Canada ’ਚ ਪੰਜਾਬੀ ਨੌਜਵਾਨ ਸੁਨਹਿਰੀ ਭਵਿੱਖ ਦੀ ਧੁੰਦਲੀ ਤਸਵੀਰ ਕਾਰਨ ਖ਼ੁਦਕੁਸ਼ੀਆਂ ਦੇ ਰਾਹ ਪੈਣ ਲਈ ਮਜਬੂਰ

Canada ’ਚ ਪੰਜਾਬੀ ਨੌਜਵਾਨ ਸੁਨਹਿਰੀ ਭਵਿੱਖ ਦੀ ਧੁੰਦਲੀ ਤਸਵੀਰ ਕਾਰਨ ਖ਼ੁਦਕੁਸ਼ੀਆਂ ਦੇ ਰਾਹ ਪੈਣ ਲਈ ਮਜਬੂਰ

ਵੈਨਕੂਵਰ : ਸੁਨਹਿਰੇ ਭਵਿੱਖ ਦੀ ਭਾਲ ਵਿੱਚ ਸੁਫ਼ਨੇ ਲੈ ਕੇ ਕੈਨੇਡਾ ਆਏ ਪੰਜਾਬੀ ਨੌਜਵਾਨਾਂ ਵਿੱਚੋਂ ਕਈਆਂ ਨੂੰ ਭਵਿੱਖ ਦਾ ਹਨੇਰਾ ਖੁਦਕੁਸ਼ੀਆਂ ਦੇ ਰਾਹ ਪੈਣ ਲਈ ਮਜਬੂਰ ਕਰਨ ਲੱਗਿਆ ਹੈ। ਇਸ ਰੁਝਾਨ ਦੇ ਕਾਰਨਾਂ ’ਚ ਕੈਨੇਡਾ ਦੇ ਅਵਾਸ ਵਿਭਾਗ ਦੀਆਂ ਨੀਤੀਆਂ ਅਤੇ ਸਖਤੀਆਂ ਦਾ ਵੀ ਯੋਗਦਾਨ ਹੈ। ਜਿਸ ਦੇ ਚਲਦਿਆਂ ਨਵੰਬਰ ਦੇ ਪਹਿਲੇ ਚਾਰ ਦਿਨਾਂ ’ਚ ਦੋ ਨੌਜਵਾਨਾਂ ਵੱਲੋਂ ਖ਼ੁਦਕੁਸ਼ੀ ਦੇ ਯਤਨ ਕਰਨ ਦੀ ਘਟਨਾ ਸਾਹਮਣੇ ਆਈ ਹੈ।  ਹਾਲ ਹੀ ਵਿੱਚ ਬਰੈਂਪਟਨ ਰਹਿੰਦੇ 24 ਸਾਲਾਂ ਦੇ ਨੌਜਵਾਨ ਸਿਮਰਜੀਤ ਸਿੰਘ ਨੇ ਰੇਲ ਗੱਡੀ ਹੇਠ ਆ ਕੇ ਜਾਨ ਦਿੱਤੀ ਤੇ ਉਸ ਤੋਂ ਅਗਲੇ ਦਿਨ ਸਰੀ ਦੇ ਉੱਤਰੀ ਪਾਸੇ ਇੱਕ ਨੌਜਵਾਨ ਵੱਲੋਂ ਗੋਲੀ ਮਾਰਕੇ ਆਪਣੀ ਜਾਨ ਲੈਣ ਦਾ ਕੀਤਾ ਗਿਆ, ਜਿਸ ਕਾਰਨ ਗੰਭੀਰ ਜ਼ਖ਼ਮੀ ਹੋਣ ਤੋਂ ਬਾਅਦ ਹਸਪਤਾਲ ਵਿੱਚ ਇਲਾਜ ਅਧੀਨ ਹੈ। ਜਾਣਕਾਰੀ ਅਨੁਸਾਰ ਸਿਮਰਜੀਤ ਸਿੰਘ ਨੇ ਪੱਕੇ ਹੋਣ ਦੇ ਕਈ ਯਤਨ ਕੀਤੇ। ਉਸ ਨੇ ਟਰੱਕ ਕੰਪਨੀ ਤੋਂ ਕਥਿਤ ਐੱਲ ਐੱਮ ਆਈ ਏ (ਲੇਬਰ ਮਾਰਕੀਟ ਇੰਟਰਨੈਸ਼ਨਲ ਇੰਪੈਕਟ) ਲਈ 60-70 ਹਜਾਰ ਡਾਲਰ ਵੀ ਦਿੱਤੇ ਪਰ ਕੋਈ ਫਾਇਦਾ ਨਾ ਹੋਇਆ, ਕਿਉਂਕਿ ਉਸਦੀ ਫਾਈਲ ਲੱਗਣ ਤੱਕ ਟਰੱਕ ਕੰਪਨੀ ਦੇ ਮਾਲਕ ਨੇ ਕੰਪਨੀ ਦਿਵਾਲੀਆ ਕਰਾਰ ਦੇ ਦਿੱਤੀ ਸੀ। ਉਸਨੇ ਸਿਮਰਜੀਤ ਤੋਂ ਲਏ ਪੈਸੇ ਮੋੜਨ ਤੋਂ ਇਨਕਾਰ ਕਰ ਦਿੱਤਾ। ਬੇਸ਼ੱਕ ਰੁਜਗਾਰ ਦਾਤਿਆਂ ਵਲੋਂ ਵਿਦੇਸ਼ਾਂ ਤੋਂ ਕਾਮੇ ਸੱਦਣ ਲਈ ਸਰਕਾਰ ਵਲੋਂ ਐਲ ਐਮ ਆਈ ਏ ਮੁਫਤ ਸੀ, ਪਰ ਨੌਕਰੀ ਦੇਣ ਵਾਲਿਆਂ ਨੇ ਪੱਕੇ ਕਰਾਉਣ ਦੀ ਆੜ ਹੇਠ ਇਸਨੂੰ ਧੰਦਾ ਬਣਾ ਲਿਆ ਸੀ। ਸ਼ਿਕਾਇਤਾਂ ਮਿਲਣ ਤੇ ਸਰਕਾਰ ਨੇ ਪਿਛਲੇ ਸਾਲ ਇਸਨੂੰ ਬੰਦ ਕਰ ਦਿੱਤਾ ਸੀ। ਪੀ ਆਰ (ਪੱਕੇ ਹੋਣ) ਹਾਸਲ ਕਰਨ ਲਈ ਸਿਮਰਜੀਤ ਵੱਲੋਂ ਕੀਤੇ ਹੋਰ ਯਤਨ ਵੀ ਸਿਰੇ ਨਾ ਲੱਗੇ। ਹਰੇਕ ਪਾਸਿਓਂ ਨਿਰਾਸ਼ ਹੋਕੇ ਉਸਨੇ ਖੁਦਕੁਸ਼ੀ ਦਾ ਰਸਤਾ ਚੁਣਿਆ। ਦੂਜੇ ਪਾਸੇ ਸਰੀ ਵਿੱਚ ਗੋਲੀ ਨਾਲ ਜ਼ਖਮੀ ਹੋਏ ਨੌਜਵਾਨ ਦੀ ਪਛਾਣ ਅਜੇ ਪੁਲੀਸ ਨੇ ਜਨਤਕ ਨਹੀਂ ਕੀਤੀ। ਪਰ ਦੱਸਿਆ ਹੈ ਕਿ ਗੋਲੀਬਾਰੀ ਦੀ ਘਟਨਾ ਦੀ ਜਾਂਚ ਦੌਰਾਨ ਮੁਢਲੇ ਸੰਕੇਤ ਸ਼ੱਕੀ ਹਨ, ਜਿਸਦਾ ਪਤਾ ਜ਼ਖ਼ਮੀ ਨੂੰ ਹੋਸ਼ ਆਉਣ ਤੋਂ ਬਾਦ ਲੱਗੇਗਾ। ਜਾਣਕਾਰਾਂ ਅਨੁਸਾਰ ਜ਼ਖ਼ਮੀ ਨੌਜਵਾਨ ਕਰਜਈ ਹੋਣ ਕਰਕੇ ਪਰੇਸ਼ਾਨ ਸੀ। ਬੀਤੇ ਸਮੇਂ ਦੌਰਾਨ ਇਸ ਤਰ੍ਹਾਂ ਦੀਆਂ ਹੋਰ ਵੀ ਘਟਨਾਵਾਂ ਵਾਪਰੀਆਂ ਹਨ। ਅੰਦਾਜ਼ੇ ਅਨੁਸਾਰ ਇਸ ਵੇਲੇ ਦੋ ਢਾਈ ਲੱਖ ਪੰਜਾਬੀ ਨੌਜਵਾਨ ਗੈਰਕਨੂੰਨੀ ਢੰਗ ਨਾਲ ਕੈਨੇਡਾ ਰਹਿ ਰਹੇ ਹਨ, ਜਿੰਨਾਂ ਚੋਂ ਬਹੁਤਿਆਂ ਦੇ ਵਰਕ ਪਰਮਿਟ ਨਵਿਆਏ ਨਹੀਂ ਗਏ ਤੇ ਕਈ ਹੋਰਨਾਂ ਦੇ ਸ਼ਰਨਾਰਥੀ ਦਾਅਵੇ ਰੱਦ ਹੋ ਗਏ ਹਨ। ਇੰਮੀਗਰੇਸ਼ਨ ਏਜੰਟਾਂ ਵਲੋਂ ਇੰਜ ਦੇ ਲੋਕਾਂ ਨੂੰ ਝੂਠੇ ਸਬਜਬਾਗ ਵਿਖਾ ਕੇ ਉਨ੍ਹਾਂ ਦਾ ਕੀਤੀ ਜਾਂਦੀ ਲੁੱਟ ਦਾ ਪਤਾ ਲੱਗਣ ਤੇ ਹੀ ਸਰਕਾਰ ਨੂੰ ਏਜੰਟਾਂ ਦੀ ਨਕੇਲ ਕਸਣ ਲਈ ਨਿਯਮ ਸਖ਼ਤ ਕਰਨੇ ਪਏ, ਜਿੰਨਾਂ ’ਚ ਏਜੰਟਾਂ ਨੂੰ ਵੱਡਾ ਜੁਰਮਾਨੇ ਤੇ ਜੇਲ੍ਹ ਦੀ ਵਿਵਸਥਾ ਕੀਤੀ ਹੈ। ਪਿਛਲੇ ਮਹੀਨਿਆਂ ਵਿੱਚ ਸਟੱਡੀ ਵੀਜੇ ਤੇ ਆਏ ਨੌਜਵਾਨਾਂ ਵਲੋਂ ਪੱਕੇ ਕਰਨ ਦੀ ਮੰਗ ਨੂੰ ਲੈਕੇ ਲਾਏ ਧਰਨਿਆਂ ਦਾ ਵੀ ਸਰਕਾਰ ਤੇ ਕੋਈ ਅਸਰ ਨਾ ਹੋਣ ਤੋਂ ਬਾਅਦ ਬਹੁਤੇ ਨੌਜਵਾਨ  ਨਿਰਾਸ਼ ਹੋਏ ਹਨ।

Share: