਹਿਣਾ ਹੈ ਕਿ ਕਾਰ ਤਾਂ ਵੇਚਣ ਵਾਲੇ ਦੇ ਨਾਂ ਸੀ, ਜਿਸ ਤੋਂ ਉਸ ਨੇ ਖ਼ਰੀਦੀ। ਉਸ ਨੇ ਸਵਾਲ ਕੀਤਾ ਕਿ ਜੇਕਰ ਲੀਅਨ ਹੁੰਦੀ ਤਾਂ ਆਈਸੀਬੀਸੀ ਮਾਲਕੀ ਤਬਦੀਲ ਕਿਵੇਂ ਕਰ ਸਕਦੀ ਸੀ? ਡੀਲਰ ਨੇ ਕਿਹਾ ਕਿ ਕਾਰ ਉਸ ਤੋਂ ਜਿਸ ਨੇ ਖ਼ਰੀਦੀ ਸੀ, ਉਸ ਨੇ ਕ੍ਰੈਡਿਟ ਕਾਰਡ ਤੋਂ ਅਦਾਇਗੀ ਕੀਤੀ ਸੀ, ਪਰ ਬਾਅਦ ਵਿੱਚ ਕ੍ਰੈਡਿਟ ਡਿਸਪਿਊਟ ਪਾਉਣ ਕਰ ਕੇ ਉਸ ਨੂੰ ਪੈਸੇ ਨਾ ਮਿਲੇ ਤਾਂ ਲੀਅਨ ਪਾਈ ਗਈ।
ਪੀੜਤ ਨੇ ਬਹੁਤ ਸਮਝਾਇਆ ਕਿ ਜੇਕਰ ਸੱਚਮੁੱਚ ਅਜਿਹਾ ਹੋਇਆ ਹੈ ਤਾਂ ਠੱਗੀ ਉਸ (ਡੀਲਰ) ਨਾਲ ਵੱਜੀ ਹੈ, ਉਹ ਆਪਣੇ ਖ਼ਰੀਦਦਾਰ ਖ਼ਿਲਾਫ਼ ਕੇਸ ਕਰੇ, ਪਰ ਡੀਲਰ ਨੇ ਇੱਕ ਨਾ ਸੁਣੀ ਅਤੇ ਹੁਣ ਤੱਕ ਕਾਰ ਨਾਜਾਇਜ਼ ਤੌਰ ’ਤੇ ਆਪਣੇ ਕਬਜ਼ੇ ਵਿੱਚ ਰੱਖੀ ਬੈਠਾ ਹੈ। ਉਸ ਨੇ ਖ਼ਦਸ਼ਾ ਪ੍ਰਗਟਾਇਆ ਕਿ ਠੱਗੀ ਦੀ ਘਾੜਤ ਵਿੱਚ ਡੀਲਰ ਦਾ ਵੀ ਹੱਥ ਹੋ ਸਕਦਾ ਹੈ, ਜਿਸ ਦੀ ਪੁਲੀਸ ਨੂੰ ਜਾਂਚ ਕਰਨੀ ਚਾਹੀਦੀ ਹੈ। ਉਸ ਨੇ ਕਿਹਾ ਕਿ ਇਸੇ ਤਰਾਂ ਹੁੰਦਾ ਰਿਹਾ ਤਾਂ ਲੋਕਾਂ ਦਾ ਤਾਂ ਡੀਲਰਾਂ ਤੋਂ ਵਿਸ਼ਵਾਸ ਹੀ ਉੱਠ ਜਾਵੇਗਾ।

